ਕੇਂਦਰੀ ਮੰਤਰੀ ਮੰਡਲ ਵੱਲੋਂ ਖੇਤੀ ਖੇਤਰ ਲਈ ਕਰੀਬ 14,000 ਕਰੋੜ ਰੁਪਏ ਦੀਆਂ ਸੱਤ ਯੋਜਨਾਵਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 2 ਸਤੰਬਰ
ਕੇਂਦਰੀ ਮੰਤਰੀ ਮੰਡਲ ਨੇ ਅੱਜ ਖੇਤੀ ਖੇਤਰ ਨਾਲ ਸਬੰਧਤ ਸੱਤ ਵੱਡੇ ਪ੍ਰੋਗਰਾਮਾਂ ਲਈ ਕਰੀਬ 14,000 ਕਰੋੜ ਰੁਪਏ ਦੇ ਖਰਚੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਡਿਜੀਟਲ ਖੇਤੀ ਮਿਸ਼ਨ ਅਤੇ ਫ਼ਸਲ ਵਿਗਿਆਨ ਲਈ ਯੋਜਨਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਮੰਤਰੀ ਮੰਡਲ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ 2817 ਰੁਪਏ ਦੇ ਡਿਜੀਟਲ ਖੇਤੀ ਮਿਸ਼ਨ ਅਤੇ ਫਸਲ ਵਿਗਿਆਨ ਲਈ 3979 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਖੇਤੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਨ ਕਰਨ ਲਈ 2291 ਕਰੋੜ ਰੁਪਏ ਦੇ ਪ੍ਰੋਗਰਾਮ ਦੇ ਨਾਲ ਪਸ਼ੂ ਧਨ ਦੀ ਟਿਕਾਊ ਸਿਹਤ ਲਈ 1702 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਬਾਗਬਾਨੀ ਖੇਤਰ ਦੇ ਟਿਕਾਊ ਵਿਕਾਸ ਲਈ 860 ਕਰੋੜ ਰੁਪਏ ਦੀ ਇਕ ਹੋਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ ਖੇਤੀ ਵਿਗਿਆਨ ਕੇਂਦਰਾਂ ਲਈ 1202 ਕਰੋੜ ਰੁਪਏ ਅਤੇ ਕੁਦਰਤੀ ਸਰੋਤ ਪ੍ਰਬੰਧਨ ਨੂੰ ਮਜ਼ਬੂਤੀ ਦੇਣ ਲਈ 1115 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸੱਤੋਂ ਪ੍ਰੋਗਰਾਮਾਂ ਲਈ ਕੁੱਲ 13,960 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਜਾਣੇ ਹਨ। -ਪੀਟੀਆਈ