ਸਕੂਲ ਖੇਡਾਂ: ਪਟਿਆਲਾ ਦੀਆਂ ਲੜਕੀਆਂ ਕਬੱਡੀ ਚੈਂਪੀਅਨ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 9 ਅਕਤੂਬਰ
ਇਥੋਂ ਦੇ ਸੈਕਟਰ-78 ਦੇ ਬਹੁਮੰਤਵੀ ਖੇਡ ਭਵਨ ਵਿੱਚ 68ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਦੇ ਤੀਜੇ ਦਿਨ ਅੱਜ ਲੜਕੀਆਂ ਦੀ ਕਬੱਡੀ ਵਿੱਚ ਪਟਿਆਲਾ ਦੀ ਟੀਮ ਚੈਂਪੀਅਨ ਬਣੀ, ਜਦਕਿ ਰੂਪਨਗਰ ਦੀ ਟੀਮ ਉਪ ਜੇਤੂ ਰਹੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਅੱਜ ਸ਼ੁਰੂ ਹੋਏ ਲੜਕਿਆਂ ਦੇ ਅੰਡਰ-17 ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਠਿੰਡਾ ਨੂੰ, ਫ਼ਤਹਿਗੜ੍ਹ ਸਾਹਿਬ ਨੇ ਤਰਨ ਤਾਰਨ, ਮੋਗਾ ਨੇ ਜਲੰਧਰ, ਫਰੀਦਕੋਟ ਨੇ ਗੁਰਦਾਸਪੁਰ ਅਤੇ ਸੰਗਰੂਰ ਨੇ ਫਾਜ਼ਿਲਕਾ ਦੀਆਂ ਟੀਮਾਂ ਨੂੰ ਹਰਾਇਆ।
ਬੈਡਮਿੰਟਨ ਦੇ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਾਲੇਰਕੋਟਲਾ, ਬਠਿੰਡਾ, ਹੁਸ਼ਿਆਰਪੁਰ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਇਲਾਵਾ ਅੰਡਰ-19 ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਨੇ ਮੋਗਾ ਨੂੰ ਅਤੇ ਪਟਿਆਲਾ ਨੇ ਫਾਜ਼ਿਲਕਾ ਦੀ ਟੀਮ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।