For the best experience, open
https://m.punjabitribuneonline.com
on your mobile browser.
Advertisement

ਚੋਣ ਅਮਲ ਮੁਕੰਮਲ: ਕਿਸੇ ਨੇ ਆਰਾਮ ਕੀਤਾ ਤੇ ਕੋਈ ਵਰਕਰਾਂ ਨੂੰ ਮਿਲਿਆ

06:58 AM Jun 03, 2024 IST
ਚੋਣ ਅਮਲ ਮੁਕੰਮਲ  ਕਿਸੇ ਨੇ ਆਰਾਮ ਕੀਤਾ ਤੇ ਕੋਈ ਵਰਕਰਾਂ ਨੂੰ ਮਿਲਿਆ
ਭਾਜਪਾ ਉਮੀਦਵਾਰ ਸੰਜੇ ਟੰਡਨ ਆਪਣੇ ਪਰਿਵਾਰ ਨਾਲ ਆਨੰਦ ਮਾਣਦੇ ਹੋਏ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 2 ਜੂਨ
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਅੱਜ ਕਿਸੇ ਉਮੀਦਵਾਰ ਨੇ ਪਰਿਵਾਰ ਨਾਲ ਸਮਾਂ ਬਿਤਾ ਕੇ ਥਕੇਵਾਂ ਲਾਹਿਆ ਅਤੇ ਕੋਈ ਉਮੀਦਵਾਰ ਆਪਣੇ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਗਿਣਤੀ-ਮਿਣਤੀ ’ਚ ਲੱਗਾ ਰਿਹਾ ਹੈ। ਇਸੇ ਦੌਰਾਨ ਕਈ ਉਮੀਦਵਾਰ ਪਿਛਲੇ ਡੇਢ ਮਹੀਨੇ ਦੀ ਭੱਜਨੱਠ ਤੋਂ ਬਾਅਦ ਅੱਜ ਆਪਣੀ ਨੀਂਦ ਪੂਰੀ ਕਰਨ ਲੱਗੇ ਰਹੇ ਹਨ।
ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਅੱਜ ਆਪਣੇ ਘਰ ਆਰਾਮ ਕੀਤਾ ਤੇ ਪਰਿਵਾਰ ਨਾਲ ਸਮਾਂ ਬਿਤਾਇਆ। ਤਪਸ਼ ਭਰੀ ਗਰਮੀ ਵਿੱਚ 50 ਦਿਨ ਲੰਬੇ ਚੋਣ ਪ੍ਰਚਾਰ ਤੋਂ ਬਾਅਦ ਅੱਜ ਉਨ੍ਹਾਂ ਦਾ ਦਿਨ ਦਾ ਜ਼ਿਆਦਾਤਰ ਸਮਾਂ ਵਿਹਲ ਭਰਿਆ ਰਿਹਾ। ਸ੍ਰੀ ਟੰਡਨ ਨੇ ਆਪਣੀ ਪਤਨੀ ਪ੍ਰਿਆ ਟੰਡਨ ਅਤੇ ਤਿੰਨ ਪੁੱਤਰਾਂ ਸਰਾਂਸ਼, ਸਤਿਅਮ ਅਤੇ ਸ਼ਿਵੇਨ ਸਣੇ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ। ਟੰਡਨ ਦੀਆਂ ਤਿੰਨ ਨੂੰਹਾਂ ਵੀ ਪਰਿਵਾਰ ਵਿੱਚ ਮੌਜੂਦ ਸਨ। ਟੰਡਨ ਨੇ ਆਪਣੀਆਂ ਪੋਤੀਆਂ ਨਾਲ ਖੇਡਦਿਆਂ ਆਪਣਾ ਥਕੇਵਾਂ ਦੂਰ ਕੀਤਾ ਹੈ। ਉਨ੍ਹਾਂ ਨੇ ਅੱਜ ਪਰਿਵਾਰ ਨਾਲ ਆਰਾਮ ਕਰਨ ਤੋਂ ਪਹਿਲਾਂ, ਗਰਮੀ ਦੌਰਾਨ ਪੈਦਾ ਹੋਈਆਂ ਕੁਝ ਸਰੀਰਕ ਸਮੱਸਿਆਵਾਂ ਬਾਰੇ ਸਿਹਤ ਪੇਸ਼ੇਵਰਾਂ ਮਿਲ ਕੇ ਸਲਾਹ ਵੀ ਲਈ। ਉਨ੍ਹਾਂ ਨੇ ਅਤਿ ਦੀ ਗਰਮੀ ਵਿੱਚ ਚੋਣ ਪ੍ਰਚਾਰ ਕਰਨ ਕਰ ਕੇ ਪੈਦਾ ਹੋਈਆਂ ਸਮੱਸਿਆਵਾਂ ਦਾ ਇਲਾਜ ਕਰਾਇਆ।
ਸ੍ਰੀ ਟੰਡਨ ਨੇ ਦਾਅਵਾ ਕੀਤਾ ਹੈ ਕਿ ਜ਼ਮੀਨੀ ਪੱਧਰ ’ਤੇ ਹਾਲਾਤ ਸਾਫ਼ ਦਰਸਾਉਂਦੇ ਹਨ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਸਮਝ ਚੁੱਕੇ ਹਨ ਕਿ ਮੋਦੀ ਦੇ 10 ਸਾਲ ਦੇ ਕਾਰਜਕਾਲ ਨੇ ਕਾਂਗਰਸ ਦੇ 60 ਸਾਲਾਂ ਦੇ ਕਾਰਜਕਾਲ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਹਰ ਨਾਗਰਿਕ ਜਾਣਦਾ ਹੈ ਕਿ ਸਿਰਫ਼ ਨਰਿੰਦਰ ਮੋਦੀ ਹੀ ਦੇਸ਼ ਦੀ ਅਗਵਾਈ ਕਰ ਸਕਦੇ ਹਨ ਅਤੇ ਚੰਡੀਗੜ੍ਹ ਵਿੱਚ ਵੀ ਭਾਜਪਾ ਭਾਰੀ ਵੋਟਾਂ ਨਾਲ ਜਿੱਤੇਗੀ।

Advertisement

ਮਨੀਸ਼ ਤਿਵਾੜੀ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ।

ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣਾਂ ਤੋਂ ਬਾਅਦ ਅੱਜ ਪਾਰਟੀ ਵਰਕਰਾਂ ਨਾਲ ਆਪਣੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਹੋਰ ਸੀਨੀਅਰ ਆਗੂ ਅਤੇ ਕੌਂਸਲਰ ਵੀ ਮੌਜੂਦ ਰਹੇ। ਸ੍ਰੀ ਤਿਵਾੜੀ ਨੇ ਇਨ੍ਹਾਂ ਤੋਂ ਵੱਖ-ਵੱਖ ਇਲਾਕਿਆਂ ਵਿੱਚ ਹੋਈ ਵੋਟਿੰਗ ਦਾ ਜਾਇਜ਼ਾ ਲਿਆ ਹੈ। ਇਸ ਬਾਰੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਅਤੇ ਦੇਸ਼ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਥੱਕ ਚੁੱਕੇ ਹਨ। ਉਨ੍ਹਾਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਨਕਾਰਦੇ ਹੋਏ ‘ਇੰਡੀਆ’ ਗੱਠਜੋੜ ਨੂੰ ਵੋਟਾਂ ਪਾਈਆਂ ਗਈਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਵਿੱਚ ਮਨੀਸ਼ ਤਿਵਾੜੀ ਜਿੱਤ ਹਾਸਲ ਕਰਨਗੇ ਅਤੇ ਦੇਸ਼ ਵਿੱਚ ਵੀ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ।

Advertisement
Author Image

Advertisement
Advertisement
×