ਬਦਾਯੂੰ ਵਿੱਚ ਜਬਰਜਨਾਹ ਦੀ ਕੋਸ਼ਿਸ਼ ਮਗਰੋਂ ਸੱਤ ਸਾਲਾ ਲੜਕੀ ਦੀ ਹੱਤਿਆ
ਬਦਾਯੂੰ (ਉੱਤਰ ਪ੍ਰਦੇਸ਼), 19 ਅਕਤੂਬਰ
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਸੱਤ ਸਾਲਾ ਲੜਕੀ ਨਾਲ ਜਬਰਜਨਾਹ ਦੀ ਕੋਸ਼ਿਸ਼ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨਾਲ ਮੁਕਾਬਲੇ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਕਾਬਲੇ ਵਿੱਚ ਇਕ ਸਿਪਾਹੀ ਵੀ ਜ਼ਖ਼ਮੀ ਹੋ ਗਿਆ। ਬਦਾਯੂੰ ਜ਼ਿਲ੍ਹੇ ਦੇ ਬਿਲਸੀ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਸਬਜ਼ੀ ਖਰੀਦਣ ਲਈ ਬਾਜ਼ਾਰ ਗਈ ਬੱਚੀ ਅਚਾਨਕ ਲਾਪਤਾ ਹੋ ਗਈ। ਉਸ ਦੇ ਪਰਿਵਾਰ ਮੈਂਬਰ ਉਸ ਦੀ ਭਾਲ ਕਰਦੇ ਰਹੇ ਅਤੇ ਰਾਤ ਵੇਲੇ ਉਸ ਦੀ ਲਾਸ਼ ਅੱਧ ਨੰਗੀ ਹਾਲਤ ਵਿੱਚ ਇਕ ਖੰਡਰ ਮਕਾਨ ’ਚ ਮਿਲੀ। ਮੁਲਜ਼ਮ ਨੂੰ ਫੜਨ ਲਈ ਐੱਸਓਜੀ (ਸਪੈਸ਼ਲ ਆਪ੍ਰੇਸ਼ਨ ਗਰੁੱਪ) ਟੀਮ ਤੋਂ ਇਲਾਵਾ ਪੁਲੀਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਮੁਲਜ਼ਮ ਨੂੰ ਪੁਲੀਸ ਨੇ ਸ਼ਨਿਚਰਵਾਰ ਸਵੇਰੇ 4 ਵਜੇ ਬੀਨਪੁਰ ਰੋਡ ’ਤੇ ਮੁਕਾਬਲੇ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਜਾਨੇ ਆਲਮ (22) ਵਜੋਂ ਹੋਈ ਹੈ ਅਤੇ ਮੁਕਾਬਲੇ ਵਿੱਚ ਉਸ ਦੇ ਸੱਜੇ ਪੈਰ ’ਚ ਗੋਲੀ ਲੱਗੀ ਹੈ। ਇਸ ਮੁਕਾਬਲੇ ਵਿੱਚ ਮਨੋਜ ਨਾਮ ਦਾ ਇਕ ਸਿਪਾਹੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। -ਪੀਟੀਆਈ