ਕਿਸਾਨ ਸੁਸਾਇਟੀ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਮੰਗੀ
ਪੱਤਰ ਪ੍ਰੇਰਕ
ਸ਼ੇਰਪੁਰ, 18 ਅਗਸਤ
ਖੇਤੀਵਾੜੀ ਵਿਭਾਗ ਵੱਲੋਂ ਭਵਿੱਖ ’ਚ ਪਰਾਲੀ ਦਾ ਕੰਮ ਘਟਾਉਣ ਲਈ ਕਿਸਾਨਾਂ ਨੂੰ ਵੱਡੀ ਸਬਸਿਡੀ ’ਤੇ ਮਸ਼ੀਨਰੀ ਦੇਣ ਸਬੰਧੀ ਉਦਯੋਗ ਵਿਭਾਗ ਤੋਂ ਲੋੜੀਂਦਾ ਸੁਸਾਇਟੀ ਰਜਿਸਟਰੇਸ਼ਨ ਦਾ ਸਰਟੀਫਿਕੇਟ ਕਿਸਾਨਾਂ ਨੂੰ ਜਾਰੀ ਕਰਨ ਮੌਕੇ ਖਾਸ ਏਜੰਟਾਂ ਦੀਆਂ ਫਾਈਲਾਂ ਨੂੰ ਪਹਿਲ ਦੇਣ ਤੇ ਆਮ ਕਿਸਾਨਾਂ ਨੂੰ ਇਤਰਾਜ ਲਾ ਕੇ ਪ੍ਰੇਸ਼ਾਨ ਕਰਨ ਦੇ ਮਾਮਲੇ ਦੀ ਲੋਕ ਸੰਘਰਸ਼ ਕਮੇਟੀ ਨੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਉਦਯੋਗ ਵਿਭਾਗ ਮਾਲੇਰਕੋਟਲਾ ਵਿੱਚ ਇੱਕ ਦਫ਼ਤਰੀ ਬਾਬੂ ਆਪਣੇ ਚਹੇਤੇ ਏਜੰਟਾਂ ਰਾਹੀਂ ਆਈਆਂ ਫਾਈਲਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਵਾਉਂਦਾ ਹੈ।
ਜੀਐੱਮ ਨੇ ਦੋਸ਼ ਨਕਾਰੇ
ਉਦਯੋਗ ਵਿਭਾਗ ਮਾਲੇਰਕੋਟਲਾ ਦੇ ਜੀਐੱਮ ਧਰਮਪਾਲ ਭਗਤ ਨੇ ਸੰਪਰਕ ਕਰਨ ’ਤੇ ਏਜੰਟਾਂ ਦੀਆਂ ਫਾਈਲਾਂ ਨੂੰ ਤਰਜ਼ੀਹ ਦੇਣ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ। ਉਨ੍ਹਾਂ ਕਿਹਾ ਕਿ ਤਕਰੀਬਨ ਪੌਣੇ ਦੋ ਸੌ ਦਰਖ਼ਾਸਤਾ ਪ੍ਰਾਪਤ ਹੋਈਆਂ ਹਨ, ਲੰਘੇ ਸ਼ੁੱਕਰਵਾਰ ਸ਼ਾਮ ਤੱਕ ਸਾਰਿਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਹਨ ਅਤੇ ਬਾਕੀ ਰਹਿੰਦੇ ਕਿਸਾਨਾਂ ਨੂੰ ਸੋਮਵਾਰ ਨੂੰ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਸਨ।