ਨੌਕਰ
ਕਮਲਜੀਤ ਸਿੰਘ ਬਨਵੈਤ
ਸੱਤਰ ਸਾਲ ਪਹਿਲਾਂ ਬਚਨ ਸਿੰਘ ਗਿੱਲ ਪਿੰਡ ਛੱਡ ਕੇ ਆਸਾਮ ਚਲੇ ਗਿਆ ਸੀ। ਫਿਰ ਉਹਨੂੰ ਰੇਤ ਦੀਆਂ ਖੱਡਾਂ ਵਿਚ ਕੰਮ ਕਰਦਿਆਂ ਵਿਚਾਲੇ ਛੱਡੀ ਪੜ੍ਹਾਈ ਦਾ ਪਛਤਾਵਾ ਹੋਣ ਲੱਗ ਪਿਆ। ਉਹਨੇ ਰਾਤ ਨੂੰ ਆਪਣੇ ਮੰਜੇ ਦੇ ਸਰਾਹਣੇ ਵਾਲੇ ਪਾਸੇ ਕੰਧ ਵਿਚ ਬਣੇ ਆਲੇ ਵਿਚ ਰੱਖੇ ਦੀਵੇ ਦੀ ਲੋਅ ਨਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਦੋਂ ਗਿਆਨੀ ਅਤੇ ਐੱਫਏ ਦੀ ਪੜ੍ਹਾਈ ਪ੍ਰਾਈਵੇਟ ਹੋ ਜਾਂਦੀ ਸੀ। ਆਪਣੀ ਮਿਹਨਤ ਅਤੇ ਲਗਨ ਨਾਲ ਉਹਨੇ ਬੀਏ ਪਾਸ ਕਰ ਲਈ। ਇਹ ਡਿਗਰੀ ਮਿਲਣ ਤੋਂ ਬਾਅਦ ਉਹਨੂੰ ਰੇਤ ਦੀਆਂ ਖੱਡਾਂ ਦੀ ਤਪਸ਼ ਹੋਰ ਵੀ ਤੜਫਾਉਣ ਲੱਗ ਪਈ। ਉਹ ਬਿਨਾ ਕੁਝ ਸੋਚੇ ਸਮਝੇ ਅਸਾਮ ਛੱਡ ਕੇ ਚੰਡੀਗੜ੍ਹ ਆ ਗਿਆ ਜਿਸ ਤਰ੍ਹਾਂ ਪਿੰਡ ਨੂੰ ਅਲਵਿਦਾ ਕਹਿ ਕੇ ਆਸਾਮ ਲਈ ਤੁਰ ਗਿਆ ਸੀ।
ਚੰਡੀਗੜ੍ਹ ਦੇ ਇਕ ਗਿਆਨੀ ਕਾਲਜ ਵਾਲੇ ਹਰਬਖਸ਼ ਸਿੰਘ ਨੇ ਉਸ ਨੂੰ ਹੱਸ ਕੇ ਨੌਕਰੀ ਦਿੱਤੀ। ਇੱਥੇ ਆ ਕੇ ਵੀ ਉਹਦਾ ਪੜ੍ਹਾਈ ਦਾ ਝੱਸ ਘਟਿਆ ਨਹੀਂ ਸੀ। ਬਹੁਤ ਵਾਰ ਉਹ ਗਰਮੀਆਂ ਨੂੰ ਸੜਕ ਕਿਨਾਰੇ ਲੱਗੇ ਖੰਭਿਆਂ ਦੀਆਂ ਬੱਤੀਆਂ ਹੇਠ ਬੈਠ ਕੇ ਵੀ ਪੜ੍ਹ ਲੈਂਦਾ। ਜਿਸ ਸਾਲ ਉਹਨੇ ਐੱਮਏ (ਪੰਜਾਬੀ) ਕੀਤੀ, ਉਸੇ ਸਾਲ ਉਹਦਾ ਵਿਆਹ ਹੋ ਗਿਆ। ਉਹਨੂੰ ਨਾਲ ਦੀ ਨਾਲ ਚੰਡੀਗੜ੍ਹ ਦੇ ਇੱਕ ਸਕੂਲ ਵਿਚ ਪੰਜਾਬੀ ਅਧਿਆਪਕ ਦੀ ਨੌਕਰੀ ਵੀ ਮਿਲ ਗਈ। ਸਵੇਰ ਵੇਲੇ ਉਹ ਸਕੂਲ ਅਤੇ ਸ਼ਾਮ ਨੂੰ ਗਿਆਨੀ ਕਾਲਜ ਪੜ੍ਹਾਉਣ ਜਾਂਦਾ।
