For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਕਰਮੀਆਂ ਦੀ ਸੁਰੱਖਿਆ

06:16 AM Aug 13, 2024 IST
ਮੈਡੀਕਲ ਕਰਮੀਆਂ ਦੀ ਸੁਰੱਖਿਆ
Advertisement

ਕੋਲਕਾਤਾ ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪੋਸਟ-ਗਰੈਜੂਏਟ ਟਰੇਨੀ ਡਾਕਟਰ ਨਾਲ ਵਾਪਰੀ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ ਅਤੇ ਕਈ ਖੇਤਰਾਂ ਵਿੱਚ ਡਾਕਟਰ ਤੇ ਮੈਡੀਕਲ ਕਰਮੀ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸ ਘਟਨਾ ਦੀ ਭਿਆਨਕਤਾ ਦੀ ਤੁਲਨਾ 2021 ਦੇ ਦਿੱਲੀ ਨਿਰਭਯਾ ਕੇਸ ਨਾਲ ਕੀਤੀ ਜਾਣ ਲੱਗ ਪਈ ਹੈ ਜਿਸ ਨੇ ਦੇਸ਼ ਦੀ ਆਤਮਾ ਨੂੰ ਝੰਜੋਡਿ਼ਆ ਸੀ ਅਤੇ ਇਸ ਕਰ ਕੇ ਜਬਰ-ਜਨਾਹ ਦੇ ਕਾਨੂੰਨ ਸਖ਼ਤ ਬਣਾਉਣ ਦਾ ਰਾਹ ਪੱਧਰਾ ਹੋਇਆ ਸੀ। ਰੈਜ਼ੀਡੈਂਟ ਡਾਕਟਰ ਆਪਣੀ ਡਿਊਟੀ ਤੋਂ ਬਾਅਦ ਸੈਮੀਨਾਰ ਹਾਲ ਵਿੱਚ ਗਈ ਸੀ ਜਿੱਥੇ ਉਸ ’ਤੇ ਜਿਨਸੀ ਹਮਲਾ ਹੋਇਆ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਅਸਤੀਫ਼ਾ ਦੇ ਦਿੱਤਾ ਹੈ; ਦੋ ਸੁਰੱਖਿਆ ਗਾਰਡਾਂ ਨੂੰ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਬਰਤਰਫ਼ ਕਰ ਦਿੱਤਾ ਗਿਆ ਹੈ। ਇਸ ਖੌਫ਼ਨਾਕ ਘਟਨਾ ਦੀ ਤਹਿ ਤੱਕ ਪੁੱਜਣ ਲਈ ਉੱਚ ਪੱਧਰੀ ਜਾਂਚ ਕਰਾਉਣ ਦੀ ਲੋੜ ਹੈ।
ਸਿਹਤ ਸੰਭਾਲ ਨਾਲ ਜੁੜੇ ਪੇਸ਼ੇਵਰ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਮੇਂ ਦੀ ਅਣਸਰਦੀ ਲੋੜ ਹੈ। ਅਜਿਹਾ ਕੀ ਹੈ ਜਿਸ ਕਰ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੀ ਇਹ ਬਰਾਦਰੀ ਹਿੰਸਾ ਦਾ ਸ਼ਿਕਾਰ ਬਣ ਰਹੀ ਹੈ? ਇਨ੍ਹਾਂ ਕਰਮੀਆਂ ਦੀਆਂ ਡਿਊਟੀਆਂ ਬਹੁਤ ਸਖ਼ਤ ਹੁੰਦੀਆਂ ਹਨ, ਵੇਲੇ ਕੁਵੇਲੇ ਕੰਮ ਕਰਨਾ ਪੈਂਦਾ ਹੈ, ਕੰਮ ਦਾ ਬੇਤਹਾਸ਼ਾ ਬੋਝ ਰਹਿੰਦਾ ਹੈ, ਸਟਾਫ ਦੀ ਘਾਟ ਅਕਸਰ ਰਹਿੰਦੀ ਹੈ, ਅਕਸਰ ਅਣਚਾਹੇ ਸ਼ਖ਼ਸ ਉਨ੍ਹਾਂ ਦੀਆਂ ਕੰਮਕਾਜੀ ਥਾਵਾਂ ’ਤੇ ਚਲੇ ਆਉਂਦੇ ਹਨ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਦਬਾਅ ਰਹਿੰਦਾ ਹੈ ਜੋ ਅਜਿਹੇ ਕਾਰਕ ਹਨ ਜਿਨ੍ਹਾਂ ਕਰ ਕੇ ਮੈਡੀਕਲ ਕਰਮੀਆਂ ਨੂੰ ਲਗਾਤਾਰ ਜੂਝਣਾ ਪੈਂਦਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਅਣਗਿਣਤ ਡਾਕਟਰਾਂ ਅਤੇ ਮੈਡੀਕਲ ਕਰਮੀਆਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਸਨ; ਕਰੀਬ 1600 ਮੈਡੀਕਲ ਕਰਮੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਫਿਰ ਵੀ ਮੈਡੀਕਲ ਬਿਰਾਦਰੀ ਨੂੰ ਨਾ ਬਣਦਾ ਆਦਰ-ਸਤਿਕਾਰ ਮਿਲਦਾ ਹੈ ਤੇ ਨਾ ਹੀ ਉਸ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾਂਦੀ ਹੈ।
ਜੇ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਨੂੰ ਹਰ ਕਦਮ ’ਤੇ ਹਮਲਾ ਜਾਂ ਪਿੱਛਾ ਹੋਣ ਦਾ ਡਰ ਸਤਾਉਂਦਾ ਰਹੇਗਾ ਤਾਂ ਉਹ ਆਪਣੀ ਬਣਦੀ ਯੋਗਤਾ ਮੁਤਾਬਿਕ ਆਪਣਾ ਫ਼ਰਜ਼ ਅਦਾ ਨਹੀਂ ਕਰ ਸਕਣਗੇ। ਸਿਹਤ ਸੰਭਾਲ ਕਰਮੀਆਂ ਅਤੇ ਮੈਡੀਕਲ ਸੰਸਥਾਵਾਂ ਦੀ ਜਾਇਦਾਦ ਦੀ ਰਾਖੀ ਯਕੀਨੀ ਬਣਾਉਣ ਸਬੰਧੀ ਬਿੱਲ ਅਜੇ ਵੀ ਲਟਕਿਆ ਹੋਇਆ ਹੈ। ਪਿਛਲੇ ਸਾਲ ਮਈ ਵਿੱਚ ਨਸ਼ੇੜੀ ਵੱਲੋਂ ਹਸਪਤਾਲ ਵਿੱਚ ਕੇਰਲਾ ਦੀ ਡਾਕਟਰ ਵੰਦਨਾ ਦਾਸ ਦੀ ਹੱਤਿਆ ਕਰਨ ਤੋਂ ਬਾਅਦ ਵੀ ਜ਼ਮੀਨੀ ਪੱਧਰ ’ਤੇ ਕੋਈ ਠੋਸ ਤਬਦੀਲੀ ਨਜ਼ਰ ਨਹੀਂ ਆ ਰਹੀ ਤੇ ਬਹੁਤਿਆਂ ਨੂੰ ਤਾਂ ਨਰਸ ਅਰੁਣਾ ਸ਼ਾਨਬਾਗ਼ ਦਾ ਕੇਸ ਵੀ ਹੁਣ ਯਾਦ ਨਹੀਂ ਹੋਵੇਗਾ ਜਿਸ ’ਤੇ 1973 ਵਿਚ ਮੁੰਬਈ ਦੇ ਇੱਕ ਹਸਪਤਾਲ ’ਚ ਜਿਨਸੀ ਹਮਲਾ ਕੀਤਾ ਗਿਆ ਸੀ ਤੇ ਆਖਿ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਅਗਲੇ ਚਾਰ ਦਹਾਕੇ ਲਗਭਗ ਕੋਮਾ ਦੀ ਸਥਿਤੀ ਵਿੱਚ ਬਿਤਾਏ। ਕੀ ਕੋਲਕਾਤਾ ਵਿੱਚ ਵਾਪਰੀ ਖੌਫ਼ਨਾਕ ਘਟਨਾ ਅਤਿ ਲੋੜੀਂਦੇ ਸੁਧਾਰਾਂ ਦਾ ਰਾਹ ਖੋਲ੍ਹੇਗੀ?

Advertisement
Advertisement
Author Image

joginder kumar

View all posts

Advertisement
×