ਭਵਿੱਖ ’ਚ ਸਮੁੰਦਰੀ ਖਤਰੇ ਵਧਣਗੇ: ਰਾਜਨਾਥ
ਨਵੀਂ ਦਿੱਲੀ, 24 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਵਿੱਖ ਵਿੱਚ ਸਮੁੰਦਰੀ ਖਤਰੇ ਵਧਣਗੇ ਅਤੇ ਭਾਰਤੀ ਤੱਟ ਰੱਖਿਅਕਾਂ ਨੂੰ ਚੌਕਸ ਤੇ ਤਿਆਰ ਰਹਿਣ ਦੀ ਲੋੜ ਹੈ। ਉਨ੍ਹਾਂ ਭਾਰਤੀ ਤੱਟ ਰੱਖਿਅਕ ਬਲ (ਆਈਸੀਜੀ) ਨੂੰ ਰਵਾਇਤੀ ਅਤੇ ਭਵਿੱਖੀ ਕੌਮੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਟੈਕਨੋਲੋਜੀ ਅਧਾਰਿਤ ਬਲ ਬਣਨ ਦਾ ਸੱਦਾ ਵੀ ਦਿੱਤਾ। ਤੱਟ ਰੱਖਿਅਕ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਇੱਕ ਆਤਮਨਿਰਭਰ ਤੱਟ ਰੱਖਿਅਕ ਬਲ ਬਣਾਉਣ ਦੇ ਸਰਕਾਰ ਦੇ ਅਹਿਦ ਦੀ ਵੀ ਪੁਸ਼ਟੀ ਕੀਤੀ। ਰਾਜਨਾਥ ਨੇ ਤੱਟ ਰੱਖਿਅਕ ਬਲ ਨੂੰ ਭਾਰਤ ਦਾ ਸਭ ਤੋਂ ਮੋਹਰੀ ਬਲ ਕਰਾਰ ਦਿੱਤਾ, ਜੋ ਵਿਸ਼ੇਸ਼ ਆਰਥਿਕ ਖੇਤਰ ਦੀ ਲਗਾਤਾਰ ਨਿਗਰਾਨੀ ਰਾਹੀਂ ਦੇਸ਼ ਦੇ ਵਿਸ਼ਾਲ ਤੱਟਵਰਤੀ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਰੱਖਿਆ ਮੰਤਰਾਲੇ ਮੁਤਾਬਕ, ਉਨ੍ਹਾਂ ਨੇ ਅੰਦਰੂਨੀ ਆਫ਼ਤਾਂ ਤੋਂ ਦੇਸ਼ ਦੀ ਰੱਖਿਆ ਕਰਨ ਵਿੱਚ ਤੱਟ ਰੱਖਿਅਕ ਬਲ ਦੇ ਯੋਗਦਾਨ ਨੂੰ ‘ਬੇਮਿਸਾਲ’ ਦੱਸਿਆ। ਸੰਬੋਧਨ ਦੌਰਾਨ ਉਨ੍ਹਾਂ ਨੇ ਅੱਜ ਦੇ ‘ਅਣਕਿਆਸੇ ਸਮੇਂ’ ਵਿੱਚ ਰਵਾਇਤੀ ਅਤੇ ਉਭਰਦੇ ਖ਼ਤਰਿਆਂ ਨਾਲ ਨਜਿੱਠਣ ਲਈ ਮਨੁੱਖ ਆਧਾਰਿਤ ਤੋਂ ਟੈਕਨੋਲੋਜੀ ਆਧਾਰਿਤ ਬਲ ਬਣਨ ਦੀ ਲੋੜ ’ਤੇ ਜ਼ੋਰ ਦਿੱਤਾ। ਰਾਜਨਾਥ ਨੇ ਕਿਹਾ, ‘‘ਦੁਨੀਆਂ ਤਕਨੀਕੀ ਕ੍ਰਾਂਤੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਬੌਧਿਕ ਮਨਸੂਈ (ਏਆਈ), ਕੁਆਂਟਮ ਟੈਕਨੋਲੋਜੀ ਅਤੇ ਡਰੋਨ ਦੇ ਇਸ ਯੁੱਗ ਵਿੱਚ ਸੁਰੱਖਿਆ ਖੇਤਰ ਵਿੱਚ ਅਹਿਮ ਬਦਲਾਅ ਦੇਖਣ ਨੂੰ ਮਿਲ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੌਜੂਦਾ ਭੂ-ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਭਵਿੱਖ ਵਿੱਚ ਸਮੁੰਦਰੀ ਖਤਰੇ ਵਧਣਗੇ। ਸਾਨੂੰ ਚੌਕਸ ਅਤੇ ਤਿਆਰ ਰਹਿਣ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ, ‘‘ਮਨੁੱਖੀ ਸ਼ਕਤੀ ਦੀ ਅਹਿਮਤ ਹਮੇਸ਼ਾ ਬਣੀ ਰਹੇਗੀ ਪਰ ਦੁਨੀਆਂ ਨੂੰ ਸਾਨੂੰ ਟੈਕਨੋਲੋਜੀ ਮੁਖੀ ਤੱਟ ਰੱਖਿਅਕ ਵਜੋਂ ਜਾਣਨਾ ਚਾਹੀਦਾ ਹੈ।’’ ਰੱਖਿਆ ਮੰਤਰੀ ਨੇ ਜਿੱਥੇ ਨਵੀਨਤਮ ਤਕਨੀਕ ਨੂੰ ਅਪਣਾਉਣ ਦੇ ਫ਼ਾਇਦੇ ਦੱਸੇ, ਉਥੇ ਕਮਾਂਡਰਾਂ ਨੂੰ ਇਸ ਦੇ ਨਾਂਪੱਖੀ ਪਹਿਲੂਆਂ ਬਾਰੇ ਵੀ ਚੌਕਸ ਕੀਤਾ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਰਾਜਨਾਥ ਨੇ ਤਕਨਾਲੋਜੀ ਨੂੰ ਦੋਧਾਰੀ ਤਲਵਾਰ ਦੱਸਦਿਆਂ ਆਈਸੀਜੀ ਨੂੰ ਸੰਭਾਵੀ ਚੁਣੌਤੀਆਂ ਨਾਲ ਨਜਿੱਠਣ ਲਈ ਸਰਗਰਮ, ਚੌਕਸ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ। -ਪੀਟੀਆਈ