ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੱਖਿਆ ਬਲ ‘ਗ਼ਲਤੀਆਂ’ ਤੋਂ ਬਚਣ, ਲੋਕਾਂ ਦੇ ਦਿਲ ਜਿੱਤਣ: ਰਾਜਨਾਥ

07:37 AM Dec 28, 2023 IST
ਜੰਮੂ ਦੇ ਦੌਰੇ ਮੌਕੇ ਰੱਖਿਆ ਮੰਤਰੀ ਰਾਜਨਾਥ ਿਸੰਘ ਨਾਲ ਉਪ ਰਾਜਪਾਲ ਮਨੋਜ ਸਿਨਹਾ ਤੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ। -ਫੋਟੋ: ਪੀਟੀਆਈ

ਰਾਜੌਰੀ/ਜੰਮੂ, 27 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਭਾਰਤੀ ਫੌਜ ਜੰਮੂ ਕਸ਼ਮੀਰ ਵਿਚੋਂ ਅਤਿਵਾਦ ਨੂੰ ਉਖਾੜ ਸੁੱਟੇਗੀ। ਸਿੰਘ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ‘ਗ਼ਲਤੀਆਂ’ ਨਾ ਕਰਨ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਸੱਟ ਵੱਜੇ। ਦਹਿਸ਼ਤਗਰਦਾਂ ਵੱਲੋਂ ਪਿਛਲੇ ਹਫ਼ਤੇ ਪੁਣਛ ਵਿੱਚ ਘਾਤ ਲਗਾ ਕੇ ਕੀਤੇ ਹਮਲੇ, ਜਿਸ ਵਿੱਚ ਥਲ ਸੈਨਾ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ, ਦੇ ਮੱਦੇਨਜ਼ਰ ਸੁਰੱਖਿਆ ਹਾਲਾਤ ਦੇ ਜਾਇਜ਼ੇ ਲਈ ਇਕ ਰੋਜ਼ਾ ਫੇਰੀ ਤਹਿਤ ਰਾਜੌਰੀ ਤੇ ਜੰਮੂ ਪੁੱਜੇ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਫ਼ਰਜ਼ ਨਿਭਾਉਂਦਿਆਂ ਲੋਕਾਂ ਦੇ ਦਿਲ ਵੀ ਜਿੱਤਣ। ਰੱਖਿਆ ਮੰਤਰੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਤਿੰਨ ਆਮ ਨਾਗਰਿਕਾਂ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਦੋ ਫੌਜੀ ਵਾਹਨਾਂ ’ਤੇ ਕੀਤੇ ਹਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਚੁੱਕਿਆ ਸੀ, ਦੀਆਂ ਲਾਸ਼ਾਂ ਮਿਲਣ ਮਗਰੋਂ ਵਾਦੀ ਦੇ ਲੋਕਾਂ ਵਿੱਚ ਵੱਡਾ ਰੋਸ ਹੈ। ਰੱਖਿਆ ਮੰਤਰੀ ਨਾਲ ਇਸ ਮੌਕੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਤੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਰਾਜਨਾਥ ਦਿੱਲੀ ਤੋਂ ਜੰਮੂ ਤੇ ਅੱਗੇ ਰਾਜੌਰੀ ਪੁੱਜੇ। ਰਾਜੌਰੀ ਵਿੱਚ ’ਚ ਸੁਰੱਖਿਆ ਬਲਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਮੈਨੂੰ ਤੁਹਾਡੀ ਦਲੇਰੀ ਤੇ ਅਡੋਲਤਾ ਉੱਤੇ  ਯਕੀਨ ਹੈ...