ਰੁੱਤ ਵੋਟਾਂ ਦੀ
ਬਲਵਿੰਦਰ ਸਿੰਘ ਭੁੱਕਲ
ਬੰਦੇ ਤਾਂ ਸਭ ਪੁਰਾਣੇ ਨੇ,
ਲੱਗਦੇ ਜਾਣੇ-ਪਹਿਚਾਣੇ ਨੇ।
ਕਈਆਂ ਨੇ ਬਦਲੀਆਂ ਪੱਗਾਂ ਨੇ,
ਕਈਆਂ ਨੇ ਬਦਲੇ ਬਾਣੇ ਨੇ।
ਪਰ ਚਿਹਰੇ ਜਾਣੇ-ਪਹਿਚਾਣੇ ਨੇ।
ਕਈਆਂ ਨੂੰ ਮਿਲੀਆਂ ਟਿਕਟਾਂ ਨੇ,
ਕਈਆਂ ਦੇ ਪਏ ਪੁਆੜੇ ਨੇ।
ਕਈਆਂ ਸਮਰਥਨ ਦੇ ਦਿੱਤਾ,
ਕਈਆਂ ਬਗ਼ਾਵਤ ਦੇ ਸੁਰ ਚਾੜ੍ਹੇ ਨੇ।
ਕਈ ਆਪਣੇ ਹਿੱਤਾਂ ਲਈ,
ਦਲ-ਬਦਲੀ ਕਰ ਰਹੇ ਨੇ।
ਕਈ ਸੁਰਖ਼ੀਆਂ ਬਟੋਰਨ ਲਈ,
ਨਵੇਂ-ਨਵੇਂ ਸਟੰਟ ਘੜ ਰਹੇ ਨੇ।
ਭੋਲ਼ੀ-ਭਾਲ਼ੀ ਜਨਤਾ ਦੇ ਲਈ,
ਨਵੇਂ ਲੈ ਕੇ ਆਏ ਲਾਰੇ ਨੇ।
ਅਸੀਂ ਆਹ ਕੀਤਾ, ਅਸੀਂ ਆਹ ਦਿੱਤਾ।
ਅਸੀਂ ਆਹ ਕਰਾਂਗੇ, ਅਸੀਂ ਆਹ ਦਿਆਂਗੇ।
ਹਰ ਕੋਈ ਜਨਤਾ ਨੂੰ ਪੁਕਾਰੇ।
ਮੈਨੂੰ ਬਚਾਓ, ਮੈਨੂੰ ਬਚਾਓ
ਲੋਕਤੰਤਰ ਆਵਾਜ਼ਾਂ ਮਾਰੇ।
ਸੰਪਰਕ: 97818-23988
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਤੇਰੇ ਕੋਲ ਬਹਾਰਾਂ ਦਾ ਸਿਰਨਾਵਾਂ ਹੈ?
ਵਿਛੜੇ ਹੋਏ ਯਾਰਾਂ ਦਾ ਸਿਰਨਾਵਾਂ ਹੈ?
ਤੂਫ਼ਾਨਾਂ ਵਿੱਚ ਟੁੱਟੀਆਂ ਤੇ ਫਿਰ ਗੁੰਮ ਹੋਈਆਂ,
ਉਹ ਸੁੰਦਰ ਦੀਵਾਰਾਂ ਦਾ ਸਿਰਨਾਵਾਂ ਹੈ?
ਜ਼ੁਲਮ ਤਸ਼ੱਦਦ ਨੂੰ ਰੋਕਣ ਦੀ ਲੋੜ ਪਈ,
ਦੋ-ਧਾਰੀ ਤਲਵਾਰਾਂ ਦਾ ਸਿਰਨਾਵਾਂ ਹੈ?
ਬਚਪਨ ਠਾਠ ਜਵਾਨੀ ਵਿੱਚ ਜੋ ਬੀਤਿਆ,
ਜਿੱਤਾਂ ਤੇ ਕੁਝ ਹਾਰਾਂ ਦਾ ਸਿਰਨਾਵਾਂ ਹੈ?
ਦੋ ਗੁੱਤਾਂ ਸਲਵਾਰ ਕਮੀਜ਼ ਦੁਪੱਟਾ ਸੀ,
ਉਨ੍ਹਾਂ ਦੋ ਮੁਟਿਆਰਾਂ ਦਾ ਸਿਰਨਾਵਾਂ ਹੈ?
ਪੁੰਗਰਨ ਦੇ ਵਿੱਚ ਮਖ਼ਮਲ ਵਰਗੀਆਂ ਕੂਲੀਆਂ,
ਅੱਧਖਿੜੀਆਂ ਕਚਨਾਰਾਂ ਦਾ ਸਿਰਨਾਵਾਂ ਹੈ?
ਸਿਦਕ-ਸਿਰੜ ਚੱਜ ਆਚਾਰ ਸੁਚੱਜੀਆਂ,
ਉਹ ਮਾਵਾਂ ਉਹ ਨਾਰਾਂ ਦਾ ਸਿਰਨਾਵਾਂ ਹੈ?
ਸਾਰਾ ਟੱਬਰ ਜਿੱਥੇ ਮਿਲ ਕੇ ਬਹਿੰਦੇ ਸੀ,
ਪਿੰਡ ’ਚ ਉਹ ਪਰਿਵਾਰਾਂ ਦਾ ਸਿਰਨਾਵਾਂ ਹੈ?
ਜਿੱਥੇ ਨਿਰਧਨ ਦੀ ਮਿਹਨਤ ਤੇ ਫੁੱਲ ਖਿੜਦੇ,
ਝੁੱਗੀਆਂ ਵਿੱਚ ਅਧਿਕਾਰਾਂ ਦਾ ਸਿਰਨਾਵਾਂ ਹੈ?
‘ਬਾਲਮ’ ਭਰਤ ਜਿਹੇ ਭਾਈ ਦੱਸ ਕਿੱਥੇ ਨੇ?
ਰਾਮ ਜਿਹੇ ਸੰਸਕਾਰਾਂ ਦਾ ਸਿਰਨਾਵਾਂ ਹੈ?
ਸੰਪਰਕ: 98156-25409
ਬੇਲੀ
ਹਰਪ੍ਰੀਤ ਪੱਤੋ
ਲੋਕਤੰਤਰ ਵਿੱਚ ਜਿੱਤ ਨਾ ਹਾਰ ਹੁੰਦੀ,
ਕਰਿਆ ਕਰ ਨਾ ਬਹੁਤਾ ਗ਼ਮ ਬੇਲੀ।
ਸਭ ਚਾਹੁੰਦੇ ਨੇ ਚਲਾਉਣਾ ਚੌਧਰਾਂ ਨੂੰ,
ਕਰਨਾ ਕਿਸੇ ਨੇ ਕੋਈ ਨਾ ਕੰਮ ਬੇਲੀ।
ਕਮਾ ਕੇ ਆਪ ਮਿਲੇਗੀ ਦੋ ਵਕਤ ਰੋਟੀ,
ਪਵੇਗਾ ਸਾੜਨਾ ਧੁੱਪ ਵਿੱਚ ਚੰਮ ਬੇਲੀ।
ਨਹੀਂ ਮਿਲਣਾ ਤੈਨੂੰ ਇਨਸਾਫ਼ ਏਥੇ,
ਚੁੱਪ ਕਰਕੇ ਤੂੰ ਘੁੱਟ ਲੈ ਦਮ ਬੇਲੀ।
ਸੰਪਰਕ: 94658-21417
ਗ਼ਜ਼ਲ
ਰਣਜੀਤ ਕੌਰ ਰਤਨ
ਮਾਂ ਬੋਲੀ ਤੂੰ ਚੰਨ ਜਿਉਂ ਚਮਕੇਂ, ਤੈਥੋਂ ਸਦਕੇ ਜਾਵਾਂ।
ਗੀਤਾਂ ਗ਼ਜ਼ਲਾਂ ਤੇ ਕਵਿਤਾ ਦਾ, ਤੈਨੂੰ ਅਰਘ ਚੜ੍ਹਾਵਾਂ।
ਅੱਖਰ ਤੇਰੇ ਸੁੱਚੇ ਮੋਤੀ, ਹੀਰੇ ਜੜ੍ਹਤ ਜੜਾਈ,
ਹਰ ਮਹਿਫ਼ਿਲ ਹਰ ਮਜਲਿਸ ਅੰਦਰ, ਤੇਰੇ ਹੀ ਗੁਣ ਗਾਵਾਂ।
ਪੀਰ ਫ਼ਕੀਰਾਂ ਦੀ ਸੁਣ ਬਾਣੀ, ਰੂਹ ਪਵਿੱਤਰ ਹੋਵੇ
ਮਾਖਿਓਂ ਮਿੱਠੇ ਬੋਲਾਂ ਨੂੰ ਮੈਂ, ਸਾਹਾਂ ਵਿੱਚ ਵਸਾਵਾਂ।
ਪੀਲੂ ਹਾਸ਼ਮ ਵਾਰਿਸ ਬੁੱਲ੍ਹਾ ਸੱਭੇ ਤੇਰੇ ਜਾਏ,
ਤੇਰੀ ਮਮਤਾ ਪਾ ਕੇ ਬਣਿਆ, ਜਿਨ੍ਹਾਂ ਦਾ ਸਿਰਨਾਵਾਂ।
ਗਿੱਧਾ ਸੰਮੀ ਜਾਗੋ ਲੁੱਡੀ, ਤੇਰੇ ਸੰਗ ਸੁਹਾਣੇ,
ਵਿੱਚ ਫਿਜ਼ਾਵਾਂ ਮਹਿਕ ਘੁਲੇ, ਜਦ ਲੋਰੀ ਗਾਵਣ ਮਾਵਾਂ।
ਮਨ ਦੀ ਮਮਟੀ ਉੱਤੇ ਰੱਖਾਂ, ਸ਼ਬਦਾਂ ਵਾਲੇ ਦੀਵੇ,
ਚਾਰ ਚੁਫ਼ੇਰੇ ਚਾਨਣ ਫੈਲੇ, ਮਨ ਮਸਤਕ ਰੁਸ਼ਨਾਵਾਂ।
ਬੁੱਲ੍ਹੇ ਵਾਂਗ
ਜਗਜੀਤ ਗੁਰਮ
ਇਸ ਅਦਬੀ ਰੰਗ ਵਿੱਚ ਕੋਈ ਜਦੋਂ ਵੀ ਰੰਗਿਆ ਜਾਵੇ
ਉਹ ਬੁੱਲ੍ਹੇ ਵਾਂਗ ਮਸਤੀ ਵਿੱਚ ਸਦਾ ਨੱਚੇ ਅਤੇ ਗਾਵੇ।
ਉਹ ਸਭਨਾਂ ਹੀ ਭਾਸ਼ਾਵਾਂ ਦਾ ਬੜਾ ਸਤਿਕਾਰ ਕਰਦਾ ਹੈ
ਮਾਂ ਬੋਲੀ ਆਪਣੀ ਤੋਂ ਵੱਧ ਕੋਈ ਉਸ ਨੂੰ ਨਾ ਭਾਵੇ।
