ਪੇਂਡੂ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਵੱਲੋਂ ਐੱਸਡੀਐੱਮ ਦਫ਼ਤਰ ਦਾ ਘਿਰਾਓ
ਪੱਤਰ ਪ੍ਰੇਰਕ
ਜਲੰਧਰ, 20 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰਾਂ ਦੇ ਬੁਨਿਆਦੀ ਜ਼ਰੂਰਤਾਂ ਜ਼ਮੀਨ, ਪਲਾਟ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਪੱਕਾ ਰੁਜ਼ਗਾਰ (ਮਨਰੇਗਾ), ਦਿਹਾੜੀ ਵਿੱਚ ਵਾਧਾ, ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜਬਰ ਨੂੰ ਲੈ ਕੇ ਸ਼ਬ-ਡਿਵੀਜ਼ਨ ਨਕੋਦਰ ਵਿੱਚ ਸੀਨੀਅਰ ਕਾਰਜਕਾਰੀ ਇੰਜਨੀਅਰ ਬਿਜਲੀ ਬੋਰਡ ਦੇ ਦਫਤਰ ਅੱਗੇ ਮਜ਼ਦੂਰਾਂ ਨੂੰ ਭੇਜੇ ਗਏ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ। ਉਪਰੰਤ ਰੋਸ ਮਾਰਚ ਕਰਨ ਤੋਂ ਬਾਅਦ ਐੱਸਡੀਐੱਮ ਦਫ਼ਤਰ ਅੱਗੇ ਮੁਜ਼ਾਹਰਾ ਕਰਨ ਮਗਰੋਂ ਐੱਸਡੀਐੱਮ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ’ਚੋਂ ਕਾਨੂੰਨ ਅਨੁਸਾਰ ਰਾਖਵੇਂ ਤੀਜੇ ਹਿੱਸੇ ਦਾ ਹੱਕ ਘੱਟ ਰੇਟ ’ਤੇ ਦਲਿਤਾਂ ਨੂੰ ਪੱਕੇ ਤੌਰ ’ਤੇ ਦਿੱਤਾ ਜਾਵੇ, ਪਿੰਡ ਖੋਖਰ ਜ਼ਿਲ੍ਹਾ ਮੁਕਤਸਰ ਤੇ ਮਡੌਰ ਬਲਾਕ ਨਾਭਾ ਜ਼ਿਲ੍ਹਾ ਪਟਿਆਲਾ ਸਮੇਤ ਸੂਬੇ ਭਰ ਵਿੱਚ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਦੀ ਸਮਾਂਬੱਧ ਮੈਜਿਸਟਰੇਟੀ ਜਾਂਚ ਕਰਵਾ ਕੇ ਡੰਮੀ ਬੋਲੀਆਂ ਰੱਦ ਕੀਤੀਆਂ ਜਾਣ ਅਤੇ ਇਸ ਘੁਟਾਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਪਰਚੇ ਦਰਜ ਕੀਤੇ ਜਾਣ।
ਮਜੀਠਾ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਐੱਸਡੀਐੱਮ ਦਫਤਰ ਕੰਪਲੈਕਸ ਮਜੀਠਾ ’ਚ ਕਨਵੀਨਰ ਸੇਮੂਆਲ ਹੰਸ ਅਤੇ ਕੋ-ਕਨਵੀਨਰ ਵਿੱਕੀ ਜੌਹਲ ਦੀ ਸਾਂਝੀ ਅਗਵਾਈ ਵਿੱਚ ਧਰਨਾ ਦੇਣ ਉਪਰੰਤ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਕਰਤਾਰਪੁਰ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰਾਂ ਦੀਆਂ ਜ਼ਮੀਨਾਂ, ਪਲਾਟ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਰੁਜ਼ਗਾਰ ਤੇ ਦਿਹਾੜੀ ਵਿੰਚ ਵਾਧਾ ਕਰਨ, ਕਰਜ਼ਾ ਅਤੇ ਸਮਾਜਿਕ ਜਬਰ ਦੇ ਖਾਤਮੇ ਵਰਗੀਆਂ ਬੁਨਿਆਦੀ ਮੰਗਾਂ ਤੇ ਮਸਲਿਆਂ ਦੇ ਹੱਲ ਨੂੰ ਲੈ ਕੇ ਡੀਐੱਸਪੀ ਦਫਤਰ ਤੇ ਸਬ ਤਹਿਸੀਲ ਕਰਕਾਰਪੁਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੇਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਕੇਐੱਸ ਅਟਵਾਲ ਆਦਿ ਨੇ ਸੰਬੋਧਨ ਕੀਤਾ।