ਸੇਬੀ ਦੀ ਸਖ਼ਤੀ
ਸ਼ੇਅਰ ਬਾਜ਼ਾਰ ਉਪਰ ਨਿਗਰਾਨੀ ਰੱਖਣ ਵਾਲੀ ਸੰਸਥਾ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵਲੋਂ ਨਿਵੇਸ਼ਕਾਂ ਲਈ ਨੇਮ ਸਖ਼ਤ ਕਰਨ ਦੀ ਪਹਿਲਕਦਮੀ ਸੱਟਾ ਬਾਜ਼ਾਰ ਵਿਚ ਝਟਪਟ ਪੈਸਾ ਬਣਾਉਣ ਦੀ ਲਲਕ ਉਪਰ ਕਾਬੂ ਪਾਉਣ ਦਾ ਵਿਹਾਰਕ ਕਦਮ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲੱਖਾਂ ਦੀ ਤਾਦਾਦ ਵਿਚ ਸਿਖਾਂਦਰੂ ਕਾਰੋਬਾਰੀ ਵਾਅਦਾ ਅਤੇ ਸੱਟਾ ਬਾਜ਼ਾਰ ਵਿਚ ਕੁੱਦ ਕੇ ਆਪਣੀ ਵਿੱਤੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਲੈਂਦੇ ਹਨ ਤੇ ਅਕਸਰ ਉਹ ਇਸ ਨੂੰ ਆਨਲਾਈਨ ਕੈਸੀਨੋਆਂ ਵਾਂਗ ਹੀ ਸਮਝਣ ਲੱਗ ਪੈਂਦੇ ਹਨ। ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸੱਟਾ ਬਾਜ਼ਾਰ ਬਣ ਗਿਆ ਹੈ। ਸੇਬੀ ਦੇ ਹਾਲੀਆ ਅਧਿਐਨ ਵਿਚ ਇਸ ਦੇ ਨਾਂਹ ਮੁਖੀ ਸਿੱਟਿਆਂ ਵੱਲ ਇਸ਼ਾਰਾ ਕੀਤਾ ਗਿਆ ਸੀ। ਪਿਛਲੇ ਤਿੰਨ ਵਿੱਤੀ ਸਾਲਾਂ ਦੌਰਾਨ ਵਿਅਕਤੀਗਤ ਬਦਲਾਂ ਵਿਚਲੇ ਕਰੀਬ 93 ਫੀਸਦ ਨਿਵੇਸ਼ਕਾਂ ਨੂੰ ਬਹੁਤ ਜਿ਼ਆਦਾ ਜੋਖ਼ਮ ਪਰ ਮੁਨਾਫ਼ੇ ਵਾਲੇ ਬਾ਼ਜ਼ਾਰ ਵਿਚ ਔਸਤਨ ਪ੍ਰਤੀ ਨਿਵੇਸ਼ਕ ਦੋ ਲੱਖ ਰੁਪਏ ਤੱਕ ਦਾ ਨੁਕਸਾਨ ਉਠਾਉਣਾ ਪਿਆ ਹੈ। ਨਿਗਰਾਨ ਸੰਸਥਾ ਨੇ ਹੁਣ ਐਂਟਰੀ ਰੋਕਾਂ ਵਧਾ ਦਿੱਤੀਆਂ ਹਨ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਸੱਟਾ ਬਾਜ਼ਾਰ ਦੇ ਜਿ਼ਆਦਾ ਜੋਖ਼ਮ ਭਰਪੂਰ ਸੌਦਿਆਂ ਤੋਂ ਲਾਂਭੇ ਰੱਖਣ ਲਈ ਕਾਰੋਬਾਰ ਹੁਣ ਵਧੇਰਾ ਮਹਿੰਗਾ ਬਣਾ ਦਿੱਤਾ ਹੈ। ਸੇਬੀ ਦਾ ਕਹਿਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਵਧੇਗੀ ਅਤੇ ਇਸ ਦੇ ਨਾਲ ਹੀ ਬਾਜ਼ਾਰ ਦੀ ਸਥਿਰਤਾ ਵੀ ਵਧੇਗੀ।
