ਸਕੂਲ ਲਾਇਬ੍ਰੇਰੀਆਂ: ਅਲਮਾਰੀਆਂ ਵਿੱਚ ਬੰਦ ਪਿਆ ਅਨਮੋਲ ਖ਼ਜ਼ਾਨਾ
ਹਰਭਿੰਦਰ ਸਿੰਘ ਮੁੱਲਾਂਪੁਰ
ਵਿਦਿਆਰਥੀਆਂ ਦੀ ਸਿਲੇਬਸ ਤੋਂ ਬਾਹਰੀ ਕਿਤਾਬਾਂ ਪੜ੍ਹਨ ਵਿੱਚ ਰੁਚੀ ਪੈਦਾ ਲਈ ਸਕੂਲ ਲਾਇਬ੍ਰੇਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਕੂਲ ਲਾਇਬ੍ਰੇਰੀਆਂ ਹੀ ਹੁੰਦੀਆਂ ਹਨ ਜੋ ਬੱਚਿਆਂ ਵਿੱਚ ਸਾਹਿਤ ਪੜ੍ਹਨ ਦੀ ਚਿਣਗ ਲਾਉਂਦੀਆਂ ਹਨ। ਬਾਲਪਨ ਵਿੱਚ ਪਈ ਇਹ ਚਿਣਗ ਉਨ੍ਹਾਂ ਨੂੰ ਕੀ ਤੋਂ ਕੀ ਬਣਾ ਦਿੰਦੀ ਹੈ। ਇਸ ਲਈ ਕਹਿ ਸਕਦੇ ਹਾਂ ਕਿ ਵਿਦਿਆਰਥੀ ਜੀਵਨ ਵਿੱਚ ਸਕੂਲ ਲਾਇਬ੍ਰੇਰੀ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ ਨਾਲ ਜੋੜਨ ਵਾਸਤੇ ਅਧਿਆਪਕਾਂ ਤੇ ਸਬੰਧਤ ਮੁਲਾਜ਼ਮਾਂ ਨੂੰ ਵਾਰ ਵਾਰ ਪ੍ਰੇਰਿਤ ਹੀ ਨਹੀਂ ਕੀਤਾ ਜਾਂਦਾ ਬਲਕਿ ਹਰੇਕ ਵਰ੍ਹੇ ਕਿਤਾਬਾਂ ਦੀ ਖ਼ਰੀਦ ਹਿੱਤ ਗਰਾਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਮਹਿਕਮੇ ਵੱਲੋਂ ਸਕੂਲੀ ਲਾਇਬ੍ਰੇਰੀਆਂ ਲਈ ਸਟਾਫ ਦੀ ਭਰਤੀ ਕਰਨ ਦੇ ਯਤਨ ਵੀ ਕਦੇ ਕਦਾਈਂ ਕੀਤੇ ਜਾਂਦੇ ਹਨ ਪਰ ਮੌਜੂਦਾ ਸਥਿਤੀਆਂ ਤਹਿਤ ਸਾਰੇ ਸਕੂਲਾਂ ਵਿੱਚ ਲਾਇਬ੍ਰੇਰੀ ਲਈ ਇਮਾਰਤਾਂ ਜਾਂ ਲਾਇਬ੍ਰੇਰੀ ਸਟਾਫ ਨਹੀਂ ਹੈ। ਦੂਜੇ ਪਾਸੇ ਚੰਗੀ ਗੱਲ ਇਹ ਹੈ ਕਿ ਕੋਈ ਵੀ ਸਕੂਲ ਲਾਇਬ੍ਰੇਰੀ ਦੀਆਂ ਕਿਤਾਬਾਂ ਤੋਂ ਵਾਂਝਾ ਨਹੀਂ ਹੈ। ਹਰੇਕ ਵਰ੍ਹੇ ਵਿਭਾਗ ਵੱਲੋਂ ਭਰੇ ਜਾਂਦੇ ਯੂ-ਡਾਇਸ ਡਾਟੇ ਵਿੱਚ ਮੁਹੱਈਆ ਅਤੇ ਜਾਰੀ ਗਰਾਟਾਂ ਨਾਲ ਖ਼ਰੀਦੀਆਂ ਕਿਤਾਬਾਂ ਦੀ ਗਿਣਤੀ ਨੂੰ ਦਰਸਾਇਆ ਜਾਂਦਾ ਹੈ। ਲਾਇਬ੍ਰੇਰੀਅਨ ਦੀ ਅਣਹੋਂਦ ਵਾਲੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਜਾਰੀ ਕਰਨ ਵਾਸਤੇ ਅਧਿਆਪਕਾਂ ਨੂੰ ਲਾਇਬ੍ਰੇਰੀਆਂ ਦੀਆਂ ਡਿਊਟੀਆਂ ਸੌਂਪੀਆਂ ਗਈਆਂ ਹਨ।
ਅਧਿਆਪਨ ਦੇ ਨਾਲ ਨਾਲ ਬੀਐੱਲਓ, ਮਰਦਮਸ਼ੁਮਾਰੀ, ਚੋਣ ਡਿਊਟੀਆਂ ਆਦਿ ਅਨੇਕਾਂ ਹੀ ਜ਼ਿੰਮੇਵਾਰੀਆਂ ਨਿਭਾਉਂਦੇ ਅਧਿਆਪਕਾਂ ਦੀ ਮਜਬੂਰੀ ਅਤੇ ਬੇਵਸੀ ਸਦਕਾ ਕਿਤਾਬਾਂ ਵਿੱਚ ਪਏ ਅਥਾਹ ਗਿਆਨ ਦਾ ਪ੍ਰਕਾਸ਼ ਵਿਦਿਆਰਥੀਆਂ ਤੱਕ ਨਾ ਪੁੱਜ ਕੇ ਬੰਦ ਅਲਮਾਰੀਆਂ ਵਿੱਚ ਹੀ ਦਮ ਤੋੜ ਜਾਂਦਾ ਹੈ। ਕੇਵਲ ਕਿਤਾਬਾਂ ਦਾ ਸ਼ੌਕ ਰੱਖਣ ਵਾਲੇ ਮੁਲਾਜ਼ਮ ਹੀ ਇਸ ਕਾਰਜ ਨੂੰ ਮਨ ਨਾਲ ਨਿਭਾ ਰਹੇ ਹਨ ਜਦਕਿ ਬਾਕੀ ਤਾਂ ਖਾਨਾਪੂਰਤੀ ਅਤੇ ਕਾਗਜ਼ਾਂ ਦੇ ਢਿੱਡ ਭਰਨ ਤੱਕ ਹੀ ਸੀਮਤ ਰਹਿ ਜਾਂਦੇ ਹਨ। ਅਜਿਹੇ ਵਿੱਚ ਲਾਇਬ੍ਰੇਰੀਆਂ ਵਿੱਚ ਪਏ ਇਸ ਅਨਮੋਲ ਖ਼ਜ਼ਾਨੇ ਦਾ ਵਿਦਿਆਰਥੀ ਸਹੀ ਢੰਗ ਨਾਲ ਫਾਇਦਾ ਉਠਾਉਣ ਤੋਂ ਅਸਮਰੱਥ ਹਨ।
ਬਹੁਤੇ ਅਧਿਆਪਕ ਅਕਸਰ ਗੱਲ ਕਰਦੇ ਹਨ ਕਿ ਉਹ ਕਿਤਾਬਾਂ ਤਾਂ ਬੱਚਿਆਂ ਨੂੰ ਜਾਰੀ ਕਰ ਦਿੰਦੇ ਹਨ, ਪਰ ਬੱਚੇ ਘਰ ਜਾ ਕੇ ਲਾਇਬ੍ਰੇਰੀ ਦੀਆਂ ਕਿਤਾਬਾਂ ਨਹੀਂ ਪੜ੍ਹਦੇ। ਇਸ ਦਾ ਹੱਲ ਸਕੂਲਾਂ ਨੇ ਹੀ ਕੱਢਣਾ ਹੈ। ਉਨ੍ਹਾਂ ਨੇ ਹੀ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰੀ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣੀ ਹੈ। ਬੱਚਿਆਂ ਵਿੱਚ ਸਿਲੇਬਸ ਤੋਂ ਬਾਹਰੀ ਕਿਤਾਬਾਂ ਪੜ੍ਹਨ ਦੀ ਅਣਹੋਂਦ ਦਾ ਮੁੱਖ ਕਾਰਨ ਲਾਇਬ੍ਰੇਰੀਆਂ ਲਈ ਅਧਿਆਪਕਾਂ ਦੀ ਅਣਹੋਂਦ ਅਤੇ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਅਤੇ ਸਮਾਜ ਦਾ ਅਵੇਸਲਾਪਣ ਹੈ।
ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਅਤੇ ਲਾਇਬ੍ਰੇਰੀਆਂ ਨੂੰ ਲਾਹੇਵੰਦ ਬਣਾਉਣ ਲਈ ਸਕੂਲਾਂ ਵਿੱਚ ਕਈ ਉਪਰਾਲੇ ਸੰਭਵ ਹੋ ਸਕਦੇ ਹਨ ਬਸ਼ਰਤੇ ਉਨ੍ਹਾਂ ਨੂੰ ਸੰਜੀਦਗੀ ਨਾਲ ਲਾਗੂ ਕੀਤਾ ਜਾਵੇ। ਸਕੂਲ ਮੁਖੀਆਂ ਦੁਆਰਾ ਆਪਣੇ ਸਕੂਲਾਂ ਵਿੱਚੋਂ ਭਾਸ਼ਾ ਅਧਿਆਪਕਾਂ ਜਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਅਧਿਆਪਕਾਂ, ਲਾਇਬ੍ਰੇਰੀ ਸਟਾਫ (ਜੇ ਉਪਲੱਬਧ ਹੋਵੇ) ਦੇ ਨਾਲ ਨਾਲ ਵਿਦਿਆਰਥੀਆਂ ਦੇ ਕਲਾਸਵਾਈਜ਼ ਗਰੁੱਪ ਬਣਾਏ ਜਾਣ। ਸਮਾਜਿਕ ਭਾਈਚਾਰੇ ਵਿੱਚੋਂ ਸਾਹਿਤਕ ਰੁਚੀਆਂ ਵਾਲੇ ਵਿਅਕਤੀਆਂ ਦੀ ਮਦਦ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੀ ‘ਲਾਇਬ੍ਰੇਰੀ ਕਮੇਟੀ’ ਦਾ ਗਠਨ ਸਕੂਲ ਪੱਧਰ ’ਤੇ ਕੀਤਾ ਜਾਵੇ। ਕਮੇਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੋੜਨਾ ਹੀ ਨਹੀਂ ਬਲਕਿ ਉਨ੍ਹਾਂ ਵਾਸਤੇ ਸਾਹਿਤਕ ਮਾਹੌਲ ਦੀ ਸਿਰਜਣਾ ਕਰਨਾ ਹੋਵੇ। ਲਾਇਬ੍ਰੇਰੀ ਕਮੇਟੀ ਦੀ ਕਾਰਜਪ੍ਰਣਾਲੀ ਤਹਿਤ ਸਮੂਹ ਮੈਂਬਰਾਂ ਵੱਲੋਂ ਵਿਦਿਆਰਥੀ ਮੈਂਬਰਾਂ ਦੀ ਸਹਾਇਤਾ ਨਾਲ ਸਕੂਲ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਸਾਹਿਤਕ ਕਿਰਿਆਵਾਂ ਕਰਵਾਉਣਾ ਮੁੱਖ ਜ਼ਿੰਮਾ ਹੋਵੇ। ਜਿੱਥੇ ਲਾਇਬ੍ਰੇਰੀ ਸਟਾਫ ਮੈਂਬਰ ਲਾਇਬ੍ਰੇਰੀ ਦੀ ਸਾਂਭ ਸੰਭਾਲ ਕਰੇਗਾ, ਉੱਥੇ ਅਧਿਆਪਕ ਮੈਂਬਰ ਵਿਦਿਆਰਥੀਆਂ ਵਿੱਚੋਂ ਇਸ ਗਿਆਨ ਮੰਦਰ ਦੇ ਅਜਿਹੇ ਭਗਤਾਂ ਦੀ ਖੋਜ ਕਰਨਗੇ ਜੋ ਇਸ ਦੇ ਸੰਚਾਲਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਦੇ ਪਾਬੰਦ ਹੋਣਗੇ।
ਕਮੇਟੀ ਮੈਂਬਰਾਂ ਵੱਲੋਂ ਆਪਣੇ ਅਣਥੱਕ ਯਤਨਾਂ ਅਤੇ ਪ੍ਰੇਰਨਾ ਰਾਹੀਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੋੜਨਾ, ਉਨ੍ਹਾਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨਾ, ਸਾਹਿਤਕ ਰਚਨਾਵਾਂ ਲਿਖਣ ਦੇ ਸਮਰੱਥ ਬਣਾਉਣਾ, ਅਖ਼ਬਾਰਾਂ, ਰਸਾਲਿਆਂ, ਮੈਗਜ਼ੀਨਾਂ ਅਤੇ ਵੱਖ ਵੱਖ ਪ੍ਰਕਾਰ ਦੀਆਂ ਸਾਹਿਤਕ ਵੰਨਗੀਆਂ ਨੂੰ ਪੜ੍ਹਨ ਵਾਸਤੇ ਯਤਨ ਕਰਨੇ, ਸਾਹਿਤਕ ਮੁਕਾਬਲੇ ਕਰਾਉਣੇ, ਕਿਤਾਬਾਂ ਦੇ ਰਿਵੀਊ ਲਿਖਣ ਦੀ ਚੇਟਕ ਲਗਾਉਣਾ, ਬੁੱਕ ਬੈਂਕ ਦਾ ਵਿਸਤਾਰ ਕਰਨਾ ਆਦਿ ਅਨੇਕਾਂ ਹੀ ਟੀਚੇ ਇਸ ਕਮੇਟੀ ਵਾਸਤੇ ਮਿੱਥੇ ਜਾਣੇ ਚਾਹੀਦੇ ਹਨ।
ਲਾਇਬ੍ਰੇਰੀ ਕਮੇਟੀ ਵੱਲੋਂ ਸਕੂਲ ਵਿੱਚ ਮਿੱਥੇ ਟੀਚਿਆਂ ਨੂੰ ਪੂਰੇ ਕਰਨ ਵਾਸਤੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਇੱਕ ਸੈਸ਼ਨ ਵਿੱਚ ਘੱਟੋ ਘੱਟ ਦੋ ਕਿਰਿਆਵਾਂ ਵੀ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵੱਲ ਆਕਰਸ਼ਿਤ ਕਰ ਸਕਦੀਆਂ ਹਨ ਬਸ਼ਰਤੇ ਕਿ ਇਹ ਗਤੀਵਿਧੀਆਂ ਸਮਰਪਣ ਭਾਵਨਾ ਤੇ ਰੀਝ ਨਾਲ ਕਰਵਾਈਆਂ ਜਾਣ। ਕਵਿਤਾ, ਕਹਾਣੀ, ਲੇਖ ਅਤੇ ਗੀਤ ਆਦਿ ਲਿਖਣ ਦੇ ਮੁਕਾਬਲੇ, ਬਾਲ ਕਵੀਆਂ, ਸਾਹਿਤਕਾਰਾਂ ਨਾਲ ਵਿਦਿਆਰਥੀਆਂ ਦੀ ਮਿਲਣੀ ਦਾ ਪ੍ਰਬੰਧ, ਕਿਸੇ ਵੀ ਨਾਮਵਰ ਸਾਹਿਤਕ ਸ਼ਖ਼ਸੀਅਤ ਦੀ ਜੀਵਨੀ ’ਤੇ ਕੁਇਜ਼, ਲਿਖਤੀ ਪ੍ਰਸ਼ਨ-ਉੱਤਰ ਮੁਕਾਬਲੇ ਅਤੇ ਸਾਹਿਤਕਾਰਾਂ ਦੇ ਇੰਟਰਵਿਊ ਵਿਦਿਆਰਥੀਆਂ ਨੂੰ ਪ੍ਰੋਜੈਕਟਰ, ਟੀਵੀ, ਰੇਡੀਓ ਰਾਹੀਂ ਸੁਣਾਏ ਜਾਣ।
ਲਾਇਬ੍ਰੇਰੀ ਗਤੀਵਿਧੀਆਂ ਵਿੱਚ ਚੰਗਾ ਹੁੰਗਾਰਾ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ, ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਸਕੂਲ ਵਿੱਚ ਪ੍ਰਦਰਸ਼ਿਤ ਕਰਨਾ, ਹੱਥ ਲਿਖਤ ਸਕੂਲ ਮੈਗਜ਼ੀਨ, ਰਸਾਲੇ, ਕੰਧ ਪੱਤ੍ਰਿਕਾਵਾਂ ਰਿਲੀਜ਼ ਕਰਨੀਆਂ, ਸਾਹਿਤਕ ਕਾਫਲਿਆਂ ਦਾ ਪਿੰਡ ਪੱਧਰ ’ਤੇ ਪ੍ਰਬੰਧ ਕਰਨ ਤੋਂ ਇਲਾਵਾ ਵੀ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਪਣੇ ਸਿਲੇਬਸ ਤੋਂ ਇਲਾਵਾ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨਗੀਆਂ। ਜੇਕਰ ਉਕਤ ਨੂੰ ਸਕੂਲਾਂ ਵਿੱਚ ਗੰਭੀਰਤਾ ਨਾਲ ਕਰਵਾਇਆ ਜਾਵੇ ਤਾਂ ਸਕੂਲ ਲਾਇਬ੍ਰੇਰੀਆਂ ਆਪਣਾ ਕਾਫ਼ੀ ਹੱਦ ਤੱਕ ਮਨੋਰਥ ਪੂਰਾ ਕਰ ਸਕਣ ਦੇ ਸਮਰੱਥ ਹੋਣਗੀਆਂ। ਇਸ ਨਾਲ ਵਿਦਿਆਰਥੀ ਗਿਆਨ ਦਾ ਖ਼ਜ਼ਾਨਾ ਹਾਸਲ ਕਰਕੇ ਆਪਣਾ ਭਵਿੱਖ ਰੋਸ਼ਨ ਕਰ ਸਕਣਗੇ।
ਸੰਪਰਕ: 94646-01001