ਲੱਦਾਖ ਭਵਨ ਦੇ ਬਾਹਰੋਂ ਵਾਂਗਚੁਕ ਦੇ ਕਈ ਸਾਥੀ ਹਿਰਾਸਤ ’ਚ ਲਏ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਪੁਲੀਸ ਨੇ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਲਈ 6 ਅਕਤੂਬਰ ਤੋਂ ਇੱਥੇ ਲੱਦਾਖ ਭਵਨ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੇ ਕਈ ਸਾਥੀਆਂ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ’ਚੋਂ ਇੱਕ ਪ੍ਰਦਰਸ਼ਨਕਾਰੀ ਅਨੁਸਾਰ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੂੰ ਮੰਦਰ ਮਾਰਗ ਥਾਣੇ ਲਿਜਾਇਆ ਗਿਆ ਹੈ। ਪਹਿਲਾਂ ਪੁਲੀਸ ਨੇ ਕਿਹਾ ਸੀ ਕਿ ਉਨ੍ਹਾਂ ਸੋਨਮ ਵਾਂਗਚੁਕ ਨੂੰ ਵੀ ਹਿਰਾਸਤ ਵਿਚ ਲਿਆ ਹੈ ਪਰ ਬਾਅਦ ਵਿਚ ਨਵੀਂ ਦਿੱਲੀ ਦੇ ਡੀਸੀਪੀ ਨੇ ਸਪੱਸ਼ਟ ਕੀਤਾ ਕਿ ਸੋਨਮ ਵਾਂਗਚੁਕ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਨਹੀਂ ਹੈ।
ਪੁਲੀਸ ਦੇ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਮਾਹਲਾ ਨੇ ਕਿਹਾ, ‘ਅਸੀਂ ਲੱਦਾਖ ਭਵਨ ਦੇ ਬਾਹਰੋਂ ਕੁਝ ਵਿਦਿਆਰਥੀ ਹਿਰਾਸਤ ਵਿੱਚ ਲਏ ਹਨ। ਸੋਨਮ ਵਾਂਗਚੁਕ ਉਨ੍ਹਾਂ ਵਿੱਚ ਸ਼ਾਮਲ ਨਹੀਂ ਹੈ।’ ਇਸ ਦੌਰਾਨ ਵਾਂਗਚੁਕ ਨੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕਿਹਾ, ‘ਵੱਡੀ ਗਿਣਤੀ ਲੋਕ ਅੱਜ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਏ ਸਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਅਸੀਂ ਸ਼ਾਂਤਮਈ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ।’ ਉਨ੍ਹਾਂ ਨਵੀਂ ਦਿੱਲੀ ਵਿੱਚ ਬੀਐੱਨਐੱਸਐੱਸ ਦੀ ਧਾਰਾ 163 ਸਥਾਈ ਤੌਰ ’ਤੇ ਲਾਗੂ ਕਰਨ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਧਾਰਾ ਆਮ ਤੌਰ ’ਤੇ ਅਸਥਾਈ ਤੌਰ ’ਤੇ ਉਦੋਂ ਹੀ ਲਾਗੂ ਕੀਤੀ ਜਾਂਦੀ ਹੈ ਜਿੱਥੇ ਕਾਨੂੰਨ ਵਿਵਸਥਾ ਭੰਗ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਦੌਰਾਨ ਵਾਤਾਵਰਨ ਕਾਰਕੁਨ ਨੇ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਵੀਡੀਓਜ਼ ਵੀ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਲੱਦਾਖ ਭਵਨ ਦੇ ਬਾਹਰ ਬੀਐੱਨਐੱਸਐੱਸ ਦੀ ਧਾਰਾ 163 ਲਾਗੂ ਹੋਣ ਕਾਰਨ ਇੱਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਉਨ੍ਹਾਂ (ਪ੍ਰਦਰਸ਼ਨਕਾਰੀਆਂ) ਨੇ ਜੰਤਰ-ਮੰਤਰ ’ਤੇ ਧਰਨਾ ਦੇਣ ਲਈ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਦੀ ਅਰਜ਼ੀ ’ਤੇ ਵਿਚਾਰ ਚੱਲ ਰਿਹਾ ਹੈ। ਉਨ੍ਹਾਂ ਨੂੰ ਕਿਸੇ ਹੋਰ ਥਾਂ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦੀ ਹੀ ਰਿਹਾਅ ਕਰ
ਦਿੱਤਾ ਜਾਵੇਗਾ।’ -ਪੀਟੀਆਈ