ਜਿਨਸੀ ਸ਼ੋਸ਼ਣ ਕੇਸ: ਹਾਈ ਕੋਰਟ ਵੱਲੋਂ ਬ੍ਰਿਜ ਭੂਸ਼ਨ ਨੂੰ ਪੱਖ ਰੱਖਣ ਲਈ ਦੋ ਹਫ਼ਤਿਆਂ ਦੀ ਮੋਹਲਤ
ਨਵੀਂ ਦਿੱਲੀ, 29 ਅਗਸਤ
ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਜਿਨਸੀ ਸ਼ੋਸ਼ਣ ਕੇਸ ਵਿਚ ਆਪਣੇ ਖਿਲਾਫ਼ ਦਰਜ ਐੱਫਆਈਆਰ ਤੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਲਈ ਆਪਣਾ ਪੱਖ ਰੱਖਣ ਲਈ ਸਮਾਂ ਦੇ ਦਿੱਤਾ ਹੈ।
ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਸਿੰਘ ਨੂੰ ਦੋੋ ਹਫ਼ਤਿਆਂ ਦਾ ਸਮਾਂ ਦਿੰਦਿਆਂ ਕੇਸ ਦੀ ਅਗਲੀ ਸੁਣਵਾਈ 26 ਸਤੰਬਰ ਲਈ ਨਿਰਧਾਰਿਤ ਕੀਤੀ ਹੈ। ਅਦਾਲਤ ਨੇ ਕਿਹਾ, ‘ਪਟੀਸ਼ਨਰ ਨੇ ਆਪਣੇ ਖ਼ਿਲਾਫ਼ ਦਰਜ ਐੱਫਆਈਆਰ ਤੇ ਚਾਰਜਸ਼ੀਟ ਰੱਦ ਕੀਤੇ ਜਾਣ ਦੀ ਮੰਗ ਬਾਰੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਸੀ। ਲਿਹਾਜ਼ਾ ਦੋ ਹਫ਼ਤਿਆਂ ਦੀ ਮੋਹਲਤ ਦਿੱਤੀ ਜਾਂਦੀ ਹੈ।’ ਉਧਰ ਪੀੜਤਾਂ ਤੇ ਸਰਕਾਰ ਵੱਲੋਂ ਪੇਸ਼ ਵਕੀਲ ਨੇ ਪਟੀਸ਼ਨ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਸੁਣਵਾਈਯੋਗ ਨਹੀਂ ਹੈ।
ਉਂਝ ਸੁਣਵਾਈ ਦੌਰਾਨ ਅਦਾਲਤ ਨੇ ਸਿੰਘ ਨੂੰ ਆਪਣੇ ਖਿਲਾਫ਼ ਆਇਦ ਦੋਸ਼ਾਂ ਨੂੰ ਚੁਣੌਤੀ ਦੇਣ ਅਤੇ ਐੱਫਆਈਆਰ ਤੇੇ ਚਾਰਜਸ਼ੀਟ ਰੱਦ ਕਰਨ ਲਈ ਇਕਹਿਰੀ ਪਟੀਸ਼ਨ ਦਾਇਰ ਕਰਨ ’ਤੇ ਉਜ਼ਰ ਜਤਾਇਆ। ਅਦਾਲਤ ਨੇ ਕਿਹਾ ਕਿ ਟਰਾਇਲ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਪਟੀਸ਼ਨਰ ਵੱਲੋਂ ਹਰੇਕ ਚੀਜ਼ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।’ -ਪੀਟੀਆਈ