ਹੜ੍ਹਾਂ ਕਾਰਨ ਹੋਈਆਂ ਛੁੱਟੀਆਂ ਮਗਰੋਂ ਮੁੜ ਖੁੱਲ੍ਹੇ ਸਕੂਲ
ਸਤਵਿੰਦਰ ਬਸਰਾ
ਲੁਧਿਆਣਾ, 17 ਜੁਲਾਈ
ਸੂਬੇ ਵਿੱਚ ਪਿਛਲੇ ਦਨਿਾਂ ਦੌਰਾਨ ਆਏ ਹੜ੍ਹਾਂ ਕਾਰਨ ਸਕੂਲਾਂ ਵਿੱਚ ਹੋਈਆਂ ਛੁੱਟੀਆਂ ਅੱਜ ਖਤਮ ਹੋਣ ਤੋਂ ਬਾਅਦ ਸਾਰੇ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਚੰਗੀਆਂ ਰੌਣਕਾਂ ਲੱਗੀਆਂ ਰਹੀਆਂ। ਕਈ ਸਕੂਲਾਂ ਨੇ ਧਾਰਮਿਕ ਰਸਮਾਂ ਕਰ ਕੇ ਅਤੇ ਕਈਆਂ ਨੇ ਹੋਰ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।
ਬਰਸਾਤੀ ਮੌਸਮ ਅਤੇ ਨਹਿਰਾਂ/ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 16 ਜੁਲਾਈ ਤੱਕ ਛੁੱਟੀਆਂ ਕਰ ਦਿੱਤੀਆਂ ਸਨ। ਅੱਜ ਦੁਬਾਰਾ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਹੋ ਗਈ। ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਨਿ ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਸਕੂਲ ਦੀ ਚੇਅਰਪਰਸਨ ਅਵਨਿਾਸ਼ ਕੌਰ ਵਾਲੀਆ ਦੀ ਅਗਵਾਈ ਹੇਠ ਸ਼ਿਵ ਦੀ ਪੂਜਾ ਕਰ ਕੇ ਅਸ਼ੀਰਵਾਦ ਲਿਆ। ਇਸ ਮੌਕੇ ਵਿਦਿਆਰਥੀਆਂ ਦੀ ਸਫ਼ਲਤਾ ਅਤੇ ਤੰਦਰੁਸਤੀ ਦੀ ਅਰਦਾਸ ਵੀ ਕੀਤੀ ਗਈ। ਇਸ ਤੋਂ ਪਹਿਲਾਂ ਸਕੂਲ ਦੇ ਮੁੱਖ ਗੇਟ ’ਤੇ ਬੈਂਡ ਦੀ ਧੁਨ ਰਾਹੀਂ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖੀ ਗਈ। ਛੁੱਟੀਆਂ ਤੋਂ ਬਾਅਦ ਸਕੂਲ ਆਏ ਵਿਦਿਆਰਥੀਆਂ ਵਿੱਚ ਪੜ੍ਹਨ ਦਾ ਜੋਸ਼ ਦੇਖਦਿਆਂ ਹੀ ਬਣਦਾ ਸੀ। ਇਸ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਨਾਲ ਆਪਣੇ ਛੁੱਟੀਆਂ ਵਿੱਚ ਬਿਤਾਏ ਯਾਦਗਰ ਪਲਾਂ ਨੂੰ ਵੀ ਸਾਂਝਾ ਕੀਤਾ। ਇਸ ਮੌਕੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਪੂਜਾ ਕੀਤੀ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਹੋਰ ਸਰਕਾਰ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਬਦਲੇ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਆਉਂਦੇ ਸਮੇਂ ਵਿੱਚ ਪ੍ਰੀਖਿਆਵਾਂ ਦੀ ਨਿੱਠ ਕੇ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕਈ ਸਕੂਲਾਂ ਨੇ ਰੌਚਕ ਖੇਡਾਂ ਅਤੇ ਕਈਆਂ ਨੇ ਪਰੇਡ ਆਦਿ ਕਰਵਾ ਕੇ ਪਹਿਲੇ ਦਨਿ ਦੀ ਸ਼ੁਰੂਆਤ ਕੀਤੀ। ਸਾਰੇ ਹੀ ਸਕੂਲਾਂ ਵਿੱਚ ਪਹਿਲੇ ਦਨਿ ਵਿਦਿਆਰਥੀਆਂ ਦੀ ਗਿਣਤੀ ਆਸ ਦੇ ਉਲਟ ਵੱਧ ਰਹੀ। ਇਸ ਤੋਂ ਪਹਿਲਾਂ ਸਵੇਰ ਸਮੇਂ ਵੀ ਵੱਡੀ ਗਿਣਤੀ ਸਕੂਲ ਜਾਂਦੇ ਵਿਦਿਆਰਥੀ ਆਪਸ ਵਿੱਚ ਹਾਸਾ-ਠੱਠਾ ਕਰਦੇ ਦੇਖੇ ਗਏ।