ਐੱਸਡੀਓ ਤੇ ਕਿਸਾਨ ਆਗੂਆਂ ’ਚ ਤਲਖ਼ੀ
ਪੱਤਰ ਪ੍ਰੇਰਕ
ਪਾਇਲ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਜਥੇਬੰਦੀ ਦੇ ਅਹੁਦੇਦਾਰ ਇੱਕ ਟਰਾਂਸਫ਼ਾਰਮਰ ਸਬੰਧੀ ਐੱਸਡੀਓ ਚਾਵਾ ਨਵਦੀਪ ਸਿੰਘ ਕੋਲ ਗਏ ਸਨ ਤਾਂ ਐੱਸਡੀਓ ਜਥੇਬੰਦੀ ਦੇ ਆਗੂਆਂ ਨੂੰ ਕਥਿਤ ਗ਼ਲਤ ਬੋਲਿਆ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਐੱਸਡੀਓ ਨੇ ਕਿਹਾ ਕਿ ਟਰਾਂਸਫ਼ਾਰਮਰ ਰੱਖਣ ਨੂੰ ਤਾਂ ਪੰਜ ਸਾਲ ਵੀ ਲੱਗ ਸਕਦੇ ਹਨ, ਜਥੇਬੰਦੀ ਦੇ ਆਗੂ ਜੋ ਕਰਨਾ ਹੈ ਕਰ ਲੈਣ। ਇਹ ਕਹਿਣ ’ਤੇ ਕਿਸਾਨ ਗ਼ੁੱਸੇ ਵਿੱਚ ਆ ਗਏ। ਉਨ੍ਹਾਂ ਨੇ ਹੋਰ ਕਿਸਾਨ ਬੁਲਾ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਦੱਸਿਆ ਕਿ ਇਸ ਉਪਰੰਤ ਐੱਸਡੀਓ ਨੇ ਕਿਸਾਨਾਂ ਵਿੱਚ ਆ ਕੇ ਗ਼ਲਤੀ ਮੰਨੀ ਅਤੇ ਅੱਗੇ ਤੋਂ ਕਿਸੇ ਨਾਲ ਵੀ ਗ਼ਲਤ ਵਿਹਾਰ ਕਰਨ ਤੋਂ ਤੋਬਾ ਕੀਤੀ। ਉਨ੍ਹਾਂ ਨੇ ਟਰਾਂਸਫਾਰਮਰ ਵੀ ਛੇਤੀ ਤੋਂ ਛੇਤੀ ਰੱਖਣ ਬਾਰੇ ਕਿਹਾ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਿਆ।
ਇਸ ਸਬੰਧੀ ਐੱਸਡੀਓ ਨਵਦੀਪ ਸਿੰਘ ਨੇ ਕਿਹਾ ਕਿ ਮੁਆਫ਼ੀ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਕੋਈ ਗ਼ਲਤ ਸ਼ਬਦਾਵਲੀ ਨਹੀਂ ਵਰਤੀ ਗਈ। ਟਰਾਂਸਫਾਰਮਰ ਸਬੰਧੀ ਉਨ੍ਹਾਂ ਵੱਲ਼ੋਂ ਐਕਸੀਅਨ ਨੂੰ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ, ਉਨ੍ਹਾਂ ਦੀ ਪ੍ਰਵਾਨਗੀ ਉਪਰੰਤ ਟਰਾਂਸਫਾਰਮਰ ਤੁਰੰਤ ਲਗਾ ਦਿੱਤਾ ਜਾਵੇਗਾ। ਇਸ ਸਬੰਧੀ ਕਿਸਾਨ ਜਥੇਬੰਦੀ ਨੂੰ ਸਮਝਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਰਕੌਮ ਦੀ ਟੀਮ ਹਮੇਸ਼ਾ ਹਾਜ਼ਰ ਰਹਿੰਦੀ ਹੈ। ਕਿਸੇ ਨੂੰ ਵੀ ਕੋਈ ਸਮੱਸਿਆ ਆਵੇ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ।