ਗੁਜਰਾਲ ਸਾਇੰਸ ਸਿਟੀ ’ਚ ਵਿਗਿਆਨ ਮੇਲਾ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 23 ਨਵੰਬਰ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਵੱਲੋਂ ਸਾਇੰਸ ਫੈਸਟ 2024 ਕੀਤਾ ਗਿਆ। ਇਸ ਵਿਗਿਆਨ ਮੇਲੇ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 400 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ ’ਤੇ ਆਧਾਰਿਤ ਮਾਡਲ ਪ੍ਰਦਰਸ਼ਿਤ ਕੀਤੇ ਗਏ।
ਇਸ ਮੌਕੇ ਸਾਬਕਾ ਡਾਇਰੈਕਟਰ ਜਨਰਲ ਸਾਇੰਸ ਸਿਟੀ ਡਾ. ਨੀਲਮਾ ਜੈਰਥ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ। ਡਾ. ਨੀਲਮਾ ਨੇ ਆਪਣੇ ਸੰਬੋਧਨ ਦੌਰਾਨ ਵਿਕਾਸ ਤੇ ਤਕਨਾਲੋਜੀ ਦੇ ਅਟੁੱਟ ਰਿਸ਼ਤੇ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਤਕਨੀਕੀ ਵਿਕਾਸ ਵਿਗਿਆਨ ਦੀ ਉੱਨਤੀ ਤੋਂ ਹੀ ਪੈਦਾ ਹੁੰਦਾ ਹੈ।
ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਸੰਬੋਧਨ ਕਰਦਿਆਂ ਅੱਜ ਦੇ ਗਤੀਸ਼ੀਲ ਸੰਸਾਰ ਵਿੱਚ ਨਵੀਨਤਾ ਅਤੇ ਰਚਨਾਤਮਿਕਤਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ ਡੀ ਰੀਤੇਸ਼ ਪਾਠਕ ਨੇ ਵਿਦਿਆਰਥੀਆਂ ਨੂੰ ਆਪਣੇ ਸਿਰਜਣਾਤਮਿਕ ਵਿਚਾਰਾਂ ਖੋਜ ਕਾਰਜਾਂ ਨੂੰ ਬਦਲਣ ਤੇ ਲਾਗੂ ਕਰਨ ਲਈ ਇਨੋਵੇਸ਼ਨ ਹੱਬ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।
ਥਾਪਰ ਯੂਨੀਵਰਸਿਟੀ ਪਟਿਆਲੇ ਦੇ ਡਾ. ਵਿਕਾਸ ਹਾਂਡਾ ਅਤੇ ਜੀਐੱਨਏ ਯੂਨੀਵਰਸਿਟੀ ਦੇ ਡਾ. ਅਨੁਰਾਗ ਸ਼ਰਮਾ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਖੋਜ ਭਰਪੂਰ ਮਾਡਲਾਂ ਦਾ ਨਿਰੀਖਣ ਕੀਤਾ। ਇਸ ਵਿਗਿਆਨ ਮੇਲੇ ਵਿੱਚ ਇਨੋਸੈਨਟ ਹਾਰਟ ਸਕੂਲ ਲੁਹਾਰਾ ਜਲੰਧਰ (ਪ੍ਰੋਜੈਕਟ ਰੀਵਾਈਵਲ) ਨੇ ਪਹਿਲਾ ਜਦੋਂ ਕਿ ਸਰਵ ਹਿਤਕਾਰੀ ਵਿਦਿਆ ਮੰਦਿਰ ਭਿਖੀ ਅੰਮ੍ਰਿਤਸਰ (ਪ੍ਰੋਜੈਕਟ ਕੰਟਰੋਲ ਏਅਰ ਪ੍ਰਦੂਸ਼ਣ) ਨੇ ਦੂਜਾ ਅਤੇ ਡੀ ਏ ਵੀ ਸੀਨੀਅਰ ਸਕੈਡੰਰੀ ਸਕੂਲ ਬੁਢਲਾਡਾ ਮਾਨਸਾ (ਪ੍ਰੋਜੈਕਟ ਡੇਵਿਨ ਏ ਆਈ) ਨੇ ਤੀਜਾ ਇਨਾਮ ਜਿੱਤਿਆ।