ਪੀਏਯੂ ’ਚ ਪਲੇਸਮੈਂਟ ਤੇ ਮਾਨਸਿਕ ਸਿਹਤ ਬਾਰੇ ਸੈਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੁਲਾਈ
ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ, ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਮਾਨਸਿਕ ਸਿਹਤ ਵਿਸ਼ੇ ’ਤੇ ਇੱਕ ਸੈਸ਼ਨ ਕਰਵਾਇਆ। ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਯੋਗ ਬਣਾਉਣ ਦੇ ਨਾਲ-ਨਾਲ ਨੌਕਰੀ ਲਈ ਤਿਆਰ ਹੋਣ ਦੇ ਨੁਕਤੇ ਦੱਸਣਾ ਸੀ। ਸੈਸ਼ਨ ਦੌਰਾਨ ਡਾ. ਵੰਦਨਾ ਕੰਵਰ ਨੇ ਮਾਨਸਿਕ ਤੰਦਰੁਸਤੀ ’ਤੇ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਵਿੱਚ ਤਣਾਅ ਦੇ ਕੁਝ ਆਮ ਕਾਰਨ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਲਈ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣ ਦੇ ਕੁਝ ਆਮ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ।
ਗਾਈਡੈਂਸ ਪਲੇਸਮੈਂਟ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਸੈੱਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਦਯੋਗ ਦੀ ਮੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਧਰਨੀ ਨੇ ਵਿਦਿਆਰਥੀਆਂ ਅੰਦਰ ਉਹ ਹੁਨਰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਿਸ ਨਾਲ ਉਹ ਮੁਕਾਬਲੇ ਵਿੱਚ ਖੜ੍ਹੇ ਹੋ ਸਕਣ। ਉਨ੍ਹਾਂ ਨੇ ਖਾਸ ਤੌਰ ’ਤੇ ਪ੍ਰਭਾਵਸ਼ਾਲੀ ਵਿਵਰਣ ਪੱਤਰ ਲਿਖਣ ਤੇ ਨੌਕਰੀ ਦੀਆਂ ਇੰਟਰਵਿਊਆਂ ਦਾ ਸਾਹਮਣਾ ਕਰਨ ਲਈ ਢੁੱਕਵੇਂ ਹੁਨਰ ਨੂੰ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।