ਪੰਜਾਬ ਦੇ ਪੰਜ ਖਿਡਾਰੀਆਂ ਦੀ ਭਾਰਤੀ ਸਬ-ਜੂਨੀਅਰ ਹਾਕੀ ਕੈਂਪ ਲਈ ਚੋਣ
ਨਿੱਜੀ ਪੱਤਰ ਪ੍ਰੇਰਕ
ਜਲੰਧਰ 2 ਅਗਸਤ
ਹਾਕੀ ਇੰਡੀਆ ਵਲੋਂ 21 ਅਗਸਤ ਤੋਂ ਰੋੜਕੇਲਾ ਵਿਖੇ ਲਗਾਏ ਜਾ ਰਹੇ ਭਾਰਤੀ ਸਭ ਜੂਨੀਅਰ ਹਾਕੀ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀਆਂ ਅਤੇ ਦੋ ਖਿਡਾਰਣਾਂ ਦੀ ਚੋਣ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹਾਕੀ ਇੰਡੀਆ ਵੱਲੋਂ ਹੇਠਲੇ ਪੱਧਰ ਤੋਂ ਹਾਕੀ ਦੇ ਪੱਧਰ ਨੂੰ ਉਪਰ ਚੁੱਕਣ ਲਈ ਭਾਰਤੀ ਸਭ ਜੂਨੀਅਰ ਹਾਕੀ ਕੈਂਪ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀ ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ, ਹਰਸ਼ਦੀਪ ਸਿੰਘ ਅਤੇ ਮਨਮੀਤ ਸਿੰਘ ਰਾਏ ਦੀ ਚੋਣ ਹੋਈ ਹੈ ਜਦਕਿ ਦੋ ਖਿਡਾਰਣਾਂ ਹਰਜੀਤ ਕੌਰ ਅਤੇ ਸ਼ਰਨਜੀਤ ਕੌਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਖਿਡਾਰੀਆਂ ਅਤੇ ਖਿਡਾਰਣਾਂ ਨੂੰ ਰਾਸ਼ਟਰੀ ਕੈਂਪ ਲਈ 19 ਅਗਸਤ ਨੂੰ ਰੋੜਕੇਲਾ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਖਿਡਾਰੀਆਂ ਅਤੇ ਖਿਡਾਰਣਾਂ ਦੀ ਚੋਣ ਤੇ ਹਾਕੀ ਪੰਜਾਬ ਦੇ ਸਾਰੇ ਮੈਂਬਰਾਂ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।
ਸ਼ਰਨਜੀਤ ਕੌਰ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਵਿਦਿਆਰਥਣ ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੀ ਖਿਡਾਰਣ ਹੈ ਜਦਕਿ ਹਰਜੀਤ ਕੌਰ ਬਠਿੰਡਾ ਨਾਲ ਸਬੰਧਤ ਹੈ। ਜਦਕਿ ਪ੍ਰਭਜੋਤ ਸਿੰਘ ਅਤੇ ਮਨਮੀਤ ਸਿੰਘ ਰਾਏ ਮੋਹਾਲੀ ਪੀਆਈਐਸ ਨਾਲ ਸਬੰਧਤ ਹਨ ਅਤੇ ਹਰਸ਼ਦੀਪ ਸਿੰਘ ਐਸਜੀਪੀਸੀ ਅਕੈਡਮੀ ਨਾਲ ਸਬੰਧਤ ਹੈ। ਮਨਮੀਤ ਸਿੰਘ ਰਾਏ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ ਦਾ ਛੋਟਾ ਭਰਾ ਹੈ।