ਕਿਸੇ ਖੁੱਲ੍ਹੀ ਕਿਤਾਬ ਜਿਹਾ ਉਸ ਦਾ ਜੀਵਨ ਹੋ ਜਾਂਦਾ ਹੈ
ਪੜ੍ਹੇ ਬਿਨ ਪਰ ਕਿਸੇ ਨੂੰ ਉਹ ਰਤਾ ਵੀ ਸਮਝ ਨਾ ਆਵੇ।
ਕਿਸੇ ਵੀ ਵੇਲ ਦੇ ਨਾਲੋਂ ਕਦੇ ਉਹ ਫੁੱਲ ਨਾ ਤੋੜੇ
ਉਹ ਮਾਰੂਥਲ ਦੇ ਰੁੱਖਾਂ ਨੂੰ ਲਿਆ ਪਾਣੀ ਸਦਾ ਪਾਵੇ।
ਉਹ ਜੀਵਨ ਦੇ ਅਰਥ ਕੱਢਣੇ ਉਵੇਂ ਹੀ ਸਿੱਖ ਜਾਂਦਾ ਹੈ
ਮਾਂ ਬੋਲੀ ਸਿੱਖਦਾ ਬੱਚਾ ਕੋਈ ਅੱਖਰ ਜਿਵੇਂ ’ਠਾਵੇ।
ਕਿਸੇ ਦੀ ਜਾਇਜ਼ ਗੱਲ ਨੂੰ ਤਾਂ ਆਸਾਨੀ ਨਾਲ ਮੰਨ ਲਵੇ
ਕਦੇ ਗੱਲ ਆਪਣੀ ਮਨਵਾਉਣ ਲਈ ਉਹ ਜ਼ੋਰ ਨਾ ਲਾਵੇ।
ਗੁਜ਼ਾਰਾ ਕਰ ਲਵੇ ਆਪਣਾ ਖ਼ੁਸ਼ੀ ਦੇ ਨਾਲ ਖਾ ਰੁੱਖੀ
ਕਦੇ ਵੀ ਭੁੱਲ ਕੇ ਉਹ ਤਾਂ ਕਿਸੇ ਦਾ ਹੱਕ ਨਾ ਖਾਵੇ।
ਵਧੀਆ ਲੱਗਦਾ ਉਸ ਨੂੰ ਮਾਂ ਧਰਤੀ ਨਾਲ ਜੁੜ ਰਹਿਣਾ
ਭਲੇ ਅੰਬਰ ਦੇ ਉੱਤੇ ਉਹ ਕਦੇ ਛਾਵੇ ਜਾਂ ਨਾ ਛਾਵੇ।
ਸੰਪਰਕ: 99152-64836
ਇਨਸਾਨੀਅਤ
ਪ੍ਰੋ. ਨਵ ਸੰਗੀਤ ਸਿੰਘ
ਸਭ ਧਰਮਾਂ ਤੋਂ ਉੱਚਾ ਧਰਮ ਇਨਸਾਨੀਅਤ ਦਾ।
ਧਰਮ ਸਥਾਨ ਤਾਂ ਮਰਕਜ਼ ਨੇ ਰੂਹਾਨੀਅਤ ਦਾ।
ਰੰਗ, ਰੂਪ ਤੇ ਸ਼ਕਲੋਂ ਸਾਰੇ ਵੱਖਰੇ ਨੇ।
ਵੱਡੇ ਲੋਕੀਂ ਕਰਦੇ ਸੌ-ਸੌ ਨਖ਼ਰੇ ਨੇ।
