ਸੇਲਬਰਾਹ ਖੇਡ ਮੇਲਾ: ਕਬੱਡੀ ਓਪਨ ਵਿੱਚ ਕਲਿਆਣ ਦੀ ਟੀਮ ਜੇਤੂ
ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 1 ਅਕਤੂਬਰ
ਬਾਬਾ ਸਿੱਧ ਸਪੋਰਟਸ ਵੈੱਲਫੇਅਰ ਕਲੱਬ ਪਿੰਡ ਸੇਲਬਰਾਹ ਵੱਲੋਂ 49ਵਾਂ ਸਲਾਨਾ ਚਾਰ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਮਾਜ ਸੇਵੀ ਕਟਾਰ ਸਿੰਘ ਬਰਾੜ ਨੇ ਕੀਤਾ। ਕਲੱਬ ਪ੍ਰਧਾਨ ਜੰਗ ਸਿੰਘ ਔਲਖ ਨੇ ਦੱਸਿਆ ਕਿ ਕਬੱਡੀ ਓਪਨ ਦੀਆਂ 32 ਟੀਮਾਂ ਨੇ ਭਾਗ ਲਿਆ। ਕਬੱਡੀ ਓਪਨ ਦੇ ਮੁਕਾਬਲੇ ਵਿਚ ਕਲਿਆਣ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 71 ਹਜ਼ਾਰ ਤੇ ਸੇਲਬਰਾਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਕਬੱਡੀ ਓਪਨ ਦੇ ਵਧੀਆ ਧਾਵੀ ਬਲਕਰਨ ਕਲਿਆਣ ਅਤੇ ਬੈਸਟ ਜਾਫੀ ਗੱਗੀ ਚੱਕ ਦੇਸੂਵਾਲਾ ਨੂੰ ਸਕੂਟਰਾਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ 70 ਕਿਲੋਗ੍ਰਾਮ ਵਿਚ ਭੈਣੀ ਬਾਹੀਆ ਨੇ ਪਹਿਲਾਂ ਅਤੇ ਸ਼ੇਰੋਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਵਧੀਆ ਧਾਵੀ ਜੋਨੀ ਭੈਣੀ ਬਾਹੀਆ, ਵਧੀਆ ਜਾਫੀ ਸੰਦੀਪ ਤਾਜੋਕੇ ਅਤੇ ਲੱਭੀ ਭੈਣੀ ਬਾਹੀਆ ਚੁਣੇ ਗਏ। ਵਾਲੀਬਾਲ ਦੇ ਫਾਈਨਲ ਮੁਕਾਬਲੇ ਵਿਚ ਭਾਗਥਲ ਦੀ ਟੀਮ ਨੇ ਨਰਿੰਦਰ ਧਨੋਆ ਕਲੱਬ ਬਠਿੰਡਾ ਨੂੰ ਹਰਾਇਆ। ਕਲੱਬ ਪ੍ਰਧਾਨ ਜੰਗ ਔਲਖ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜੀਤ ਬਰਾੜ, ਜਗਪਾਲ ਔਲਖ, ਗਿੰਦਾ ਸੰਧੂ, ਗੁਰਪ੍ਰੀਤ ਪੂਹਲਾ, ਕਾਲਾ ਸਿੱਧੂ, ਕੇਵਲ ਗਿੱਲ ਤੇ ਹੋਰ ਹਾਜ਼ਰ ਸਨ।