ਹਵਾਲਾਤੀਆਂ ਤੋਂ ਸੱਤ ਮੋਬਾਈਲ ਫੋਨ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਾਰਚ
ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਕੇਂਦਰੀ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਸੱਤ ਮੋਬਾਈਲ ਫੋਨ ਬਰਾਮਦ ਹੋਏ ਹਨ।
ਇਸ ਸਬੰਧੀ ਏਸੀਪੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਥਾਣਾ ਮੇਹਰਬਾਨ, ਥਾਣਾ ਟਿੱਬਾ, ਥਾਣਾ ਮੋਤੀ ਨਗਰ ਅਤੇ ਥਾਣਾ ਜਮਾਲਸਰ ਦੀ ਪੁਲੀਸ ਵੱਲੋਂ ਜੇਲ੍ਹ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਸੱਤ ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਫੋਨ ਹਵਾਲਾਤੀ ਮਨਪ੍ਰੀਤ ਸਿੰਘ ਉਰਫ਼ ਪਾਰਸ ਨਾਲ ਤਾਲਮੇਲ ਰੱਖਣ ਵਾਲਿਆਂ ਤੋਂ ਮਿਲੇ ਹਨ ਜਿਨ੍ਹਾਂ ਦੀ ਸ਼ਨਾਖ਼ਤ ਬਲਜਿੰਦਰ ਸਿੰਘ ਉਰਫ਼ ਇੰਦਾ ਪੁੱਤਰ ਨਛੱਤਰ ਸਿੰਘ, ਰਾਹੁਲ ਰਾਣਾ ਪੁੱਤਰ ਸੁਰਿੰਦਰ ਸਿੰਘ, ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜਗੀਰ ਸਿੰਘ, ਅਜੈਬ ਸਿੰਘ ਉਰਫ਼ ਅਜੈਬਾ ਉਰਫ਼ ਅਜੈ ਕੁਮਾਰ ਪੁੱਤਰ ਸੰਤ ਰਾਮ ਅਤੇ ਕੁਲਜੀਤ ਸਿੰਘ ਉਰਫ਼ ਸਿੰਮੀ ਪੁੱਤਰ ਕਮਲਜੀਤ ਸਿੰਘ ਵਜੋਂ ਕੀਤੀ ਗਈ ਹੈ।
ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।