ਕੁੱਟਮਾਰ ਕਰਨ ਦੇ ਦੋਸ਼ ਹੇਠ ਸੱਤ ਜਣੇ ਹਥਿਆਰਾਂ ਸਣੇ ਕਾਬੂ
ਪੱਤਰ ਪ੍ਰੇਰਕ
ਜਲੰਧਰ, 11 ਜੁਲਾਈ
ਇਥੋਂ ਦੀ ਰਾਮਾਂਮੰਡੀ ਪੁਲੀਸ ਨੇ ਗਣੇਸ਼ ਨਗਰ ਮੁਹੱਲੇ ਤੋਂ ਅਗਵਾ ਕੀਤੇ ਵਿਅਕਤੀ ਨੂੰ ਡੇਢ ਘੰਟੇ ਅੰਦਰ ਹੀ ਅਗਵਾਕਾਰਾਂ ਤੋਂ ਛੁਡਵਾ ਕੇ ਸੱਤ ਮੁਲਜ਼ਮਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਹੱਲਾ ਗਣੇਸ਼ ਨਗਰ ਦੀ ਵਸਨੀਕ ਹਰਜੀਤ ਕੌਰ ਪਤਨੀ ਅਮਰੀਕ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਤੀ ਦੁਪਹਿਰ ਰੋਟੀ ਖਾ ਕੇ ਗਲੀ ਵਿਚ ਸੈਰ ਕਰ ਰਿਹਾ ਸੀ ਅਚਾਨਕ ਟੋਇਟਾ ਕਰੋਲਾ ਵਿਚ ਪੰਜ ਜਣੇ ਅਤੇ ਇੱਕ ਔਰਤ ਸਵਾਰ ਤੇ ਇੱਕ ਮੋਟਰਸਾਈਕਲ ’ਤੇ ਆਏ ਵਿਅਕਤੀਆਂ ਨੇ ਉਸ ਦੇ ਪਤੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਬਾਅਦ ਵਿਚ ਉਸ ਨੂੰ ਟੋਇਟਾ ਕਰੋਲਾ ਵਿਚ ਪਾ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਇੰਚਾਰਜ ਚੌਂਕੀ ਦਕੋਹਾ ਵਿਕਟਰ ਮਸੀਹ ਵੱਲੋਂ ਨਾਕਾਬੰਦੀ ਕਰਵਾਈ ਗਈ ਤੇ ਰਾਮਾ ਮੰਡੀ ਚੌਂਕ ਵਾਲੀ ਸਾਇਡ ਤੋਂ ਢਿੱਲਵਾਂ ਚੌਂਕ ਜਲੰਧਰ ਵਾਲੀ ਸਾਇਡ ਨੂੰ ਕਾਰ ਨੂੰ ਜ਼ਬਤ ਕੀਤਾ ਜਿਸ ਵਿਚੋਂ ਅਕਾਸ਼ਦੀਪ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਕੌਰ, ਅੰਮ੍ਰਿਤਪਾਲ ਸਿੰਘ, ਅਰਸ਼ਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਇੱਕ ਹੋਰ ਸਾਥੀ ਹਰਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬਹਿਰਾਮ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਦੇਸੀ ਕੱਟਾ ਸਮੇਤ ਜ਼ਿੰਦਾ ਕਾਰਤੂਸ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਨਿ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਸੀ।