ਏਆਈਟੀਏ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ
ਨਵੀਂ ਦਿੱਲੀ, 28 ਸਤੰਬਰ
ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਏ) ਨੇ ਅੱਜ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਪਰ ਦਿੱਲੀ ਹਾਈ ਕੋਰਟ ਦੇ ਹੁਕਮਾਂ ਕਾਰਨ ਨਤੀਜੇ ਦਾ ਐਲਾਨ ਨਹੀਂ ਕੀਤਾ ਗਿਆ। ਅਦਾਲਤ ਵਿੱਚ ਐਸੋਸੀਏਸ਼ਨ ਵੱਲੋਂ ਖੇਡ ਜ਼ਾਬਤੇ ਦੀ ਉਲੰਘਣਾ ਦੀ ਪਟੀਸ਼ਨ ’ਤੇ ਸੁਣਵਾਈ ਜਾਰੀ ਹੈ। ਏਆਈਟੀਏ ਨੇ ਆਪਣਾ ਸਾਲਾਨਾ ਆਮ ਇਜਲਾਸ (ਏਜੀਐੱਮ) ਵਿੱਚ ਚੋਣ ਕਰਵਾਉਣੀ ਸੀ ਪਰ ਵੋਟਿੰਗ ਦੀ ਲੋੜ ਨਹੀਂ ਪਈ ਕਿਉਂਕਿ ਚੋਣ ਅਧਿਕਾਰੀ ਨੂੰ ਹਰੇਕ ਅਹੁਦੇ ਲਈ ਸਿਰਫ਼ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਸੀ। ਇਸ ਚੋਣ ਵਿੱਚ ਨਵੇਂ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਤੋਂ ਇਲਾਵਾ ਅੱਠ ਉਪ ਪ੍ਰਧਾਨ, ਚਾਰ ਸੰਯੁਕਤ ਸਕੱਤਰ ਅਤੇ 10 ਕਾਰਜਕਾਰੀ ਮੈਂਬਰ ਚੁਣੇ ਗਏ ਹਨ। ਸਾਬਕਾ ਭਾਰਤੀ ਖਿਡਾਰੀਆਂ ਸੋਮਦੇਵ ਦੇਵਵਰਮਨ ਤੇ ਪੂਰਵ ਰਾਜਾ ਨੇ ਏਆਈਟੀਏ ਚੋਣਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਪਟੀਸ਼ਨ ’ਤੇ ਚੋਣਾਂ ’ਤੇ ਰੋਕ ਤਾਂ ਨਹੀਂ ਲਗਾਈ ਪਰ ਏਆਈਟੀਏ ਅਤੇ ਖੇਡ ਮੰਤਰਾਲੇ ਨੂੰ ਆਪਣਾ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਹੋਵੇਗੀ। ਮਾਮਲੇ ਦੀ ਸੁਣਵਾਈ ਤੱਕ ਅਹੁਦੇਦਾਰਾਂ ਦੀ ਨਵੀਂ ਤੇ ਪੁਰਾਣੀ ਟੀਮ ਸਾਂਝੇ ਤੌਰ ’ਤੇ ਫੈਡਰੇਸ਼ਨ ਦਾ ਕੰਮ ਦੇਖੇਗੀ। -ਪੀਟੀਆਈ