ਅਤਿਵਾਦ ਨੂੰ ਜੰਮੂ ਕਸ਼ਮੀਰ ਵਿੱਚੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤੇ ਤੁਹਾਨੂੰ ਇਸੇ ਵਚਨਬੱਧਤਾ ਨਾਲ ਅੱਗੇ ਵਧਣ ਦੀ ਲੋੜ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ।’’ ਪਿਛਲੇ ਹਫ਼ਤੇ 21 ਦਸੰਬਰ ਨੂੰ ਪੁਣਛ ਦੇ ਸੂਰਨਕੋਟ ਇਲਾਕੇ ਵਿਚ ਡੇਰਾ ਕੀ ਗਲੀ ਤੇ ਬੁਫਲਿਆਜ਼ ਵਿਚਾਲੇ ਧਤਯਾਰ ਮੋੜ ’ਤੇ ਦਹਿਸ਼ਤਗਰਦਾਂ ਵੱਲੋਂ ਫੌਜੀ ਵਾਹਨਾਂ ’ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਚਾਰ ਫੌਜੀ ਸ਼ਹੀਦ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ। ਹਮਲੇ ਮਗਰੋਂ ਫੌਜ ਨੇ 27 ਤੋਂ 42 ਸਾਲ ਉਮਰ ਦੇ ਤਿੰਨ ਆਮ ਨਾਗਰਿਕਾਂ ਨੂੰ ਕਥਿਤ ਪੁੱਛਗਿੱਛ ਲਈ ਚੁੱਕਿਆ ਸੀ, ਪਰ ਅਗਲੇ ਦਿਨ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ। ਹਿਰਾਸਤ ’ਚ ਲਏ ਇਨ੍ਹਾਂ ਆਮ ਨਾਗਰਿਕਾਂ ’ਤੇ ਕਥਿਤ ਤਸ਼ੱਦਦ ਢਾਹੁਣ ਦੀ ਵੀਡੀਓ ਜਲਦੀ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਸਿੰਘ ਨੇ ਕਿਹਾ, ‘‘ਅਜਿਹੀਆਂ ਘਟਨਾਵਾਂ (ਘਾਤ ਲਗਾ ਕੇ ਹਮਲਾ) ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਨੂੰ ਪਤਾ ਹੈ ਕਿ ਤੁਸੀਂ ਹਾਲਾਤ ਨੂੰ ਲੈ ਕੇ ਚੌਕਸ ਹੋ, ਪਰ ਮੈਨੂੰ ਲੱਗਦਾ ਹੈ ਕਿ ਵਧੇਰੇ ਚੌਕਸੀ ਦੀ ਲੋੜ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਤੇ ਤੁਹਾਡੀ ਭਲਾਈ ਸਾਡੀ ਸਿਖਰਲੀ ਤਰਜੀਹ ਹੈ।’’ ਰੱਖਿਆ ਮੰਤਰੀ ਨੇ ਤਿੰਨ ਆਮ ਨਾਗਰਿਕਾਂ ਦੀ ਹੱਤਿਆ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਸੁਰੱਖਿਆ ਬਲ ‘ਅਜਿਹੀਆਂ ਗ਼ਲਤੀਆਂ ਤੋਂ ਬਚਣ ਜਿਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਸੱਟ ਵੱਜਦੀ ਹੈ।’ ਮੰਤਰੀ ਨੇ ਕਿਹਾ, ‘‘ਕੁੱਲ ਆਲਮ ਵਿੱਚ ਭਾਰਤੀ ਫੌਜ ਨੂੰ ਸਾਧਾਰਨ ਫੌਜ ਨਹੀਂ ਮੰਨਿਆ ਜਾਂਦਾ। ਲੋਕ ਮੰਨਦੇ ਹਨ ਕਿ ਥਲ ਸੈਨਾ ਇਸ ਤੋਂ ਪਹਿਲਾਂ ਕਦੇ ਇੰਨੀ ਤਾਕਤਵਾਰ ਨਹੀਂ ਸੀ ਤੇ ਅਤੀਤ ਦੇ ਮੁਕਾਬਲੇ ਅਤਿ-ਆਧੁਨਿਕ ਹਥਿਆਰਾਂ ਤੇ ਸਾਜ਼ੋ-ਸਾਮਾਨ ਨਾਲ ਲੈਸ ਹੈ। ਤੁਸੀਂ ਦੇਸ਼ ਦੇ ਰਾਖੇ ਹੋ, ਪਰ ਦੇਸ਼ ਨੂੰ ਬਚਾਉਣ ਦੇ ਨਾਲ ਤੁਹਾਨੂੰ ਨਾਗਰਿਕਾਂ ਦੇ ਦਿਲ ਜਿੱਤਣ ਦੀ ਵੀ ਲੋੜ ਹੈ। ਤੁਹਾਡੇ ਮੋਢਿਆਂ ’ਤੇ ਇਹ ਵੱਡੀ ਜ਼ਿੰਮੇਵਾਰੀ ਹੈ।’’ ਸਿੰਘ ਨੇ ਕਿਹਾ, ‘‘ਤੁਹਾਨੂੰ ਇਹ ਕੰਮ ਵਧੇਰੇ ਸੰਜੀਦਗੀ ਨਾਲ ਕਰਨ ਦੀ ਲੋੜ ਹੈ ਤੇ ਲੋਕਾਂ ਨਾਲ ਮਿਲ ਕੇ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਅਤੇ ਨਬਿੇੇੜੇ ਲਈ ਇਨ੍ਹਾਂ ਮੁੱਦਿਆਂ ਨੂੰ ਢੁੱਕਵੇਂ ਮੰਚ ’ਤੇ ਚੁੱਕ ਕੇ ਹੀ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ।’’ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ। ਰੱਖਿਆ ਮੰਤਰੀ ਨੇ ਕਿਹਾ, ‘‘ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਲੋੜੀਂਦੇ ਤੇ ਢੁੱਕਵੇਂ ਕਦਮ ਚੁੱਕੇ ਜਾਣਗੇ। ਸਾਡੇ ਲਈ ਹਰੇਕ ਫੌਜੀ ਪਰਿਵਾਰ ਦਾ ਹਿੱਸਾ ਹੈ ਤੇ ਉਸ ਦੀ ਜਾਨ ਬਹੁਤ ਕੀਮਤੀ ਹੈ...ਕੋਈ ਸਾਡੇ ਫੌਜੀਆਂ ’ਤੇ ਅੱਖ ਰੱਖੇ, ਇਹ ਸਾਨੂੰ ਸਵੀਕਾਰ ਨਹੀਂ। ਸੁਰੱਖਿਆ ਵਧਾਉਣ ਤੇ ਇੰਟੈਲੀਜੈਂਸ ਇਕੱਤਰ ਕਰਨ ਲਈ ਸਰਕਾਰ ਦੇ ਖ਼ਜ਼ਾਨੇ ਖੁੱਲ੍ਹੇ ਹਨ।’’ ਉਨ੍ਹਾਂ ਕਿਹਾ ਕਿ ਫੌਜੀਆਂ ਦਾ ਬਲਿਦਾਨ ਲਾਮਿਸਾਲ ਹੈ ਤੇ ਇਸ ਨੂੰ ਪੈਸੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਖੱਪੇ ਨੂੰ ਭਰਿਆ ਨਹੀਂ ਜਾ ਸਕਦਾ। -ਪੀਟੀਆਈ 

