For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਮੁਤਾਬਿਕ ਬੀਜ

06:15 AM Aug 13, 2024 IST
ਵਾਤਾਵਰਨ ਮੁਤਾਬਿਕ ਬੀਜ
Advertisement

ਜਲਵਾਯੂ ਤਬਦੀਲੀ ’ਤੇ ਬਣੀ ਅੰਤਰ-ਦੇਸ਼ੀ ਕਮੇਟੀ ਨੇ ਪਿਛਲੇ ਮਹੀਨੇ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਕਿ ਮੌਨਸੂਨ ਦਾ ਬਦਲ ਰਿਹਾ ਰੂਪ, ਘਾਤਕ ਗਰਮੀ, ਸਮੁੰਦਰ ਦਾ ਵਧਦਾ ਪੱਧਰ ਤੇ ਤੇਜ਼ ਤੂਫ਼ਾਨ ਭਾਰਤ ’ਚ ਖੇਤੀ ਖੇਤਰ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ। ਸੰਭਾਵਨਾ ਜਤਾਈ ਗਈ ਹੈ ਕਿ ਜਲਵਾਯੂ ਤਬਦੀਲੀ ਦਾ ਅਸਰ ਘਟਾਉਣ ਸਬੰਧੀ ਰਣਨੀਤੀਆਂ ਦੀ ਗ਼ੈਰ-ਹਾਜ਼ਰੀ ਖੇਤੀਬਾੜੀ ਹੇਠਲੇ ਰਕਬੇ ਅਤੇ ਫ਼ਸਲੀ ਪੈਦਾਵਾਰ ਦੇ ਘਟਣ ਦਾ ਕਾਰਨ ਬਣ ਸਕਦੀ ਹੈ। ਛੋਟੇ ਪੱਧਰ ਦੇ ਉਤਪਾਦਕਾਂ ਉੱਤੇ ਇਸ ਦਾ ਅਸਰ ਵੱਧ ਦੇਖਿਆ ਜਾਵੇਗਾ ਜਿਹੜੇ ਮੀਂਹ ਨਾਲ ਹੁੰਦੀ ਖੇਤੀਬਾੜੀ ’ਤੇ ਵੱਧ ਨਿਰਭਰ ਹਨ। ਵਾਤਾਵਰਨ ਮੁਤਾਬਿਕ ਫ਼ਸਲਾਂ ਇਸ ਉਦੇਸ਼ ਨਾਲ ਤਿਆਰ ਕੀਤੀਆਂ ਗਈਆਂ ਹਨ ਕਿ ਮਾੜੀਆਂ ਸਥਿਤੀਆਂ ਵਿੱਚ ਵੀ ਪੈਦਾਵਾਰ ਕਾਇਮ ਰਹੇ ਜਾਂ ਵਧਦੀ ਰਹੇ। ਭਾਰਤੀ ਖੇਤੀਬਾੜੀ ਖੋਜ ਕੌਂਸਲ ਨੇ ਜਲਵਾਯੂ ਅਨੁਕੂਲ ਖੇਤੀ ਖੇਤਰ ’ਚ ਨਵੀਆਂ ਕਾਢਾਂ ਦਾ ਪ੍ਰਾਜੈਕਟ 2011 ਵਿੱਚ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਜਿਹੀਆਂ ਜਿਣਸਾਂ ਤਿਆਰ ਕਰਨ ਲਈ ਵਿਆਪਕ ਯਤਨ ਕੀਤੇ ਗਏ ਹਨ। ਇਨ੍ਹਾਂ ਕਿਸਮਾਂ ਨੂੰ ਪਰਖ ਕੇ ਵਰਤੋਂ ਵਿੱਚ ਵੀ ਲਿਆਂਦਾ ਗਿਆ ਹੈ ਜਿਸ ਦੇ ਚੰਗੇ ਸਿੱਟੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੈਦਾਵਾਰ ਵਾਲੀਆਂ ਵਾਤਾਵਰਨ ਅਨੁਕੂਲ ਜਿਹੜੀਆਂ ਫ਼ਸਲੀ ਜਿਣਸਾਂ ਲਾਂਚ ਕੀਤੀਆਂ ਹਨ, ਉਹ ਅਜਿਹੇ ਉੱਦਮਾਂ ਦਾ ਹੀ ਹਿੱਸਾ ਹਨ। ਸਰਕਾਰ ਦਾ ਕਹਿਣਾ ਹੈ ਕਿ ਕਣਕ ਲਈ ਵਾਤਾਵਰਨ ਅਨੁਕੂਲ ਬੀਜਾਂ ਦੀ ਸਫ਼ਲਤਾ ਨਾਲ ਵਰਤੋਂ ਕਰ ਕੇ ਬੰਪਰ ਪੈਦਾਵਾਰ ਲੈਣ ਤੋਂ ਬਾਅਦ ਹੁਣ ਇਸ ਸਾਲ ਇਨ੍ਹਾਂ ਬੀਜਾਂ ਨਾਲ ਝੋਨੇ ਹੇਠਲਾ ਰਕਬਾ ਵਧਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ। ਸਵਦੇਸ਼ੀ ਕਾਢਾਂ ਨੂੰ ਲਗਾਤਾਰ ਸਹਾਰਾ ਦੇਣਾ ਪੈਂਦਾ ਹੈ ਜਿਸ ਵਿੱਚ ਪ੍ਰਾਈਵੇਟ ਖੇਤਰ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਰਿਆਇਤਾਂ ਦੇਣਾ ਵੀ ਸ਼ਾਮਿਲ ਹੁੰਦਾ ਹੈ ਤਾਂ ਕਿ ਕੋਸ਼ਿਸ਼ਾਂ ਨੂੰ ਉਮੀਦ ਮੁਤਾਬਿਕ ਕਾਮਯਾਬੀ ਮਿਲ ਸਕੇ।
