ਸੇਬੀ ਮੁਖੀ ਬੁਚ ਅਤੇ ਪਤੀ ਨੇ ਕਾਂਗਰਸ ਦੇ ਦੋਸ਼ ਨਕਾਰੇ
ਨਵੀਂ ਦਿੱਲੀ, 13 ਸਤੰਬਰ
ਸੇਬੀ ਮੁਖੀ ਮਾਧਵੀ ਪੁਰੀ ਬੁਚ ਅਤੇ ਉਸ ਦੇ ਪਤੀ ਧਵਲ ਬੁਚ ਨੇ ਬੇਨਿਯਮੀਆਂ ਤੇ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਕਾਂਗਰਸ ਵੱਲੋਂ ਲਾਏ ਗਏ ਦੋਸ਼ ਨਕਾਰਦਿਆਂ ਕਿਹਾ ਕਿ ਇਹ ਬਿਲਕੁਲ ਗਲਤ, ਪ੍ਰੇਰਿਤ ਅਤੇ ਮਾਣਹਾਨੀ ਵਾਲੇ ਹਨ। ਮਾਧਵੀ ਬੁਚ ਨੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਵੱਲੋਂ ਲਾਏ ਗਏ ਦੋਸ਼ ਉਨ੍ਹਾਂ ਵੱਲੋਂ ਦਾਖ਼ਲ ਆਮਦਨ ਕਰ ਰਿਟਰਨ ’ਚ ਦਰਜ ਵੇਰਵਿਆਂ ’ਤੇ ਆਧਾਰਿਤ ਹਨ। ਸੇਬੀ ਮੁਖੀ ਨੇ ਬਿਆਨ ’ਚ ਕਿਹਾ ਕਿ ਆਮਦਨ ਕਰ ਰਿਟਰਨ ਨਾਲ ਜੁੜੇ ਵੇਰਵੇ ਗਲਤ ਢੰਗ ਨਾਲ ਹਾਸਲ ਕੀਤੇ ਗਏ ਤੇ ਇਹ ਨਾ ਸਿਰਫ਼ ਨਿੱਜਤਾ ਦੇ ਅਧਿਕਾਰ ਸਗੋਂ ਆੲਟੀ ਐਕਟ ਦੀ ਵੀ ਉਲੰਘਣਾ ਹੈ। ਮਾਧਵੀ ਨੇ ਸੇਬੀ ਨਾਲ ਜੁੜਨ ਮਗਰੋਂ ਕਿਸੇ ਵੀ ਪੜਾਅ ’ਤੇ ਅਗੋਰਾ ਐਡਵਾਇਜ਼ਰੀ, ਅਗੋਰਾ ਪਾਰਟਨਰਸ, ਮਹਿੰਦਰਾ ਗਰੁੱਪ, ਪਿਡੀਲਾਈਟ, ਡਾਕਟਰ ਰੈੱਡੀਜ਼, ਅਲਵਾਰੇਜ਼ ਐਂਡ ਮਾਰਸਲ, ਸੇਂਬਕੋਰਪ, ਵਿਸੂ ਲੀਜ਼ਿੰਗ ਜਾਂ ਆਈਸੀਆਈਸੀਆਈ ਬੈਂਕ ਨਾਲ ਜੁੜੀ ਕਿਸੇ ਵੀ ਫਾਈਲ ਦੇ ਨਿਬੇੜੇ ਤੋਂ ਵੀ ਇਨਕਾਰ ਕੀਤਾ ਹੈ। ਕਾਂਗਰਸ ਵੱਲੋਂ ਸੇਬੀ ਮੁਖੀ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ
ਮਹੂਆ ਨੇ ਸੇਬੀ ਚੇਅਰਪਰਸਨ ਦੀ ਲੋਕਪਾਲ ਕੋਲ ਕੀਤੀ ਸ਼ਿਕਾਇਤ
ਨਵੀਂ ਦਿੱਲੀ:
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁਚ ਖ਼ਿਲਾਫ਼ ਲੋਕਪਾਲ ਕੋਲ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਇਸ ਮਾਮਲੇ ਨੂੰ ਮੁੱਢਲੀ ਜਾਂਚ ਲਈ ਈਡੀ ਜਾਂ ਸੀਬੀਆਈ ਕੋਲ ਭੇਜੇ, ਜਿਸ ਮਗਰੋਂ ਐੱਫਆਈਆਰ ਦਰਜ ਕਰਕੇ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਮਹੂਆ ਨੇ ਆਪਣੀ ਸ਼ਿਕਾਇਤ ਦੀ ਆਨਲਾਈਨ ਕਾਪੀ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਨੂੰ 30 ਦਿਨਾਂ ਦੇ ਅੰਦਰ ਇਸ ਨੂੰ ਮੁੱਢਲੀ ਜਾਂਚ ਲਈ ਸੀਬੀਆਈ/ਈਡੀ ਕੋਲ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਸ਼ਾਮਲ ਹਰ ਇਕ ਵਿਅਕਤੀ ਨੂੰ ਤਲਬ ਕਰਨ ਅਤੇ ਸਖ਼ਤ ਜਾਂਚ ਦੀ ਲੋੜ ਹੈ। -ਪੀਟੀਆਈ