ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਜਾਰੀ, ਸੈਂਸੈਕਸ ਅਤੇ ਨਿਫ਼ਟੀ ਨਵੇਂ ਸਿਖਰ ’ਤੇ
ਮੁੰਬਈ, 2 ਸਤੰਬਰ
ਵਿਦੇਸ਼ੀ ਫੰਡਾਂ ਦੀ ਆਮਦ ਅਤੇ ਅਮਰੀਕੀ ਬਾਜ਼ਾਰਾਂ ’ਚ ਤੇਜ਼ੀ ਦੇ ਵਿਚਕਾਰ ਸੋਮਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਬੈਂਚਮਾਰਕ ਇੰਡੈਕਸ ਸੈਂਸੈਕਸ 194 ਅੰਕ ਵਧਿਆ ਜਦੋਂ ਕਿ ਨਿਫ਼ਟੀ ਵਿਚ 43 ਅੰਕ ਦਾ ਵਾਧਾ ਦਰਜ ਕੀਤਾ ਗਿਆ। ਵਪਾਰੀਆਂ ਨੇ ਕਿਹਾ ਕਿ ਅਮਰੀਕਾ ’ਚ ਨੀਤੀਗਤ ਵਿਆਜ ਦਰਾਂ 'ਚ ਕਟੌਤੀ ਦੀਆਂ ਉਮੀਦਾਂ ਅਤੇ ਘਰੇਲੂ ਪੱਧਰ ’ਤੇ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਦੇ ਕਾਰਨ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਲਗਾਤਾਰ 10ਵੇਂ ਸੈਸ਼ਨ ’ਚ ਨਵੀਂ ਉਚਾਈ ’ਤੇ ਪਹੁੰਚ ਗਿਆ। ਸੈਂਸੈਕਸ 194.07 ਅੰਕ ਭਾਵ 0.24 ਫੀਸਦੀ ਦੀ ਛਾਲ ਮਾਰ ਕੇ 82,559.84 ਅੰਕ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ। ਦਿਨ ਦੇ ਕਾਰੋਬਾਰ ਦੌਰਾਨ ਇਕ ਸਮੇਂ ਇਹ 359.51 ਅੰਕ ਵਧ ਕੇ 82,725.28 ਦੇ ਨਵੇਂ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 42.80 ਅੰਕ ਦੇ ਵਾਧੇ ਨਾਲ 25,278.70 ਅੰਕਾਂ ਦੇ ਨਵੇਂ ਉੱਚੇ ਪੱਧਰ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 25,333.65 ਅੰਕ ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਿਆ। ਇਸ ਤਰ੍ਹਾਂ ਨਿਫ਼ਟੀ ਲਗਾਤਾਰ 13ਵੇਂ ਦਿਨ ਵਾਧੇ ਦੇ ਨਾਲ ਬੰਦ ਹੋਇਆ ਹੈ।
1996 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ ਐੱਨਐੱਸਈ ਨਿਫ਼ਟੀ ਲਈ ਲਗਾਤਾਰ ਵਾਧੇ ਦੀ ਇਹ ਸਭ ਤੋਂ ਲੰਮੀ ਮਿਆਦ ਹੈ।
ਸੈਂਸੈਕਸ ਕੰਪਨੀਆਂ ਵਿੱਚ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਐਚਸੀਐਲ ਟੈਕ, ਇੰਡਸਇੰਡ ਬੈਂਕ, ਈਟੀਸੀ, ਅਲਟਰਾਟੈਕ ਸੀਮੈਂਟ, ਐਕਸਿਸ ਬੈਂਕ ਅਤੇ ਇੰਫੋਸਿਸ ਸਭ ਤੋਂ ਵੱਧ ਲਾਭਕਾਰੀ ਸਨ। ਦੂਜੇ ਪਾਸੇ ਟਾਟਾ ਮੋਟਰਜ਼, ਐਨਟੀਪੀਸੀ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