ਭਾਰਤ-ਨੇਪਾਲ ਸਰਹੱਦ ’ਤੇ ਤਲਾਸ਼ੀ ਤੇ ਗਸ਼ਤ ਮੁਹਿੰਮ ਤੇਜ਼
ਮਹਾਰਾਜਗੰਜ (ਯੂਪੀ), 13 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਉੱਤਰ ਪ੍ਰਦੇਸ਼ ਪੁਲੀਸ ਨੇ ਭਾਰਤ-ਨੇਪਾਲ ਸਰਹੱਦ ’ਤੇ ਤਲਾਸ਼ੀ ਅਤੇ ਗਸ਼ਤ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ।
ਮਹਾਰਾਜਗੰਜ ਦੇ ਐੱਸਪੀ ਸੋਮੇਂਦਰ ਮੀਨਾ ਨੇ ਕਿਹਾ, ‘‘ਲੰਘੇ ਦਿਨ (ਸੋਮਵਾਰ ਨੂੰ) ਸ਼ੁਰੂ ਕੀਤੀਆਂ ਗਈਆਂ ਸੁਰੱਖਿਆ ਮਸ਼ਕਾਂ 19 ਅਗਸਤ ਤੱਕ ਚੱਲਣਗੀਆਂ। ਅਪਰੇਸ਼ਨ ਤਹਿਤ ਸਰਹੱਦੀ ਇਲਾਕਿਆਂ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ।’’ ਉਨ੍ਹ੍ਵਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹੋਟਲਾਂ, ਰੇੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਸਣੇ ਹੋਰ ਜਨਤਕ ਸਥਾਨਾਂ ’ਤੇ ਵੀ ਗਸ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਸੂਬੇ ਦੀ ਨੇਪਾਲ ਨਾਲ ਲੱਗਦੀ ਸਰਹੱਦ ’ਤੇ ਡਾਗ ਸਕੁਐਡ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਧਮਾਕਾਖੇਜ਼, ਹਥਿਆਰ ਤੇ ਗੋਲੀਸਿੱਕੇ ਦਾ ਪਤਾ ਲਾਇਆ ਜਾ ਸਕੇ। ਐੱਸਪੀ ਮੀਨਾ ਨੇ ਕਿਹਾ, ‘‘ਸਾਡੇ ਕੋਲ ਕਈ ਟਰੇਂਡ ਕੁੱਤੇ ਹਨ ਜਿਹੜੇ ਨਸ਼ਿਆਂ ਤੇ ਧਮਾਕਖੇਜ਼ਾਂ ਦਾ ਪਤਾ ਲਾ ਸਕਦੇ ਹਨ ਅਤੇ ਇਨ੍ਹਾਂ ਨੂੰ ਭਾਰਤ-ਨੇਪਾਲ ਸਰਹੱਦ ’ਤੇ ਸਥਿਤ ਸੋਨੌਲੀ ਅਤੇ ਥੋਥੀਬਰੀ ਨਾਕਿਆਂ ’ਤੇ ਗਸ਼ਤ ਲਈ ਤਾਇਨਾਤ ਕੀਤਾ ਗਿਆ ਹੈ। ਉਥੇ ਸਮਾਨ ਦੀ ਜਾਂਚ ਕਰਨ ਵਾਲੇ ਸਕੈਨਰ ਤੇ ਮੈਟਲ ਡਿਟੈਕਟਰ ਵੀ ਮੌਜੂਦ ਹਨ।’’ ਉਨ੍ਹਾਂ ਮੁਤਾਬਕ ਨੇਪਾਲ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ਤੋਂ ਇਲਾਵਾ ਐੱਸਐੱਸਬੀ ਦੀਆਂ ਚੌਕੀਆਂ ’ਤੇ ਵੀ ਸੀਸੀਟੀਵੀ ਕੈਮਰੇ ਲਾਏ ਗਏ ਹਨ। ਉਨ੍ਹਾਂ ਕਿਹਾ, ‘‘ਐੱਸਐੱਸਬੀ ਨੇ ਗ਼ੈਰਕਾਨੂੰਨੀ ਦਾਖਲਾ ਖਾਸਕਰ ਰਾਤ ਸਮੇਂ, ਰੋਕਣ ਲਈ ਸਰਹੱਦ ਦੇ ਨਾਲ ਨਿਗਰਾਨੀ ਵਧਾ ਦਿੱਤੀ ਹੈ।’’ -ਪੀਟੀਆਈ