For the best experience, open
https://m.punjabitribuneonline.com
on your mobile browser.
Advertisement

ਜਾਖੜ ਦੀ ਨਸੀਹਤ

06:38 AM Oct 04, 2024 IST
ਜਾਖੜ ਦੀ ਨਸੀਹਤ
Advertisement

ਭਾਰਤੀ ਜਨਤਾ ਪਾਰਟੀ ਬਾਰੇ ਆਮ ਪ੍ਰਭਾਵ ਹੈ ਕਿ ਇਸ ਦਾ ਢਾਂਚਾ ਨਿਸਬਤਨ ਬਹੁਤ ਅਨੁਸ਼ਾਸਿਤ ਹੈ ਅਤੇ ਇਸ ਦੀ ਕਾਰਜ ਪ੍ਰਣਾਲੀ ਬਹੁਤ ਪੁਖਤਾ ਹੈ ਪਰ ਇਸ ਵੇਲੇ ਪਾਰਟੀ ਦੀ ਪੰਜਾਬ ਇਕਾਈ ਵਿੱਚ ‘ਸਭ ਅੱਛਾ’ ਨਹੀਂ ਚੱਲ ਰਿਹਾ। ਪਾਰਟੀ ਦੀਆਂ ਸਫ਼ਾਂ ਅੰਦਰ ਨਾਰਾਜ਼ ਸੁਰਾਂ ਕਾਫ਼ੀ ਦੇਰ ਤੋਂ ਉੱਠ ਰਹੀਆਂ ਸਨ ਪਰ ਹੁਣ ਇਹ ਸੁਰਾਂ ਬਾਹਰ ਵੀ ਆਉਣ ਲੱਗ ਪਈਆਂ ਹਨ। ਇਕਾਈ ਪ੍ਰਧਾਨ ਸੁਨੀਲ ਜਾਖੜ ਆਪਣੇ ਅਹੁਦੇ ’ਤੇ ਬਣੇ ਰਹਿਣ ਲਈ ਰਾਜ਼ੀ ਨਹੀਂ ਹੋ ਰਹੇ ਜਿਸ ਨਾਲ ਪਾਰਟੀ ਦੀਆਂ ਦੁਫੇੜਾਂ ਜੱਗ ਜ਼ਾਹਿਰ ਹੋ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਸਿਰਮੌਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਫ਼ ਲਫਜ਼ਾਂ ਵਿੱਚ ਆਖ ਦਿੱਤਾ ਹੈ ਕਿ ਪਾਰਟੀ ਨੂੰ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣੀ ਪਹੁੰਚ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਹੈ ਕਿ ਕੇਂਦਰ ਨੂੰ ਕਿਸਾਨਾਂ ਦੇ ਮਸਲਿਆਂ ਨੂੰ ਫੌਰੀ ਸੁਲਝਾਉਣ ਦੀ ਲੋੜ ਹੈ ਅਤੇ ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ’ਚੋਂ ਪੈਰੋਲ ਦੇ ਆਧਾਰ ’ਤੇ ਰਿਹਾਅ ਕਰਾਉਣ ਦੀ ਰਣਨੀਤੀ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਇਹ ਦੋਵੇਂ ਸੰਵੇਦਨਸ਼ੀਲ ਮੁੱਦੇ ਹਨ। ਸੂਬੇ ਦੇ ਕਿਸਾਨਾਂ ਨੇ ਕਈ ਹੋਰਨਾਂ ਸੂਬਿਆਂ ਦੇ ਕਿਸਾਨਾਂ ਨਾਲ ਰਲ ਕੇ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿ਼ਲਾਫ਼ ਸਾਲ ਭਰ ਲੜਾਈ ਲੜੀ ਸੀ ਜਦੋਂਕਿ ਡੇਰਾ ਮੁਖੀ ਦੀ ਬੇਅਦਬੀ ਅਤੇ ਸਵਾਂਗ ਦੇ ਕੇਸਾਂ ਵਿੱਚ ਕਥਿਤ ਸ਼ਮੂਲੀਅਤ ਕਰ ਕੇ ਉਸ ਨੂੰ ਅਜੇ ਤੱਕ ਸਿੱਖ ਭਾਈਚਾਰੇ ਵੱਲੋਂ ਮੁਆਫ਼ੀ ਨਹੀਂ ਮਿਲ ਸਕੀ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਬਣੀਆਂ ਤਿੰਨ ਸਰਕਾਰਾਂ ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਿਲ ਰਹੀ ਹੈ ਪਰ ਹੁਣ ਇਹ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਆਪਣੇ ਪੈਰ ਜਮਾਉਣ ਦੇ ਯਤਨ ਕਰ ਰਹੀ ਹੈ। ਇਸ ਨੇ ਆਪਣੀ ਪ੍ਰਦੇਸ਼ ਇਕਾਈ ਨੂੰ ਹੁਲਾਰਾ ਦੇਣ ਦੇ ਇਰਾਦੇ ਨਾਲ ਕਾਂਗਰਸ ਦੇ ਕਈ ਆਗੂਆਂ ਨੂੰ ਆਪਣੇ ਖੇਮੇ ਵਿੱਚ ਰਲਾ ਲਿਆ ਸੀ ਪਰ ਇਸ ਨਾਲ ਪਾਰਟੀ ਨੂੰ ਕੋਈ ਬਹੁਤਾ ਚੁਣਾਵੀ ਲਾਭ ਨਹੀਂ ਮਿਲ ਸਕਿਆ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਵੋਟ ਪ੍ਰਤੀਸ਼ਤਤਾ ਵਿੱਚ ਤਾਂ ਕਾਫ਼ੀ ਸੁਧਾਰ ਆਇਆ ਸੀ ਪਰ ਪਾਰਟੀ ਕੋਈ ਸੀਟ ਨਾ ਜਿੱਤ ਸਕੀ। ਹੁਣ ਇਸ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਲੱਗੀਆਂ ਹੋਈਆਂ ਹਨ ਜਿਸ ਕਰ ਕੇ ਇਸ ਨੂੰ ਕਾਫ਼ੀ ਸੰਭਲ ਕੇ ਚੱਲਣਾ ਪਵੇਗਾ। ਕਿਸਾਨ ਤੇ ਸਿੱਖ ਪੰਜਾਬ ਦਾ ਵੱਡਾ ਵੋਟ ਬੈਂਕ ਬਣਦੇ ਹਨ ਅਤੇ ਇਸ ਨੂੰ ਨਾਰਾਜ਼ ਕਰ ਕੇ ਜਾਂ ਅਣਡਿੱਠ ਕਰ ਕੇ ਕੋਈ ਵੀ ਧਿਰ ਸੱਤਾ ਦੀ ਦਾਅਵੇਦਾਰ ਨਹੀਂ ਬਣ ਸਕਦੀ।
ਕੇਂਦਰ ਸਰਕਾਰ ਨੇ ਭਾਵੇਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ ਪਰ ਅੰਦੋਲਨ ਦੌਰਾਨ ਹੋਏ ਜਾਨੀ ਅਤੇ ਹੋਰ ਨੁਕਸਾਨ ਦੇ ਰੂਪ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਪਈ ਸੀ ਜਿਸ ਕਰ ਕੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮੁਆਫ਼ ਨਹੀਂ ਕੀਤਾ। ਇਸ ਤੋਂ ਇਲਾਵਾ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਵੀ ਕੇਂਦਰ ਸਰਕਾਰ ਲਗਾਤਾਰ ਟਾਲਮਟੋਲ ਕਰ ਰਹੀ ਹੈ ਜਿਸ ਕਰ ਕੇ ਕਿਸਾਨਾਂ ਅੰਦਰ ਸਰਕਾਰ ਪ੍ਰਤੀ ਭਰੋਸਾ ਨਹੀਂ ਬਣ ਸਕਿਆ। ਇਸ ਮਸਲੇ ’ਤੇ ਕਿਸਾਨਾਂ ਦਾ ਇੱਕ ਹਿੱਸਾ ਅਜੇ ਵੀ ਸੜਕਾਂ ਉੱਤੇ ਹੈ। ਹੁਣ ਵੀ ਜੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜਾਖੜ ਦੀ ਨਸੀਹਤ ’ਤੇ ਕੰਨ ਧਰ ਲਵੇ ਤਾਂ ਉਸ ਲਈ ਆਉਣ ਵਾਲੇ ਦਿਨ ਸਾਜ਼ਗਾਰ ਬਣ ਸਕਦੇ ਹਨ। ਇਸ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋਵੇਗਾ।

Advertisement

Advertisement
Advertisement
Author Image

joginder kumar

View all posts

Advertisement