ਚੰਡੀਗੜ੍ਹ ਦੇ ਨਾਲ ਲੱਗਦੇ ਨਵੇਂ ਉਸਰ ਰਹੇ ਸ਼ਹਿਰ ਮੁਹਾਲੀ ਵਿਚ ਉਹਦਾ ਹੱਥ ਸਰਕਾਰੀ ਭਾਅ ’ਤੇ ਹੀ ਪਲਾਟ ਨੂੰ ਪੈ ਗਿਆ। ਮੁਹਾਲੀ ਤੋਂ ਉਹ ਸਵੇਰੇ ਸੱਤ ਵਜੇ ਚੰਡੀਗੜ੍ਹ ਲਈ ਨਿਕਲ ਜਾਂਦਾ ਅਤੇ ਸ਼ਾਮ ਨੂੰ ਨੌਂ-ਦਸ ਵਜੇ ਘਰ ਪਰਤਦਾ। ਬਸ ਇੱਕ ਐਤਵਾਰ ਦੀ ਛੁੱਟੀ ਹੁੰਦੀ, ਉਸ ਦਿਨ ਵੀ ਉਹ ਚੰਡੀਗੜ੍ਹ ਦੀ ਦਾਣਾ ਮੰਡੀ ਤੋਂ ਸਾਈਕਲ ’ਤੇ ਹਫ਼ਤੇ ਭਰ ਦੀਆਂ ਸਬਜ਼ੀਆਂ ਲਈ ਆਉਣ-ਜਾਣ ਕਰਦਾ। ਉਹਦੇ ਘਰ ਪੁੱਤਰ ਨੇ ਜਨਮ ਲਿਆ। ਉਹ ਅਗਾਂਹ-ਵਧੂ ਖਿਆਲਾਂ ਦਾ ਸੀ। ਇਸ ਲਈ ਅਗਲਾ ਮੌਕਾ ਲੈਣ ਦੀ ਲੋੜ ਨਾ ਸਮਝੀ। ਉਹਦੀ ਇੱਛਾ ਪੁੱਤਰ ਨੂੰ ਰਾਜ ਕੁਮਾਰ ਵਾਂਗ ਪਾਲਣ ਦੀ ਸੀ ਪਰ ਪੁੱਤ ਪੱਖੋਂ ਉਹਨੂੰ ਸਦਮਾ ਲੱਗਾ; ਉਹ ਬੀਏ ਕਰ ਕੇ ਘਰ ਬੈਠ ਗਿਆ ਸੀ। ਫਿਰ ਉਹਨੇ ਬੈਂਕ ਤੋਂ ਕਰਜ਼ਾ ਲੈ ਕੇ ਪੁੱਤਰ ਨੂੰ ਕੱਪੜੇ ਦਾ ਕੰਮ ਕਰਵਾ ਦਿੱਤਾ। ਨੂੰਹ ਸਰਕਾਰੀ ਅਧਿਆਪਕਾ ਮਿਲ ਗਈ। ਪੁੱਤਰ ਦਾ ਕੱਪੜੇ ਦਾ ਵਪਾਰ ਬਹੁਤਾ ਨਾ ਰੁੜ੍ਹ ਸਕਿਆ। ਉਹਨੇ ਚੰਡੀਗੜ੍ਹ ਦੇ ਸਕੂਲ ਵਿਚੋਂ ਸੇਵਾਮੁਕਤ ਹੋ ਕੇ ਮੁਹਾਲੀ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰ ਲਈ। ਜਦੋਂ ਉਹਨੇ ਇਸ ਨੌਕਰੀ ਤੋਂ ਸੇਵਾਮੁਕਤੀ ਲਈ ਤਾਂ ਉਹ 75 ਨੂੰ ਢੁਕ ਚੁੱਕਾ ਸੀ। ਜਿਸ ਦਿਨ ਘਰ ਪੋਤਰੇ ਨੇ ਜਨਮ ਲਿਆ, ਉਸ ਤੋਂ ਹਫ਼ਤਾ ਬਾਅਦ ਹੀ ਉਸ ਦੀ ਪਤਨੀ ਸਦਾ ਲਈ ਅਲਵਿਦਾ ਕਹਿ ਗਈ। ਘਰੇ ਉਹਦਾ ਦਿਲ ਬਿਲਕੁਲ ਨਾ ਲੱਗਿਆ ਤਾਂ ਉਹਨੇ ਪੁੱਤਰ ਦੇ ਕੱਪੜਿਆਂ ਦੇ ਸ਼ੋਅ ਰੂਮ ਦੇ ਇੱਕ ਖੂੰਜੇ ਮੁਫ਼ਤ ਹੋਮਿਓਪੈਥਿਕ ਕਲੀਨਿਕ ਦਾ ਫੱਟਾ ਲਾ ਲਿਆ। ਦੋ ਦੋ ਨੌਕਰੀਆਂ ਦੇ ਬਾਵਜੂਦ ਉਸ ਨੇ ਹੋਮਿਓਪੈਥੀ ਦਾ ਡਿਪਲੋਮਾ ਕਦੋਂ ਕਰ ਲਿਆ ਸੀ, ਕਿਸੇ ਨੂੰ ਭਿਣਕ ਵੀ ਨਾ ਪੈਣ ਦਿੱਤੀ। ਕਲੀਨਿਕ ਉਹ ਸਾਇਕਲ ਦੀ ਥਾਂ ਪੈਦਲ ਜਾਂਦਾ। 10 ਸਾਲ ਉਹਨੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ। ਮਾਰਕੀਟ ਵਿਚ ਉਹ ਹੋਮਿਓਪੈਥੀ ਵਾਲੇ ਬਾਬਾ ਜੀ ਦੇ ਨਾਂ ਨਾਲ ਮਸ਼ਹੂਰ ਸੀ। ਉਹ ਸਵੇਰੇ 9 ਵਜੇ ਘਰੋਂ ਨਿਕਲ ਕੇ ਰਾਤ 9 ਵਜੇ ਘਰ ਵੜਦਾ।
ਇੱਕ ਰਾਤ ਉਹ ਕਲੀਨਿਕ ਤੋਂ ਵਿਹਲਾ ਹੋ ਕੇ ਘਰ ਜਾ ਰਿਹਾ ਸੀ ਕਿ ਪਿੱਛੋਂ ਦੋ-ਪਹੀਆ ਵਾਹਨ ਵਾਲਾ ਕੋਈ ਟੱਕਰ ਮਾਰ ਗਿਆ। ਉਹਦਾ ਚੂਲਾ ਟੁੱਟ ਗਿਆ। ਡਾਕਟਰਾਂ ਨੇ ਵਡੇਰੀ ਉਮਰ ਕਾਰਨ ਅਪਰੇਸ਼ਨ ਤੋਂ ਜਵਾਬ ਦੇ ਦਿੱਤਾ ਸੀ। ਹੁਣ ਉਹ ਘਰੇ ਮੰਜੇ ਨਾਲ ਮੰਜਾ ਹੋ ਕੇ ਰਹਿ ਗਿਆ ਸੀ ਜਿਸ ਤੋਂ ਉਹ ਹਮੇਸ਼ਾ ਬਚਦਾ ਰਿਹਾ ਸੀ।
ਉਹਨੂੰ ਕੁਦਰਤ ਨਾਲ ਗਿਲਾ ਤਾਂ ਸੀ ਪਰ ਰਜ਼ਾ ਅੰਦਰ ਸਾਰਾ ਦੁੱਖ ਪੀ ਗਿਆ। ਪੁੱਤਰ ਦੁਕਾਨ ’ਤੇ ਹੁੰਦਾ ਜਾਂ ਘਰ, ਬਹੁਤਾ ਫਰਕ ਨਹੀਂ ਸੀ ਪੈਂਦਾ ਅਤੇ ਉਹ ਔਖਾ ਸੌਖਾ ਆਪਣੀ ਕਿਰਿਆ ਸੋਧਦਾ ਰਿਹਾ।
ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਪੋਤਰੇ ਨੇ ਕੁੱਤਾ ਰੱਖਣ ਦੀ ਜਿ਼ੱਦ ਫੜ ਲਈ। ਉਹ ਅਕਸਰ ਕਹਿੰਦਾ, “ਦਾਦੂ ਤਾਂ ਗੁਟਕੇ ਤੋਂ ਅੱਖ ਨ੍ਹੀਂ ਚੁੱਕਦੇ, ਮੈਂ ਬੋਰ ਹੋ ਜਾਂਦਾ ਹਾਂ।” ਪੋਤਰੇ ਦੇ ਪਾਪਾ ਦੁਕਾਨ ’ਤੇ ਰਹਿੰਦੇ ਸਨ ਅਤੇ ਮੰਮੀ ਨੂੰ ਘਰ ਦੇ ਕੰਮ ਤੋਂ ਵਿਹਲ ਨਹੀਂ ਸੀ।... ਤੇ ਬਾਪ ਨੇ ਪੁੱਤ ਦਾ ਦਿਲ ਲਾਉਣ ਲਈ ਕਤੂਰਾ ਲੈ ਦਿੱਤਾ। ਕੁਝ ਹਫ਼ਤੇ ਤਾਂ ਚਾਅ ਚਾਅ ਵਿਚ ਮੁੰਡਾ ਕਤੂਰੇ ਨਾਲ ਵਾਹਵਾ ਰਚਿਆ-ਮਿਚਿਆ ਰਿਹਾ ਪਰ ਛੁੱਟੀਆਂ ਮੁੱਕਣ ਤਕ ਉਹਦਾ ਦਿਲ ਭਰ ਗਿਆ ਸੀ। ਅੰਤ ਨੂੰ ਕਤੂਰੇ ਦੀ ਦੇਖ-ਭਾਲ ਲਈ ਪਾਰਟ ਟਾਈਮ ਨੌਕਰ ਰੱਖਣ ਦੀ ਸਹਿਮਤੀ ਬਣ ਗਈ। ਅਗਲੇ ਦਿਨ ਹੀ ਕਤੂਰੇ ਨੂੰ ਘੁੰਮਾਉਣ ਲਈ ਬੰਦਾ ਰੱਖ ਲਿਆ ਗਿਆ।
ਇਕ ਦਿਨ ਬਚਨ ਸਿੰਘ ਰਾਤ ਨੂੰ ਉਠਿਆ ਤਾਂ ਤਿਲਕ ਕੇ ਡਿੱਗ ਪਿਆ। ਲੱਤਾਂ ਬਾਹਾਂ ਛਿੱਲੀਆਂ ਗਈਆਂ। ਅਗਲੇ ਦਿਨ ਉਸ ਤੋਂ ਰਿਹਾ ਨਾ ਗਿਆ, “ਮੇਰੀ ਮਦਦ ਲਈ ਵੀ ਅੱਧੇ ਦਿਨ ਵਾਸਤੇ ਮੇਲ ਨਰਸ ਰੱਖ ਲੈਣਾ ਸੀ।” ਬਹੂ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ ਪੁੱਤਰ ਟੁੱਟ ਕੇ ਪੈ ਗਿਆ, “ਪਾਪਾ ਅਸੀਂ ਸਿਰਫ ਕਤੂਰੇ ਲਈ ਸਰਵੈਂਟ ਅਫੋਰਡ ਕਰਦੇ ਹਾਂ। ਇਕ ਹੋਰ ਨੌਕਰ ਨੂੰ ਪੈਸੇ ਦੇਣ ਜੋਗੇ ਰਈਸ ਨਹੀਂ ਹਾਂ।” ਬਚਨ ਸਿੰਘ ਦੇ ਮੂੰਹੋਂ ਅਜੇ ਇੰਨਾ ਹੀ ਨਿੱਕਲਿਆ ਸੀ ਕਿ ‘ਪੈਨਸ਼ਨ ’ਚੋਂ ਮੇਲ ਨਰਸ ਨੂੰ ਤਨਖਾਹ ਦੇ ਦਿਆ ਕਰੋ’ ਤਾਂ ਬਹੂ ਗਰਜ ਪਈ, “ਤੁਹਾਡੀ ਪੈਨਸ਼ਨ ਵਿਚੋਂ ਤਾਂ ਦਵਾਈ ਅਤੇ ਇਲਾਜ ਦਾ ਈ ਪੂਰਾ ਨਹੀਂ ਪੈਂਦਾ।”
ਬਚਨ ਸਿੰਘ ਸਿਰਹਾਣੇ ਹੇਠ ਪਿਆ ਗੁਟਕਾ ਚੁੱਕ ਕੇ ਪੜ੍ਹਨ ਲੱਗ ਪਿਆ। ਉਸ ਦੀਆਂ ਅੱਖਾਂ ਭਰ ਆਈਆਂ ਸਨ।
ਸੰਪਰਕ: 98147-34035