ਧਰਮਾਂ ਦੇ ਨਾਂ ਹੁੰਦੀਆਂ ਰੋਜ਼ ਲੜਾਈਆਂ ਜੀ।
ਸਿੱਖਿਆ ਜਗਤ ’ਚ ਕਿੱਥੇ ਹੋਣ ਪੜ੍ਹਾਈਆਂ ਜੀ।
ਨਾ ਸਾਡਾ ਕੋਈ ਵੈਰੀ ਨਹੀਂ ਬਿਗਾਨਾ ਬਈ।
ਏਕੇ ਦਾ ਮਿਲ ਰਲ਼ ਕੇ ਗਾਈਏ ਤਰਾਨਾ ਬਈ।
ਦਿਲ ਵਿੱਚ ਵੱਸਦਾ ਅੱਲ੍ਹਾ ਕਦੇ ਦੁਖਾਈਏ ਨਾ।
ਪਸ਼ੂ, ਪੰਛੀ ਨੂੰ ਭੁੱਲ ਕੇ ਕਦੇ ਸਤਾਈਏ ਨਾ।
ਧਰਤੀ ’ਤੇ ਆ ਆਪੇ ਨੂੰ ਪਹਿਚਾਣ ਲਈਏ।
ਜ਼ੱਰੇ-ਜ਼ੱਰੇ ’ਚ ਵੱਸਦਾ ਉਹਨੂੰ ਜਾਣ ਲਈਏ।
ਸੰਪਰਕ: 94176-92015
ਖ਼ੁਸ਼ੀਆਂ ਦਾ ਰਾਹ
ਅਮਰਜੀਤ ਸਿੰਘ ਫ਼ੌਜੀ
ਦੁੱਖ ਸੁੱਖ ਦੋਵੇਂ ਕੱਪੜੇ ਤੇਰੇ
ਵਾਰੋ ਵਾਰੀ ਪੈਣੇ
ਬਿਨ ਮੁਸ਼ੱਕਤ ਦੱਸ ਦੇ ਸੱਜਣਾ
ਪੂਰੇਂਗਾ ਕਿੰਝ ਲੋੜਾਂ
ਵਿਹਲਾ ਮਨ ਸ਼ੈਤਾਨ ਦੀ ਟੂਟੀ
ਕਹਿੰਦੇ ਲੋਕ ਸਿਆਣੇ
ਬਚ ਜਾ ਜੇਕਰ ਬਚਿਆ ਜਾਂਦੈ
ਬਹਿ ਜਾਂਦੈ ਵਿੱਚ ਜੋੜਾਂ
ਆਲਸ ਅਤੇ ਨਿਕੰਮੇਪਣ ਨੂੰ
ਮਾਰ ਪਰ੍ਹੇ ਤੂੰ ਲਾਹ ਕੇ
ਮਿੱਟੀ ਦੇ ਨਾਲ ਮਿੱਟੀ ਹੋਜਾ
ਰਹਿਣ ਕਦੇ ਨਾ ਥੋੜਾਂ
ਮਿਹਨਤ ਹੀ ਹੈ ਰਾਹ ਖ਼ੁਸ਼ੀਆਂ ਦਾ
ਪੁੱਛ ‘ਫ਼ੌਜੀ’ ਤੋਂ ਜਾ ਕੇ
ਜਿਹੜੇ ਇਸ ਤੋਂ ਵਾਂਝੇ ਰਹਿ ਗਏ
ਮਾਰ ਲਏ ਉਹ ਥੋੜਾਂ।
ਸੰਪਰਕ: 95011-27011
ਪਿਛਲ ਖੁਰੀਏਂ ਨਾ ਤੁਰੀਏ!
