ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਮਿਆਂ ਰਾਹਾਂ ਦੇ ਪਾਂਧੀ

07:07 AM Feb 11, 2024 IST

 

Advertisement

ਡਾ. ਮਨਦੀਪ ਕੌਰ ਰਾਏ

ਦਸੰਬਰ ਮਹੀਨੇ ਦੀ ਇੱਕ ਸਰਦ ਜਿਹੀ ਸਵੇਰ ਸੀ। ਮੈਂ ਜਿਉਂ ਹੀ ਬਾਹਰਲਾ ਦਰਵਾਜ਼ਾ ਲੰਘ ਕੇ ਘਰ ਦੇ ਅੰਦਰ ਦਾਖ਼ਲ ਹੋਈ ਤਾਂ ਨਿੰਮੋ ਭੂਆ ਮੈਨੂੰ ਸਾਹਮਣੇ ਵਰਾਂਡੇ ਦੀ ਬੁਰਜੀ ਨਾਲ ਢੋਅ ਲਾਈ, ਪੀੜ੍ਹੀ ’ਤੇ ਬੈਠੀ ਦਿਸੀ। ਉਸ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ ਤੇ ਸਿਰ ਪਿਛਲੀ ਬੁਰਜੀ ਨਾਲ ਲੱਗਿਆ ਸੀ ਜਿਵੇਂ ਕੋਈ ਅੱਖਾਂ ਮੀਟ ਕੇ ਕਿਸੇ ਦਾ ਧਿਆਨ ਧਰਦਾ ਹੈ। ਗੋਡੇ ਜੋੜ ਕੇ ਉਸ ਨੇ ਹਿੱਕ ਨਾਲ ਲਾਏ ਹੋਏ ਸਨ। ਕੋਸੀ ਕੋਸੀ ਧੁੱਪ ਦੀਆਂ ਕਿਰਨਾਂ ਉਸ ਦੇ ਉਦਾਸ ਚਿਹਰੇ ’ਤੇ ਪੈ ਰਹੀਆਂ ਸਨ। ਠੰਢ ਤੋਂ ਬਚਣ ਲਈ ਉਸ ਨੇ ਬਦਾਮੀ ਰੰਗ ਦੀ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ। ਸਾਹ ਦੀ ਤਕਲੀਫ਼ ਹੋਣ ਕਰਕੇ ਉਹ ਆਪਣੇ ਸਰੀਰ ਨੂੰ ਨਿੱਘਾ ਰੱਖਣ ਵਾਸਤੇ ਅਕਸਰ ਇਹੋ ਸ਼ਾਲ ਲੈ ਕੇ ਰੱਖਦੀ ਸੀ। ਇਹ ਸ਼ਾਲ ਉਸ ਨੂੰ ਉਸ ਦੇ ਜਣੇਪੇ ਵੇਲੇ ਮੇਰੀ ਦਾਦੀ ਨੇ ਦਿੱਤਾ ਸੀ। ਨਿੰਮੋ ਭੂਆ ਅਕਸਰ ਆਖਦੀ ਸੀ ਕਿ ਇਸ ਸ਼ਾਲ ਵਿੱਚੋਂ ਉਸ ਨੂੰ ਮਾਂ ਦੇ ਹੱਥਾਂ ਦਾ ਨਿੱਘ ਮਹਿਸੂਸ ਹੁੰਦਾ ਹੈ।
ਉਹ ਮੇਰੀ ਆਮਦ ਤੋਂ ਵੀ ਬੇਖ਼ਬਰ ਸੀ। ਮੈਂ ਜਦ ਕੋਲ ਜਾ ਕੇ ਗੋਡਿਆਂ ਭਾਰ ਬੈਠਦਿਆਂ ‘‘ਭੂਆ ਜੀ’’ ਕਹਿ ਕੇ ਹਲੂਣਿਆ ਤਾਂ ਉਸ ਦੀ ਸੁਰਤੀ ਜਿਵੇਂ ਕਿਸੇ ਡੂੰਘੀ ਨੀਂਦ ’ਚੋਂ ਵਾਪਸ ਪਰਤ ਆਈ ਹੋਵੇ। ਉਸ ਨੇ ਦੋਵੇਂ ਅੱਖਾਂ ਨੂੰ ਜ਼ੋਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮੈਨੂੰ ਪਛਾਣਦਿਆਂ ਉਸ ਨੇ ਹੌਲੀ ਜਿਹੀ ਪੁੱਛਿਆ, “ਆ ਗਈ ਤੂੰ! ... ਇਕੱਲੀ ਆਈ ਹੈਂ?” ਮੇਰੇ ਹਾਂ ਵਿੱਚ ਸਿਰ ਹਿਲਾਉਣ ’ਤੇ ਉਸ ਨੇ ਸੰਖੇਪ ਜਿਹੇ ਵਿੱਚ ਮੇਰੇ ਪਤੀ ਤੇ ਬੱਚੇ ਦਾ ਹਾਲ-ਚਾਲ ਪੁੱਛ ਕੇ ਕੰਮ ਕਰਨ ਵਾਲੀ ਕੁੜੀ ਸੁੱਖੀ ਨੂੰ ਬੁਲਾਇਆ ਤੇ ਕਿਹਾ, “ਇਸ ਨੂੰ ਚਾਹ ਪਿਆ, ਠੰਢ ’ਚੋਂ ਆਈ ਹੈ।” ਤੇ ਆਪ ਫਿਰ ਉਸੇ ਮੁਦਰਾ ਵਿੱਚ ਅੱਖਾਂ ਮੁੰਦ ਕੇ ਬੁਰਜੀ ਨਾਲ ਢੋਅ ਲਾ ਲਈ। ਮੈਂ ਉਸ ਦੇ ਕੋਲ ਹੀ ਪਈ ਕੁਰਸੀ ’ਤੇ ਬਹਿ ਗਈ। ਉਸ ਦੇ ਵੀਰਾਨ ਚਿਹਰੇ ਵੱਲ ਤੱਕਦਿਆਂ ਮੇਰੇ ਕਾਲਜੇ ਦਾ ਜਿਵੇਂ ਰੁੱਗ ਭਰਿਆ ਗਿਆ। ਮੈਂ ਸੋਚਣ ਲੱਗੀ ਕਿ ਕੀ ਇਹ ਉਹੋ ਨਿੰਮੋ ਭੂਆ ਹੈ ਜਿਹੜੀ ਆਪਣੇ ਕਮਰੇ ਦੀ ਬਾਰੀ ਵਿੱਚੋਂ ਮੈਨੂੰ ਦੂਰੋਂ ਆਉਂਦੀ ਵੇਖ, ਦੌੜ ਕੇ ਕੱਚੀ ਪਹੀ ਦੇ ਅੱਧ ਤੱਕ ਭੱਜ ਕੇ ਲੈਣ ਆਉਂਦੀ, ਘੁੱਟ ਕੇ ਗਲ਼ ਲਾਉਂਦੀ, ਮੇਰਾ ਮੂੰਹ ਮੱਥਾ ਚੁੰਮਦੀ ਤੇ ਆਖਦੀ, ‘‘ਅੱਜ ਕਿਵੇਂ ਰਾਹ ਭੁੱਲ ਗਿਆ ਸੁੱਖ ਨਾਲ ਮੇਰੀ ਭਤੀਜੀ ਨੂੰ?’’
ਅੱਜ ਤਾਂ ਭੂਆ ਨੇ ਮੈਨੂੰ ਪਿਆਰ ਦੇਣ ਲਈ ਹੱਥਾਂ ਨੂੰ ਵੀ ਸ਼ਾਲ ਵਿੱਚੋਂ ਬਾਹਰ ਨਹੀਂ ਕੱਢਿਆ ਸੀ।
ਜਿਸ ਦਿਨ ਦੀ ਮੈਨੂੰ ਖ਼ਬਰ ਮਿਲੀ ਸੀ ਕਿ ਫੁੱਫੜ ਜੀ ਨੂੰ ਅਧਰੰਗ ਦਾ ਦੌਰਾ ਪਿਆ ਹੈ, ਮੈਂ ਹਫ਼ਤੇ ’ਚ ਇੱਕ ਵਾਰ ਜ਼ਰੂਰ ਉਨ੍ਹਾਂ ਨੂੰ ਮਿਲਣ ਆਉਂਦੀ।
ਭੂਆ ਨੂੰ ਉੱਥੇ ਬੈਠੀ ਛੱਡ ਜਦ ਮੈਂ ਅੰਦਰ ਫੁੱਫੜ ਜੀ ਨੂੰ ਦੇਖਣ ਗਈ ਤਾਂ ਸੁੱਖੀ ਤੋਂ ਪਤਾ ਲੱਗਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਫਿਰ ਬੇਹੋਸ਼ੀ ਜਿਹੀ ਆ ਗਈ ਸੀ ਜਿਸ ਕਰਕੇ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਲੈ ਗਿਆ ਸੀ। ਇਹ ਸੁਣ ਕੇ ਮੈਨੂੰ ਧੱਕਾ ਜਿਹਾ ਲੱਗਾ ਕਿਉਂਕਿ ਮੈਂ ਜਦ ਪਿਛਲੇ ਹਫ਼ਤੇ ਆਈ ਸੀ ਤਦ ਵੀ ਉਨ੍ਹਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਖੱਬਾ ਪਾਸਾ ਬਿਲਕੁਲ ਵੀ ਕੰਮ ਨਹੀਂ ਸੀ ਕਰਦਾ ਤੇ ਜ਼ੁਬਾਨ ਵਿੱਚੋਂ ਵੀ ਕਿਸੇ ਕਿਸੇ ਸ਼ਬਦ ਦੀ ਹੀ ਸਮਝ ਆਉਂਦੀ ਸੀ। ਮੈਨੂੰ ਸੱਜੇ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾ ਕੇ ਉਨ੍ਹਾਂ ਨੇ ਕਿੰਨੀਆਂ ਹੀ ਗੱਲਾਂ ਕੀਤੀਆਂ। ਉਨ੍ਹਾਂ ਦਾ ਦਿਲ ਰੱਖਣ ਲਈ ਮੈਂ ਹਾਂ ਜੀ ਕਹਿ ਕੇ ਸਿਰ ਹਿਲਾਉਂਦੀ ਰਹੀ, ਪਰ ਮੈਨੂੰ ਕੋਈ ਬਹੁਤੀ ਸਮਝ ਨਾ ਆਈ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਜੇ ਅੱਜ ਫੇਰ ਬੇਹੋਸ਼ੀ ਆਈ ਹੈ ਤਾਂ ਹਾਲਾਤ ਕੁਝ ਚੰਗੇ ਨਹੀਂ।
ਇੰਨੇ ਨੂੰ ਸੁੱਖੀ ਮੇਰੇ ਲਈ ਚਾਹ ਦਾ ਕੱਪ ਲੈ ਆਈ। ਚਾਹ ਦੀ ਪਹਿਲੀ ਚੁਸਕੀ ਭਰਦਿਆਂ ਹੀ ਮੇਰੀ ਨਿਗ੍ਹਾ ਸਾਹਮਣੀ ਕੰਧ ’ਤੇ ਲੱਗੀ ਨਿੰਮੋ ਭੂਆ ਤੇ ਫੁੱਫੜ ਜੀ ਦੀ ਉਨ੍ਹਾਂ ਦੇ ਵਿਆਹ ਵੇਲੇ ਦੀ ਤਸਵੀਰ ’ਤੇ ਪਈ। ਮੈਂ ਨੇੜੇ ਹੋ ਕੇ ਵੇਖਣ ਲੱਗੀ ਤਾਂ ਤਸਵੀਰ ਗ਼ਰਦ ਨਾਲ ਭਰੀ ਹੋਈ ਸੀ। ਆਪਣੇ ਹੱਥ ਵਿੱਚ ਫੜੇ ਰੁਮਾਲ ਨਾਲ ਹੀ ਮੈਂ ਉਸ ਤਸਵੀਰ ਨੂੰ ਸਾਫ਼ ਕੀਤਾ ਤਾਂ ਮੇਰੀ ਸੁਰਤੀ ਅੱਜ ਤੋਂ ਕੋਈ 32 ਵਰ੍ਹੇ ਪਹਿਲਾਂ ਉਸ ਘਰ ਦੇ ਵਿਹੜੇ ਵਿੱਚ ਗੁੰਮ ਹੋ ਗਈ ਜਿੱਥੇ ਮੈਂ ਜੰਮੀ ਪਲ਼ੀ ਸੀ। ਉਹ ਸਿਰਫ਼ ਮੇਰਾ ਹੀ ਪੇਕਾ ਘਰ ਨਹੀਂ ਸੀ, ਨਿੰਮੋ ਭੂਆ ਦਾ ਵੀ ਪੇਕਾ ਘਰ ਸੀ। ਉਹ ਆਪਣੇ ਸਾਰੇ ਭੈਣ ਭਰਾਵਾਂ ਤੋਂ ਛੋਟੀ ਸੀ। ਜਦੋਂ ਮੇਰਾ ਜਨਮ ਹੋਇਆ ਤਾਂ ਨਿੰਮੋ ਭੂਆ ਦਾ ਅਜੇ ਵਿਆਹ ਨਹੀਂ ਸੀ ਹੋਇਆ। ਆਖਦੇ ਨੇ ਕਿ ਮੇਰੇ ਜੰਮਣ ਦਾ ਸਭ ਤੋਂ ਵੱਧ ਚਾਅ ਨਿੰਮੋ ਭੂਆ ਨੇ ਹੀ ਕੀਤਾ ਸੀ। ਜਦੋਂ ਕੋਈ ਆਂਢ-ਗੁਆਂਢ ਦੀ ਬੁੜ੍ਹੀ ਘਰ ਆ ਕੇ ਹਿਰਖ ਜਿਹੇ ਨਾਲ ਆਖਦੀ, ‘‘ਪਹਿਲਾ ਬੱਚਾ ਸੀ, ਕੀ ਸੀ ਜੇ ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ,’’ ਤਾਂ ਨਿੰਮੋ ਭੂਆ ਅੱਗਿਓਂ ਉਸ ਦੇ ਗਲ਼ ਪੈ ਜਾਂਦੀ ਕਿ ਤੂੰ ਕੌਣ ਹੁੰਦੀ ਹੈਂ ਸਾਡੀ ