ਅੰਕੁਸ਼ ਭਈਆ ਗਰੋਹ ਦੇ ਸੱਤ ਮੈਂਬਰ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 14 ਸਤੰਬਰ
ਦਿਹਾਤੀ ਪੁਲੀਸ ਨੇ ਇਲਾਕੇ ਵਿੱਚ ਸੰਗਠਿਤ ਅਪਰਾਧਾਂ ’ਤੇ ਨਕੇਲ ਕੱਸਦਿਆਂ ਅੰਕੁਸ਼ ਭਈਆ ਗਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਗੈਂਗਸਟਰ ਵਿਕਰਮ ਬਰਾੜ, ਗੋਲਡੀ ਬਰਾੜ, ਰਿੰਦਾ ਬਾਬਾ ਅਤੇ ਰਵੀ ਬਲਾਚੌਰੀਆ ਨਾਲ ਜੁੜੇ ਹੋਏ ਹਨ।
ਫੜੇ ਗਏ ਵਿਅਕਤੀਆਂ ਦੀ ਪਛਾਣ ਅੰਕੁਸ਼ ਸੱਭਰਵਾਲ ਉਰਫ ਭਈਆ ਵਾਸੀ ਨਕੋਦਰ ਪੰਕਜ ਸੱਭਰਵਾਲ ਉਰਫ਼ ਪੰਕੂ, ਵਿਸ਼ਾਲ ਸੱਭਰਵਾਲ ਉਰਫ ਭੱਠੂ, ਹਰਮਨਪ੍ਰੀਤ ਸਿੰਘ ਉਰਫ਼ ਹਰਮਨ, ਜਸਕਰਨ ਸਿੰਘ ਪੁਰੇਵਾਲ ਉਰਫ ਕਰਨ ਉਰਫ ਜੱਸਾ, ਰੁਪੇਸ਼ ਕੁਮਾਰ ਸਾਰੇ ਵਾਸੀ ਰਿਸ਼ੀ ਨਗਰ ਨਕੋਦਰ ਅਤੇ ਆਰੀਅਨ ਸਿੰਘ ਵਾਸੀ ਪਿੰਡ ਨਵਾਜੀਪੁਰ ਥਾਣਾ ਸ਼ਾਹਕੋਟ ਵਜੋਂ ਹੋਈ ਹੈ। ਮਾਮਲੇ ਵਿੱਚ ਕਰਨ ਸੱਭਰਵਾਲ ਉਰਫ਼ ਕੰਨੂ ਵਾਸੀ ਰਿਸ਼ੀ ਨਗਰ ਨਕੋਦਰ ਅਤੇ ਦਲਬੀਰ ਸਿੰਘ ਉਰਫ਼ ਹਰਮਨ ਉਰਫ਼ ਭੋਲਾ ਉਰਫ਼ ਲੰਗੜਾ ਵਾਸੀ ਮੁਹੱਲਾ ਗੌਂਸ, ਨਕੋਦਰ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਸ਼ਿਆਰਪੁਰ ਦਾ ਰਹਿਣ ਵਾਲਾ ਦੀਬੂ ਵੀ ਇਸ ਮਾਮਲੇ ਵਿੱਚ ਲੋੜੀਂਦਾ ਹੈ।
ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਨਕੋਦਰ ਨੇੜੇ ਮਲਹੜੀ ਵਿਖੇ ਨਾਕਾ ਲਗਾਇਆ ਜਿੱਥੇ ਉਨ੍ਹਾਂ ਨੇ ਇੱਕ ਚਿੱਟੇ ਰੰਗ ਵਾਲੀ ਕਾਰ ਨੂੰ ਰੋਕਿਆ। ਕਾਰ ਸਵਾਰ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਪਾਸੋਂ 1000 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ। ਇਸ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ ਗੈਰ-ਕਾਨੂੰਨੀ ਹਥਿਆਰਾਂ ਵਿੱਚ ਚਾਰ ਪਿਸਤੌਲ ਸਮੇਤ ਸੱਤ ਰੌਂਦ ਸ਼ਾਮਲ ਹਨ। ਪੁਲੀਸ ਨੇ ਹੁਸ਼ਿਆਰਪੁਰ ਵਿੱਚ ਬੈਂਕ ਲੁੱਟਣ ਅਤੇ ਵਿਰੋਧੀ ਗੈਂਗ ਦੇ ਮੈਂਬਰਾਂ ਦੇ ਕਤਲ ਨੂੰ ਅੰਜਾਮ ਦੇਣ ਦੇ ਗੈਂਗ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪੁਲੀਸ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦਾ ਸਫਾਇਆ ਕਰਨ ਦੀ ਵਚਨਬੱਧਤਾ ਦੁਹਰਾਈ।
ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਕਾਂਸਟੇਬਲ ਗ੍ਰਿਫਤਾਰ
ਸਦਰ ਨਕੋਦਰ ਪੁਲੀਸ ਸਟੇਸ਼ਨ ਦੇ ਪੁਲੀਸ ਕਾਂਸਟੇਬਲ ਆਰੀਅਨ ਸਿੰਘ ਨੂੰ ਗਰੋਹ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਆਰੀਅਨ ਲਗਭਗ ਡੇਢ ਮਹੀਨੇ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ ਅਤੇ ਪੁਲੀਸ ਕਾਰਵਾਈਆਂ ਦੇ ਗੁਪਤ ਵੇਰਵਿਆਂ ਦਾ ਖੁਲਾਸਾ ਕਰਨ ਅਤੇ ਗੈਂਗਸਟਰਾਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਮਲ ਸੀ।
ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗ੍ਰਿਫ਼ਤਾਰ
ਫਗਵਾੜਾ (ਜਸਬੀਰ ਚਾਨਾ): ਪੁਲੀਸ ਨੇ ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਮੋਟਰਸਾਈਕਲ, ਦਾਤਰ ਤੇ ਨਕਦੀ ਬਰਾਮਦ ਕੀਤੀ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ 7 ਨਵੰਬਰ ਨੂੰ ਉਪਿੰਦਰ ਦਾਸ ਵਾਸੀ ਐੱਸ.ਪੀ. ਕਾਲੋਨੀ ਪਾਸੋਂ ਦੋ ਵਿਅਕਤੀਆਂ ਨੇ ਦਾਤਰ ਦੀ ਨੋਕ ’ਤੇ 11 ਹਜ਼ਾਰ ਰੁਪਏ ਦੀ ਖੋਹ ਕੀਤੀ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਐੱਸਐੱਚਓ ਸਦਰ ਅਮਨਦੀਪ ਨਾਹਰ ਦੀ ਅਗਵਾਈ ’ਚ ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਹਨੀ ਕੁਮਾਰ ਵਾਸੀ ਸਲੇਅ ਤੇ ਸੁਨੀਲ ਕੁਮਾਰ ਵਾਸੀ ਪਿੰਡ ਸਲੇਅ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇੱਕ ਮੋਟਰਸਾਈਕਲ, ਦੋ ਦਾਤਰ ਤੇ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।