ਤਰਲੋਚਨ ਸਿੰਘ ਦੁਪਾਲ ਪੁਰ
ਪੂਜਾ ਪਾਠ ਨਮਾਜ਼ ਸਭ ਨਿੱਜੀ ਹੁੰਦੇ
ਕਰੀਏ ਹੋਰਾਂ ਨਾਲ ਕਿਉਂ ਕਲੇਸ਼ ਯਾਰੋ।
ਕਿਸੇ ਇੱਕ ਨੂੰ ਦੇਈਏ ਨਾ ਮਾਣ ਬਹੁਤਾ
ਸਭ ਨੂੰ ਪਿਆਰੇ ਨੇ ਆਪਣੇ ਭੇਸ ਯਾਰੋ।
ਵਧ ਗਏ ਵੈਰ ਵਿਰੋਧ ਹਨ ਉਦੋਂ ਦੇ ਹੀ
ਲੱਗਣ ਲੱਗ ਪਈ ਜਦੋਂ ਦੀ ‘ਠੇਸ’ ਯਾਰੋ।
ਪਿੱਛੇ ਪੱਲੇ ਵਿੱਚ ਰਹਿਣਾ ਕੀ ਫੇਰ ਸਾਡੇ
ਦਿੱਤੀ ਪਿਆਰ ਦੀ ਪੱਟੀ ਜਦ ਮੇਸ ਯਾਰੋ।
ਛੱਡ ਕੇ ਨਫ਼ਰਤਾਂ ਚਾਰ ਦਿਨ ਕੱਟ ਲਈਏ
ਰਹਿਣਾ ਧਰਤੀ ’ਤੇ ਨਹੀਂ ਹਮੇਸ਼ ਯਾਰੋ।
ਫ਼ਾਇਦਾ ਹੋਇਆ ਕੀ ਚੰਦ ’ਤੇ ਪਹੁੰਚਣੇ ਦਾ
ਪਿਛਲ ਖੁਰੀਏਂ ਜੇ ਤੁਰ ਪਿਆ ਦੇਸ ਯਾਰੋ!
ਸੰਪਰਕ: 78146-92724
ਚਿਹਰੇ ਸੱਜਣਾਂ ਦੇ
ਸਤਪਾਲ ਸਿੰਘ ਦਿਓਲ
ਤਿੜਕੇ ਸ਼ੀਸ਼ੇ ’ਚ ਵੇਖਣ ਵਰਗੇ ਨੇ ਚਿਹਰੇ ਸੱਜਣਾਂ ਦੇ
ਖਾਲੀ ਖੂਹ ਦੀਆਂ ਟਿੰਡਾਂ ਵਰਗੇ ਨੇ ਗੇੜੇ ਸੱਜਣਾਂ ਦੇ
ਮੈਨੂੰ ਲੱਗਦਾ ਸੀ ਉਹ ਕਦੇ ਵੀ ਬਦਲ ਨਹੀਂ ਸਕਦੇ
ਗਿਰਗਿਟ ਵਾਂਗਰ ਬਦਲਦੇ ਰੰਗ ਨੇ ਮੇਰੇ ਸੱਜਣਾਂ ਦੇ
ਜਿਹੜੇ ਡਰ-ਡਰ ਸ਼ਿਕਰੇ ਦੂਰ ਉਡਾਰੀਆਂ ਭਰਦੇ ਸੀ
ਵੇਖੇ ਨੇ ਅੱਜ ਉਹੀ ਚੋਗਾ ਚੁਗਦੇ ਵਿਹੜੇ ਸੱਜਣਾਂ ਦੇ
ਸਾਡੇ ਖੀਸੇ ਨਾਲੋਂ ਦੀਦਾਰ ਉਨ੍ਹਾਂ ਦੇ ਮਹਿੰਗੇ ਹੋ ਗਏ
ਤੇ ਕੁਝ ਲੋਕੀਂ ਨੋਟ ਵਾਰਦੇ ਫਿਰਨ ਚੁਫ਼ੇਰੇ ਸੱਜਣਾਂ ਦੇ
ਸਾਨੂੰ ਵੇਖ ਕੇ ਕਾਵਾਂ-ਰੌਲੀ ਪਾਉਂਦੇ ਵਿੱਚ ਗਰਾਂ ਸਾਰੇ
ਓਹੀਓ ਪਾਉਂਦੇ ਫਿਰਦੇ ਹੁਣ ਕਿੱਕਲੀ ਨੇੜੇ ਸੱਜਣਾਂ ਦੇ
ਸੰਪਰਕ: 98781-70771
ਗ਼ਜ਼ਲ
ਬਿੰਦਰ ਸਿੰਘ ਖੁੱਡੀ ਕਲਾਂ
ਜਦ ਵੀ ਸੱਚ ਦਾ ਸੂਰਜ ਚੜ੍ਹਦਾ ਹੈ।
ਫਿਰ ਝੂਠੇ ਦਾ ਹਿਰਦਾ ਕਿਉਂ ਫਿਰ ਸੜਦਾ ਹੈ।
ਸੁਖ ਦੇ ਵਿੱਚ ਸਾਥੀ ਹੋਣ ਬਥੇਰੇ ਜੀ,
ਦੁੱਖ ਦੇ ਵਿੱਚ ਵਿਰਲਾ ਹੀ ਕੋਈ ਖੜ੍ਹਦਾ ਹੈ।
ਬਣ ਜਾਂਦਾ ਕੌਮੀ ਸਰਮਾਇਆ ਉਹ,
ਜੋ ਹੱਕ ਸਚ ਦੀ ਖਾਤਿਰ ਲੜਦਾ ਹੈ।
ਬਸੰਤਰ ਹੀ ਦੱਸਦੀ ਡਾਹਢੀ ਦੁਨੀਆ ਇਹ,
ਬੇਗਾਨਾ ਘਰ ਜਦ ਵੀ ਕੋਈ ਸੜਦਾ ਹੈ।
ਬਿੰਦਰ ਸਭ ਜਗ ਹੈ ਰੱਟੇਬਾਜ਼ਾਂ ਦਾ,
ਧੁਰ ਦੀ ਗੱਲ ਵਿਰਲਾ ਹੀ ਕੋਈ ਪੜ੍ਹਦਾ ਹੈ।
ਸੰਪਰਕ: 98786-05965
ਗ਼ਜ਼ਲ
ਗੁਰਵਿੰਦਰ ਗੋਸਲ
ਧੋਖੇਬਾਜ਼ ਮੱਕਾਰ ਹਮੇਸ਼ਾ।
ਪਿੱਠ ’ਤੇ ਕਰਦੇ ਵਾਰ ਹਮੇਸ਼ਾ।
ਪੈਰ ਜੋ ਧਰਦੇ ਦੋਵੇਂ ਪਾਸੇ,
ਡੁੱਬਦੇ ਨੇ ਵਿਚਕਾਰ ਹਮੇਸ਼ਾ।
ਠੱਗ, ਚੋਰਾਂ ਦੀ ਮੂਰਖ ਲੋਕੀਂ,
ਚੁਣ ਲੈਂਦੇ ਸਰਕਾਰ ਹਮੇਸ਼ਾ।
ਲੱਤਾਂ ਜਿੰਨਾ ਝੱਲ ਸਕਣ ਜੀ,
ਚੁੱਕੋ ਓਨਾ ਭਾਰ ਹਮੇਸ਼ਾ।
ਜੀਵਨ ਦੇ ਵਿੱਚ ਦਿਨ ਬੰਦੇ ਦੇ,
ਰਹਿੰਦੇ ਨਾ ਇਕਸਾਰ ਹਮੇਸ਼ਾ।
ਭੀੜ ਪਈ ਤੋਂ ਪਾਸਾ ਵੱਟਣ,
ਏਥੇ ਝੂਠੇ ਯਾਰ ਹਮੇਸ਼ਾ।
ਪਰਉਪਕਾਰੀ ਬੰਦੇ ਤਾਈਂ,
ਯਾਦ ਕਰੇ ਸੰਸਾਰ ਹਮੇਸ਼ਾ।
ਜੀਵਨ ਉੱਚਾ, ਸੁੱਚਾ ਰੱਖਣ,
ਅਣਖੀ, ਇੱਜ਼ਤਦਾਰ ਹਮੇਸ਼ਾ।
ਮੂਰਖ ਬੰਦੇ ਅਕਸਰ ‘ਗੋਸਲ’,
ਕਰਦੇ ਨੇ ਤਕਰਾਰ ਹਮੇਸ਼ਾ।
ਸੰਪਰਕ: 97796-96042