Advertisement

ਰੱਖਿਆ ਮੰਤਰੀ ਦੀ ਜੰਮੂ ਕਸ਼ਮੀਰ ਫੇਰੀ ਤੋਂ ਕੋਈ ਆਸ ਨਹੀਂ: ਫਾਰੂਕ ਅਬਦੁੱਲਾ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਜੰਮੂ ਕਸ਼ਮੀਰ ਫੇਰੀ ਤੋਂ ਕੋਈ ਆਸ ਨਹੀਂ ਹੈ। ਉਂਜ ਉਨ੍ਹਾਂ ਆਸ ਜਤਾਈ ਕਿ ਪੁਣਛ ਵਿੱਚ ਆਮ ਨਾਗਰਿਕਾਂ ਦੀ ਹੱਤਿਆ ਜਿਹੇ ਮਾਮਲੇ ਦੁਹਰਾਏ ਨਹੀਂ ਜਾਣਗੇ। ਸ੍ਰੀਨਗਰ ਤੋਂ 80 ਕਿਲੋਮੀਟਰ ਦੂਰ ਕੁਲਗਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ, ‘‘ਮੈਨੂੰ ਉਨ੍ਹਾਂ (ਰਾਜਨਾਥ) ਦੀ ਫੇਰੀ ਤੋਂ ਕੋਈ ਆਸ ਨਹੀਂ ਹੈ। ਕੀ ਉਹ ਮਰਿਆਂ ਨੂੰ ਵਾਪਸ ਲਿਆ ਸਕਦੇ ਹਨ? ਕੀ ਉਨ੍ਹਾਂ ਕੋਲ ਇਹ ਤਾਕਤ ਹੈ? ਪਰ ਉਹ ਇੰਨਾ ਕਰ ਸਕਦੇ ਹਨ ਕਿ ਅਜਿਹਾ ਅਨਿਆਂ ਮੁੜ ਨਾ ਹੋਵੇ।’’ ਅਬਦੁੱਲਾ ਨੇ ਕਿਹਾ ਕਿ ਸਿੰਘ ਨੇ ਦੌਰਾ ਕੀਤਾ ‘‘ਕਿਉਂਕਿ ਸਾਡੇ ਲੋਕ ਮਾਰੇ ਗਏ’’ ਤੇ ਮੰਤਰੀ ਨੇ ‘ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣੀ ਸੀ।’’ -ਪੀਟੀਆਈ

ਸੁਰੱਖਿਆ ਬਲਾਂ ਨੇ ਨਵੇਂ ਸਿਰੇ ਤੋਂ ਵਿੱਢੀ ਤਲਾਸ਼ੀ ਮੁਹਿੰਮ

ਪੁਣਛ/ਜੰਮੂ: ਪੁਣਛ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸੁਰੱਖਿਆ ਬਲਾਂ ਨੇ ਸਾਂਬਾ ਤੇ ਪੁਣਛ ਵਿੱਚ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ’ਤੇ ਨਵੇਂ ਸਿਰੇ ਤੋਂ ਤਲਾਸ਼ੀ ਲਈ ਗਈ। ਥਲ ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸੁਰੱਖਿਆ ਬਲਾਂ ਵੱਲੋਂ ਹਮਲੇ ਵਿਚ ਸ਼ਾਮਲ ਦਹਿਸ਼ਤਗਰਦਾਂ ਦਾ ਖੁਰਾ-ਖੋਜ ਲਾਉਣ ਲਈ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਜਾਰੀ ਹੈ।’’ ਰਾਜੌਰੀ ਤੇ ਪੁਣਛ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਪੰਜਵੇਂ ਦਿਨ ਵੀ ਬੰਦ ਰਹੀਆਂ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਤੇ ਸਪੈਸ਼ਲ ਅਪਰੇਸ਼ਨ ਗਰੁੱਪਾਂ ਨੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਤਿੰਨ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਅਧਿਕਾਰੀਆਂ ਨੇ ਕਿਹਾ ਕਿ ਸਰਹੱਦ ਦੇ ਨਾਲ ਸੰਘਣੀ ਧੁੰਦ ਦੇ ਮੱਦੇਨਜ਼ਰ ਇਹਤਿਆਤੀ ਉਪਰਾਲੇ ਵਜੋਂ ਕਾਰਵਾਈ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਪੁਣਛ ਦੇ ਕਿਰਨੀ ਸੈਕਟਰ ਵਿੱਚ ਐੱਲਓਸੀ ਦੇ ਨਾਲ ਵੀ ਨਵੇਂ ਸਿਰੇ ਤੋਂ ਤਲਾਸ਼ੀ ਲਈ। -ਪੀਟੀਆਈ

