ਸੇਬੀ ਮੁਖੀ ਬੁੱਚ ਤੇ ਪਤੀ ਨੇ ਕਾਂਗਰਸ ਦੇ ਦੋਸ਼ਾਂ ਨੂੰ ਨਕਾਰਿਆ
ਨਵੀਂ ਦਿੱਲੀ, 13 ਸਤੰਬਰ
ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁੱਚ ਅਤੇ ਉਨ੍ਹਾਂ ਦੇ ਪਤੀ ਧਵਲ ਬੁੱਚ ਨੇ ਅਣਉਚਿਤਤਾ ਅਤੇ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਅੱਜ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਦੋਸ਼ ਗਲਤ, ਪ੍ਰੇਰਿਤ ਅਤੇ ਮਾਣਹਾਨੀ ਕਰਨ ਵਾਲੇ ਹਨ। ਬੁੱਚ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਵੱਲੋਂ ਲਗਾਏ ਗਏ ਦੋਸ਼ ਉਨ੍ਹਾਂ ਵੱਲੋਂ ਦਾਖ਼ਲ ਆਮਦਨ ਕਰ ਰਿਟਰਨ ਵਿੱਚ ਦਰਜ ਵੇਰਵਿਆਂ ’ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਵਿੱਤੀ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਾ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਖੁਲਾਸਾ ਕੀਤਾ ਗਿਆ ਹੈ ਅਤੇ ਟੈਕਸਾਂ ਦਾ ਉਚਿਤ ਭੁਗਤਾਨ ਵੀ ਕੀਤਾ ਗਿਆ ਹੈ।
ਸੇਬੀ ਮੁਖੀ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਸਾਡੀ ਆਮਦਨ ਕਰ ਰਿਟਰਨ ਨਾਲ ਜੁੜੇ ਵੇਰਵੇ ਸਪੱਸ਼ਟ ਤੌਰ ’ਤੇ ਧੋਖਾਧੜੀ ਵਾਲੇ ਤਰੀਕਿਆਂ ਅਤੇ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੇ ਗਏ ਹਨ। ਇਹ ਨਾ ਸਿਰਫ਼ ਸਾਡੀ ਗੋਪਨੀਯਤਾ ਦੇ ਅਧਿਕਾਰ (ਜੋ ਕਿ ਮੌਲਿਕ ਅਧਿਕਾਰ ਹੈ) ਦੀ ਸਪੱਸ਼ਟ ਉਲੰਘਣਾ ਹੈ ਬਲਕਿ ਆਮਦਨ ਕਰ ਐਕਟ ਵੀ ਵੀ ਉਲੰਘਣਾ ਹੈ।’’
ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਹਾਲ ਹੀ ਵਿੱਚ ਸੇਬੀ ਮੁਖੀ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਕਈ ਦੋਸ਼ ਲਗਾਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਨਾਲ ਸਬੰਧਤ ਇਕ ਸਲਾਹਕਾਰ ਕੰਪਨੀ ਨਾਲ ਜੁੜੇ ਹਿੱਤਾਂ ਦੇ ਟਕਰਾਅ ਦਾ ਦੋਸ਼ ਵੀ ਲਗਾਇਆ ਗਿਆ ਹੈ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਧਵਲ ਬੁੱਚ ਨੇ ਮਹਿੰਦਰਾ ਸਮੂਹ ਤੋਂ 4.78 ਕਰੋੜ ਰੁਪਏ ਉਸ ਸਮੇਂ ਕਮਾਏ ਜਦੋਂ ਸੇਬੀ ਨੇਮਾਂ ਦੀ ਉਲੰਘਣਾ ਨੂੰ ਲੈ ਕੇ ਉਸ ਕੰਪਨੀ ਖ਼ਿਲਾਫ਼ ਜਾਂਚ ਕਰ ਰਹੀ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਧਬੀ ਪੁਰੀ ਬੁੱਚ ਨੇ ਸੇਬੀ ਨਾਲ ਜੁੜਨ ਤੋਂ ਬਾਅਦ ਕਿਸੇ ਵੀ ਪੱਧਰ ’ਤੇ ਅਗੋਰਾ ਐਡਵਾਈਜ਼ਰੀ, ਅਗੋਰਾ ਪਾਰਟਨਰਜ਼, ਮਹਿੰਦਰਾ ਸਮੂਹ, ਪੀਡੀਲਾਈਟ, ਡਾ. ਰੈੱਡੀਜ਼, ਅਲਵਾਰੇਜ਼ ਐਂਡ ਮਾਰਸ਼ਲ, ਸੈਂਬਕੋਰਪ, ਵਿਸੂ ਲੀਜ਼ਿੰਗ ਜਾਂ ਆਈਸੀਆਈਸੀਆਈ ਬੈਂਕ ਨਾਲ ਜੁੜੀ ਕਿਸੇ ਵੀ ਫਾਈਲ ਦਾ ਕਦੇ ਨਿਬੇੜਾ ਨਹੀਂ ਕੀਤਾ ਹੈ। ਬੁੱਚ ਨੇ ਬਿਆਨ ਵਿੱਚ ਕਿਹਾ, ‘‘ਇਹ ਦੋਸ਼ ਪੂਰੀ ਤਰ੍ਹਾਂ ਗ਼ਲਤ, ਮੰਦਭਾਗੇ ਅਤੇ ਮਾਣਹਾਨੀ ਕਰਨ ਵਾਲੇ ਹਨ।’’ -ਪੀਟੀਆਈ