‘ਆਵਾਸ, ਪਰਵਾਸ ਤੇ ਸਾਹਿਤ’ ਵਿਸ਼ੇ ਉੱਤੇ ਗੋਸ਼ਟੀ
ਕੁਲਦੀਪ ਸਿੰਘ
ਨਵੀਂ ਦਿੱਲੀ, 9 ਦਸੰਬਰ
ਲਕਸ਼ਮੀ ਬਾਈ ਕਾਲਜ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ‘ਆਵਾਸ, ਪਰਵਾਸ ਅਤੇ ਸਾਹਿਤ’ ਵਿਸ਼ੇ ਉਪਰ ਸਾਹਿਤਕ ਗੋਸ਼ਟੀ ਅਤੇ ਪ੍ਰੋਫੈਸਰ ਜਸਪਾਲ ਕੌਰ ਵਲੋਂ ਸੰਪਾਦਿਤ ਪੁਸਤਕ ‘ਸੁਰਿੰਦਰ ਗੀਤ ਰਚਿਤ ਸਾਹਿਤ : ਚਿੰਤਨੀ ਪਰਿਪੇਖ’ ਨੂੰ ਰਿਲੀਜ਼ ਕਰਨ ਸਬੰਧੀ ਸਮਾਰੋਹ ਹੋਇਆ। ਸਮਾਰੋਹ ਦਾ ਆਗਾਜ਼ ਕਰਦਿਆਂ ਡਾ. ਨਿਰਮਲਜੀਤ ਸ਼ਾਹਿਦ ਨੇ ਵਿਦਵਾਨਾਂ ਨੂੰ ਬੂਟੇ ਭੇਟ ਕਰ ਕੇ ਜੀ ਆਇਆਂ ਨੂੰ ਆਖਿਆ। ਪ੍ਰੋਫੈਸਰ ਜਸਪਾਲ ਕੌਰ ਨੇ ਆਵਾਸ, ਪਰਵਾਸ ਅਤੇ ਸਾਹਿਤ ਵਿਸ਼ੇ ਉਪਰ ਦਿੱਤੇ ਭਾਸ਼ਣ ਵਿੱਚ ਉਚੇਚੇ ਤੌਰ ’ਤੇ ਕਾਲਜ ਦੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇ ਦੀਆਂ ਗੰਭੀਰ ਪਰਤਾਂ ਨੂੰ ਫਰੋਲਦਿਆਂ ਪਰਵਾਸੀ ਸਾਹਿਤ ਦੇ ਇਤਿਹਾਸ ਅਤੇ ਵਰਤਮਾਨ ਬਾਰੇ ਨਿੱਠ ਕੇ ਚਰਚਾ ਕੀਤੀ। ਸੰਪਾਦਿਤ ਪੁਸਤਕ ਸਬੰਧੀ ਉਨ੍ਹਾਂ ਕਿਹਾ ਕਿ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਿਜ਼ਮ ਦੀ ਲੀਹ ਉਤੇ ਤੁਰਦਿਆਂ ਇਹ ਪੁਸਤਕ ਰਿਸਰਚ ਸਕਾਲਰਾਂ ਨੂੰ ਪ੍ਰੇਰਿਤ ਕਰਨ ਦਾ ਅਹਿਮ ਉਪਰਾਲਾ ਹੈ। ਦਿਆਲ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਪ੍ਰਿਥਵੀ ਰਾਜ ਥਾਪਰ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਪੁਸਤਕ ਵਿਚਲੇ ਸਕਾਲਰਾਂ-ਆਲੋਚਕਾਂ ਨੇ ਸੁਰਿੰਦਰ ਗੀਤ ਦੇ ਸਾਹਿਤ ਉਤੇ ਆਪਣੇ ਡੂੰਘੇ ਅਧਿਐਨ ਨੂੰ ਸਾਹਮਣੇ ਲਿਆਂਦਾ ਹੈ।
ਬਲਬੀਰ ਮਾਧੋਪੁਰੀ ਨੇ ‘ਸੁਰਿੰਦਰ ਗੀਤ : ਵਿਲੱਖਣ ਪਰਵਾਸੀ ਸਾਹਿਤਕਾਰ’ ਨਾਂ ਦਾ ਪੇਪਰ ਪੜ੍ਹਿਆ। ਡਾ. ਮਨੀਸ਼ਾ ਬੱਤਰਾ ਨੇ ਕਿਹਾ ਕਿ ਇਸ ਆਲੋਚਨਾ ਪੁਸਤਕ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੋਇਆ ਜਿਵੇਂ ਕਿ ਇਹ ਪੁਸਤਕ ਆਨੰਦੀ-ਪਾਠ ਤੋਂ ਆਨੰਦੀ-ਆਲੋਚਨਾ ਤੱਕ ਦਾ ਸਫ਼ਰ ਤੈਅ ਕਰਦੀ ਹੈ। ਪੁਸਤਕ ’ਚ ਸ਼ਾਮਲ ਤਿੰਨ ਸਕਾਲਰਾਂ ਦੀਦਾਰ ਸਿੰਘ, ਪਵਨਬੀਰ ਸਿੰਘ ਤੇ ਸਤਵਿੰਦਰ ਕੌਰ ਨੇ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦਿਆਂ ਕਿਹਾ ਕਿ ਜਿੱਥੇ ਇਸ ਪੁਸਤਕ ਰਾਹੀਂ ਸਾਹਿਤ ਆਲੋਚਨਾ ਵਿਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ, ਉਥੇ ਪ੍ਰੋ. ਜਸਪਾਲ ਕੌਰ ਹੋਰਾਂ ਤੋਂ ਸ਼ਬਦ ਚੋਣ, ਸ਼ਬਦ ਜੜਤ ਅਤੇ ਪਾਠ ਪੜ੍ਹਤ ਸਬੰਧੀ ਗਿਆਨ ਵੀ ਹਾਸਲ ਹੋਇਆ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਪ੍ਰੋ. ਜਸਪਾਲ ਕੌਰ, ਪ੍ਰੋ. ਪ੍ਰਿਥਪੀ ਰਾਜ ਥਾਪਰ, ਬਲਬੀਰ ਮਾਧੋਪੁਰੀ, ਡਾ. ਮਨੀਸ਼ਾ ਬੱਤਰਾ, ਡਾ. ਨਿਰਮਲਜੀਤ ਸ਼ਾਹਿਦ ਅਤੇ ਡਾ. ਸਵਰਨਜੀਤ ਕੌਰ ਨੇ ‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਦਾ ਲੋਕ ਅਰਪਣ ਕੀਤਾ। ਡਾ. ਨਿਰਮਲਜੀਤ ਸ਼ਾਹਿਦ ਨੇ ਮੰਚ ਸੰਚਾਲਨ ਕੀਤਾ। ਅੰਤ ’ਚ ਡਾ. ਸਵਰਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।