ਦਿੱਲੀ ਪੁਲੀਸ ਵੱਲੋਂ ਲਾਰੈਂਸ ਗਰੋਹ ਦੇ ਸੱਤ ਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 25 ਅਕਤੂਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਗਰੋਹ ਦੇ ਸੱਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਜਣੇ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ ਜਿਸ ਦੀ ਪਛਾਣ ਸੁਜੀਤ ਕੁਮਾਰ ਉਰਫ ਬੱਬੂ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਇਸ ਹੱਤਿਆ ਕਾਂਡ ਵਿਚ ਦਸ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਇੱਥੋਂ ਦੀ ਇੱਕ ਅਦਾਲਤ ਨੇ ਬਾਬਾ ਸਿੱਦੀਕੀ ਹੱਤਿਆ ਮਾਮਲੇ ਵਿੱਚ ਨੌਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ 26 ਅਕਤੂਬਰ ਤੱਕ ਵਧਾ ਦਿੱਤਾ ਹੈ। ਪੁਲੀਸ ਨੇ ਇਸ ਮਾਮਲੇ ਵਿਚ ਨੌਂ ਜਣਿਆਂ ਨੂੰ ਵੱਖ ਵੱਖ ਥਾਵਾਂ ਤੋਂ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ’ਤੇ ਉਨ੍ਹਾਂ ਨੂੰ ਅੱਜ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਵੀ ਆਰ ਪਾਟਿਲ ਸਾਹਮਣੇ ਪੇਸ਼ ਕੀਤਾ ਗਿਆ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਇਨ੍ਹਾਂ ਦਾ ਰਿਮਾਂਡ ਇਕ ਦਿਨ ਵਧਾ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਗੁਰਮੇਲ ਬਲਜੀਤ ਸਿੰਘ (23), ਧਰਮਰਾਜ ਕਸ਼ਯਪ (21), ਹਰੀਸ਼ ਕੁਮਾਰ ਨਿਸਾਦ (26), ਪ੍ਰਵੀਨ ਲੋਂਕਰ (30), ਨਿਤਿਨ ਗੌਤਮ ਸਪਰੇ (32), ਸੰਭਾਜੀ ਕਿਸਾਨ ਪਾਰਧੀ (44), ਪ੍ਰਦੀਪ ਦੱਤੂ (37), ਚੇਤਨ ਦਿਲੀਪ ਪਾਰਧੀ ਅਤੇ ਰਾਮ ਫੂਲਚੰਦ ਕਨੌਜੀਆ (43) ਸ਼ਾਮਲ ਹਨ। ਪੀਟੀਆਈ