Advertisement

ਮਾਰੇ ਗਏ ਤਿੰਨ ਆਮ ਨਾਗਰਿਕਾਂ ਦੇ ਪਰਿਵਾਰਾਂ ਨੂੰ ਨਿਆਂ ਦਾ ਭਰੋਸਾ

ਰਾਜੌਰੀ/ਜੰਮੂ: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਇਥੇ ਡਾਕ ਬੰਗਲੇ ਵਿੱਚ ਤਿੰਨ ਆਮ ਨਾਗਰਿਕਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਜਾਂਚ ਤੇ ਨਿਆਂ ਦਾ ਭਰੋਸਾ ਦਿੱਤਾ। ਸਿੰਘ ਨਾਲ ਇਸ ਮੌਕੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਤੇ ਉਪ ਰਾਜਪਾਲ ਮਨੋਜ ਸਿਨਹਾ, ਕਈ ਜ਼ਿਲ੍ਹਾ ਵਿਕਾਸ ਕੌਂਸਲ ਮੈਂਬਰ, ਸਾਬਕਾ ਵਿਧਾਇਕ ਤੇ ਸਿਵਲ ਸੁਸਾਇਟੀ ਮੈਂਬਰ ਵੀ ਮੌਜੁੂਦ ਸਨ। ਰੱਖਿਆ ਮੰਤਰੀ ਮਗਰੋਂ ਸਰਕਾਰੀ ਮੈਡੀਕਲ ਕਾਲਜ ਵੀ ਗਏ, ਜਿੱਥੇ ਉਨ੍ਹਾਂ ਚਾਰ ਹੋਰ ‘ਤਸ਼ੱਦਦ’ ਪੀੜਤਾਂ ਦੀ ਖ਼ਬਰਸਾਰ ਲਈ। ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, ‘‘ਜੋ ਕੁਝ ਵੀ ਹੋਇਆ...ਨਿਆਂ ਮਿਲੇਗਾ।’’ ਦੱਸ ਦੇਈਏ ਕਿ 21 ਦਸੰਬਰ ਨੂੰ ਪੁਣਛ ਵਿਚ ਹੋਏ ਦਹਿਸ਼ਤੀ ਹਮਲੇ ਮਗਰੋਂ ਫੌਜ ਨੇ ਪੁੱਛਗਿੱਛ ਲਈ ਤਿੰਨ ਆਮ ਨਾਗਰਿਕਾਂ ਸਫ਼ੀਰ ਹੁਸੈਨ (43), ਮੁਹੰਮਦ ਸ਼ੌਕਤ (27) ਤੇ ਸ਼ਬੀਰ ਅਹਿਮਦ (32) ਨੂੰ ਕਥਿਤ ਪੁੱਛਗਿੱਛ ਲਈ ਚੁੱਕਿਆ ਸੀ ਤੇ ਅਗਲੇ ਦਿਨ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ। ਚਾਰ ਹੋਰ ਵਿਅਕਤੀਆਂ- ਮੁਹੰਮਦ ਜ਼ੁਲਫਕਾਰ, ਉਸ ਦੇ ਭਰਾ ਮੁਹੰਮਦ ਬੇਤਾਬ, ਫ਼ਜ਼ਲ ਹੁਸੈਨ ਤੇ ਮੁਹੰਮਦ ਫ਼ਾਰੂਕ ਨੂੰ ਪਿਛਲੇ ਹਫ਼ਤੇ ਰਾਜੌਰੀ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਚਾਰਾਂ ਨੇ ਦਾਅਵਾ ਕੀਤਾ ਸੀ ਕਿ ਰਾਜੌਰੀ ਦੇ ਥਾਨਾਮੰਡੀ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢੇ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਉਨ੍ਹਾਂ ਨਾਲ ਕਥਿਤ ਕੁੱਟਮਾਰ ਕੀਤੀ ਸੀ। ਡਾਕ ਬੰਗਲੇ ਵਿੱਚ ਹੋਈ ਮੀਟਿੰਗ ਮੌਕੇ ਮੌਜੂਦ ਸਾਬਕਾ ਐੱਮਐੱਲਸੀ ਸ਼ਹਿਨਾਜ਼ ਗਨਈ ਨੇ ਕਿਹਾ, ‘‘ਰੱਖਿਆ ਮੰਤਰੀ ਤਿੰਨ ਸਿਵਲੀਅਨਾਂ ਦੇ ਪਰਿਵਾਰਾਂ ਤੇ ਸਿਵਲ ਸੁਸਾਇਟੀ ਮੈਂਬਰਾਂ ਨੂੰ ਮਿਲੇ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।’’ - ਪੀਟੀਆਈ

Advertisement