ਚਿੰਤਾ ਦੀ ਗੱਲ ਇਹ ਹੈ ਕਿ ਨੁਕਸਾਨ ਉਠਾ ਚੁੱਕੇ ਤਿੰਨ ਚੌਥਾਈ ਕਾਰੋਬਾਰੀ ਅਜੇ ਵੀ ਇਨ੍ਹਾਂ ਬਾਜ਼ਾਰਾਂ ਵਿਚ ਸਰਗਰਮ ਹਨ। ਸੱਟੇਬਾਜ਼ੀ ਲਈ ਘਰੇਲੂ ਬੱਚਤਾਂ ਨੂੰ ਦਾਅ ਉਪਰ ਲਾਏ ਜਾਣ ਬਾਬਤ, ਭਾਰਤੀ ਰਿਜ਼ਰਵ ਬੈਂਕ ਸਮੇਤ ਵੱਖ-ਵੱਖ ਧਿਰਾਂ ਵਲੋਂ ਖਦਸ਼ੇ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਹੀ ਸੇਬੀ ਨੇ ਇਹ ਕਦਮ ਪੁੱਟਿਆ ਸੀ। ਮਾਹਿਰਾਨਾ ਕਮੇਟੀ ਦੇ ਸੁਝਾਏ ਗਏ ਕਦਮਾਂ ਉਪਰ ਅਮਲ ਹੋਣ ਨਾਲ ਤਵੱਕੋ ਕੀਤੀ ਜਾਂਦੀ ਹੈ ਕਿ ਬੇਤਹਾਸ਼ਾ ਸੱਟੇਬਾਜ਼ੀ ਨੂੰ ਲਗਾਮ ਲੱਗੇਗੀ, ਖਾਸਕਰ ਅਜਿਹੀ ਸੱਟੇਬਾਜ਼ੀ ਨੂੰ ਜਿਸ ਵਿਚ ਵਡੇਰੇ ਘਾਟਿਆਂ ਨੂੰ ਸਮੋਣ ਦੀ ਕਾਬਲੀਅਤ ਉੱਕਾ ਹੀ ਨਹੀਂ ਹੁੰਦੀ। ਕੁਝ ਕੁ ਤਬਦੀਲੀਆਂ ਦਾ ਅਮਲ 20 ਨਵੰਬਰ ਤੋਂ ਸ਼ੁਰੂ ਹੋ ਜਾਵੇਗਾ।
ਸ਼ੇਅਰ ਬਾਜ਼ਾਰ ਵਿਚ ਜਿਵੇਂ ਚੜ੍ਹਤ ਦਾ ਮਾਹੌਲ ਬਣਿਆ ਹੋਇਆ ਹੈ, ਉਸ ਨੂੰ ਦੇਖ ਕੇ ਬਹੁਤ ਸਾਰੇ ਮੱਧਵਰਗੀ ਪਰਿਵਾਰਾਂ ਨੇ ਆਪਣੀਆਂ ਬੱਚਤਾਂ ਦਾ ਪੈਸਾ ਸ਼ੇਅਰ ਬਾਜ਼ਾਰ ਵਿਚ ਲਗਾਇਆ ਹੋਇਆ ਹੈ। ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜਿ਼ਆਦਾਤਰ ਨਿਵੇਸ਼ਕ ਛੋਟੇ ਸ਼ਹਿਰਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਸ ਪ੍ਰਸੰਗ ਵਿਚ ਸਮੱਸਿਆ ਇਹ ਹੈ ਕਿ ਅਣਜਾਣ ਅਤੇ ਘੱਟ ਪੜ੍ਹੇ ਲਿਖੇ ਨਿਵੇਸ਼ਕ ਪ੍ਰਚੂਨ ਸੱਟੇਬਾਜ਼ੀ ਮਾਫੀਆ ਦਾ ਸ਼ਿਕਾਰ ਬਣ ਰਹੇ ਹਨ। ਇਸ ਕਰ ਕੇ ਸੇਬੀ ਨੇ ਜੋ ਦਖ਼ਲ ਦਿੱਤਾ ਹੈ, ਉਹ ਸਹੀ ਦਿਸ਼ਾ ਵਿਚ ਕਦਮ ਕਿਹਾ ਜਾ ਸਕਦਾ ਹੈ।