ਮੱਖੀ ਪਾਲਣ ਵਿਕਾਸ ਕੇਂਦਰ ਵਿੱਚ ਸੈਮੀਨਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਨਵੰਬਰ
ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇੰਡੋ ਇਜ਼ਰਾਈਲ ਪ੍ਰਾਜੈਕਟ ਤਹਿਤ ਸੰਗਠਿਤ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਰਾਮ ਨਗਰ ਵਿਚ ਤਿੰਨ ਰੋਜ਼ਾ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਬਾਗਬਾਨੀ ਵਿਭਾਗ ਦੇ ਮਾਹਿਰਾਂ ਨੇ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਇਜ਼ਰਾਈਲ ਤੋਂ ਬਾਗਬਾਨੀ ਵਿਭਾਗ ਦੇ ਮਾਹਿਰ ਯੂਰੀ ਰੁਬਿਸਟਨ ਤੇ ਡੈਨੀਅਲ ਅਡਾਟ ਨੇ ਵੀ ਮੁੱਖ ਨੁਕਤਿਆਂ ’ਤੇ ਚਾਨਣਾ ਪਾਉਂਦਿਆਂ ਜਾਣਕਾਰੀ ਦਿੱਤੀ।
ਏਕੀਕ੍ਰਿਤ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਸਤੇਂਦਰ ਯਾਦਵ ਤੇ ਜ਼ਿਲ੍ਹਾ ਬਾਗਬਾਨੀ ਅਫਸਰ ਡਾ. ਸੱਤਿਆ ਨਰਾਇਣ ਨੇ ਮਾਹਿਰਾਂ ਦਾ ਸਵਾਗਤ ਕੀਤਾ। ਇਜ਼ਰਾਈਲ ਤੋਂ ਬਾਗਬਾਨੀ ਵਿਭਾਗ ਦੇ ਮਾਹਿਰ ਉਰੀ ਰੁਬਿਸਟਨ ਨੇ ਕਿਹਾ ਕਿ ਰਾਮ ਨਗਰ , ਕੁਰੂਕਸ਼ੇਤਰ ਵਿਚ ਦੇਸ਼ ਦਾ ਇਕੋ ਇਕ ਏਕੀਕ੍ਰਿਤ ਮਧੂ ਮੱਖੀ ਪਾਲਣਾ ਵਿਕਾਸ ਕੇਂਦਰ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਰਾਹੀਂ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ ਨਾਲ ਵਿਭਾਗ ਵੱਲੋਂ ਮਧੂ ਮੱਖੀ ਪਾਲਣ ਲਈ ਸਾਰੇ ਸਾਧਨ ਮੁਹੱਈਆ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਮਾਹਿਰ ਡੈਨੀਅਲ ਐਡਟ ਨੇ ਵੀ ਮਧੂ ਮੱਖੀ ਪਾਲਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸੈਮੀਨਾਰ ਵਿੱਚ 16 ਸੂਬਿਆਂ ਤੋਂ 47 ਦੇ ਕਰੀਬ ਮਾਹਿਰ ਆਏ ਹਨ। ਇਸ ਮੌਕੇ ਮਿਜੋਰਮ ਬਾਗਬਾਨੀ ਵਿਭਾਗ ਦੇ ਡਾਇਰੈਕਟਰ, ਗੁਜਰਾਤ ਬਾਗਬਾਨੀ ਵਿਭਾਗ ਦੇ ਸੰਯੁਕਤ ਡਾਇਰੈਕਟਰ, ਪ੍ਰਾਜੈਕਟ ਅਫਸਰ ਡਾ. ਬ੍ਰਿਜਮਦੇਵ ਮੌਜੂਦ ਸਨ।