ਵਿਧਾਇਕਾਂ ਦੇ ਘਰਾਂ ’ਤੇ ਅਗਜ਼ਨੀ ਮਾਮਲੇ ਵਿੱਚ ਸੱਤ ਗ੍ਰਿਫ਼ਤਾਰ
ਇੰਫਾਲ, 24 ਨਵੰਬਰ
ਮਨੀਪੁਰ ਦੀ ਇੰਫਾਲ ਘਾਟੀ ਵਿੱਚ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਹੋਈ ਭੰਨ-ਤੋੜ ਤੇ ਅਗਜ਼ਨੀ ਦੀ ਘਟਨਾ ਦੇ ਮਾਮਲੇ ਵਿੱਚ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰਿਤ ਬਿਆਨ ਵਿੱਚ ਅੱਜ ਕਿਹਾ ਗਿਆ ਕਿ ਪਿਛਲੇ ਦੋ ਦਿਨਾਂ ਵਿੱਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਧਰ, ਇੰਫਾਲ ਘਾਟੀ ਅਤੇ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਹਫ਼ਤੇ ਤੋਂ ਬੰਦ ਸਕੂਲ ਤੇ ਕਾਲਜ ਭਲਕੇ ਸੋਮਵਾਰ ਤੋਂ ਮੁੜ ਖੁੱਲ੍ਹਣਗੇ। ਇੱਕ ਅਧਿਕਾਰੀ ਨੇ ਕਿਹਾ ਕਿ ਸੂਬੇ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਇੰਫਾਲ ਵੈਸਟ, ਇੰਫਾਲ ਈਸਟ, ਥੌਬਾਲ, ਬਿਸ਼ਨਪੁਰ, ਕਾਕਚਿੰਗ ਅਤੇ ਜਿਰੀਬਾਮ ਵਿੱਚ ਪਿਛਲੇ ਹਫ਼ਤੇ ਸਕੂਲ ਤੇ ਕਾਲਜ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਪੁਲੀਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਭੰਨ-ਤੋੜ ਤੇ ਅਗਜ਼ਨੀ ਦੇ ਮਾਮਲੇ ਵਿੱਚ ਕਾਕਚਿੰਗ ਜ਼ਿਲ੍ਹੇ ਤੋਂ ਸ਼ੁੱਕਰਵਾਰ ਨੂੰ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਆਨ ਮੁਤਾਬਕ, ਇਸ ਮਾਮਲੇ ਵਿੱਚ ਸੱਤ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹੁਣ ਤੱਕ ਕੁੱਲ 41 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 16 ਨਵੰਬਰ ਨੂੰ ਪ੍ਰਦਰਸ਼ਨ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਦੀਆਂ ਜਾਇਦਾਦਾਂ ਲੁੱਟਣ ਵਾਲੇ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੀਰੇਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜਮਹੂਰੀ ਅੰਦੋਲਨ ਦੇ ਨਾਂ ’ਤੇ ਕੁਝ ਗਰੋਹਾਂ ਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਨੂੰ ਲੁੱਟਿਆ ਅਤੇ ਅੱਗ ਲਾ ਦਿੱਤੀ। ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਨੂੰ ਜਨਤਕ ਤੌਰ ’ਤੇ ਇਹ ਕਹਿੰਦਿਆਂ ਨਮੋਸ਼ੀ ਹੋ ਰਹੀ ਹੈ ਕਿ ਮਨੀਪੁਰ ਵਿੱਚ ਇਹ ਚੀਜ਼ਾਂ ਵਾਪਰ ਰਹੀਆਂ ਹਨ।’’ -ਪੀਟੀਆਈ