ਜਲਵਾਯੂ ਤਬਦੀਲੀ ਮੁਤਾਬਿਕ ਢਲਣ ਲਈ ਵਿੱਢੇ ਕੌਮੀ ਪੱਧਰ ਦੇ ਪ੍ਰੋਗਰਾਮਾਂ ਦੀ ਕੋਈ ਕਮੀ ਨਹੀਂ ਹੈ। ਮੁਹੱਈਆ ਸਾਧਨਾਂ ਦੇ ਨਿਆਂ ਸੰਗਤ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਜਲ ਸੰਭਾਲ, ਜੰਗਲਾਤ ਹੇਠਲੇ ਰਕਬੇ ਨੂੰ ਬਚਾਉਣ ਤੋਂ ਲੈ ਕੇ ਮਿੱਟੀ ਦੀ ਗੁਣਵੱਤਾ ਬਾਰੇ ਕਾਰਡ ਸਕੀਮ ਇਨ੍ਹਾਂ ਪ੍ਰੋਗਰਾਮਾਂ ਦੇ ਘੇਰੇ ਵਿੱਚ ਆਉਂਦੇ ਹਨ। ‘ਸੋਇਲ ਹੈਲਥ ਕਾਰਡ’ ਦਾ ਮੰਤਵ ਯੂਰੀਆ ਖਾਦਾਂ ਦੀ ਲੋੜੋਂ ਵੱਧ ਵਰਤੋਂ ’ਤੇ ਲਗਾਮ ਕਸਣਾ ਹੈ ਤੇ ਇਸ ਲਈ ਸਮੇਂ-ਸਮੇਂ ’ਤੇ ਯਤਨ ਕੀਤੇ ਗਏ ਹਨ। ਫ਼ਸਲੀ ਵਨ-ਸਵੰਨਤਾ ਫਿਲਹਾਲ ਹੌਲੀ-ਹੌਲੀ ਅੱਗੇ ਵਧ ਰਹੀ ਹੈ ਹਾਲਾਂਕਿ ਕਈ ਰਾਜ ਕੁਦਰਤੀ ਖੇਤੀ ਨੂੰ ਵਿਆਪਕ ਤੌਰ ’ਤੇ ਉਤਸ਼ਾਹਿਤ ਕਰ ਰਹੇ ਹਨ। ਪੰਜਾਬ ਸਣੇ ਕਈ ਰਾਜਾਂ ਵੱਲੋਂ ਕੁਦਰਤੀ ਖੇਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।
ਕਾਬਿਲ-ਏ-ਗੌਰ ਹੈ ਕਿ ਇਕੱਲੀ ਤਕਨੀਕ ਦੀ ਕਾਰਗੁਜ਼ਾਰੀ ਇਸ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਨਹੀਂ ਬਣਾ ਸਕਦਾ। ਵਿਗਿਆਨਕ ਜਾਣਕਾਰੀ ਤੱਕ ਕਿਸਾਨਾਂ ਦੀ ਪਹੁੰਚ ਵੀ ਓਨੀ ਹੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਪਹੁੰਚ ਕਾਇਮ ਕਰਨ ਲਈ ਸੇਵਾਵਾਂ ਨੂੰ ਵੀ ਕਾਰਗਰ ਬਣਾਉਣਾ ਪਏਗਾ। ਕਿਸਾਨਾਂ ਨੂੰ ਬਿਹਤਰ ਬਦਲ ਦੇਣ ਦੀ ਬਹਿਸ ਵਿਚਾਲੇ ਪਹਿਲਾਂ ਉਨ੍ਹਾਂ ਨੂੰ ਵਾਤਾਵਰਨ ਅਨੁਕੂਲ ਖੇਤੀ ਲਈ ਸਹਿਮਤ ਕਰਨਾ ਪਏਗਾ ਜਿਸ ਲਈ ਵਿਆਪਕ ਯਤਨਾਂ ਦੀ ਲੋੜ ਹੈ। ਯਤਨਾਂ ਨੂੰ ਅਸਰਦਾਰ ਬਣਾਉਣ ਲਈ ਖੋਜ ਅਤੇ ਵਿਕਾਸ ਨੂੰ ਕੇਂਦਰ ਵਿਚ ਰੱਖਣਾ ਪਏਗਾ।

Advertisement

Advertisement
Advertisement
Author Image

joginder kumar

View all posts

Advertisement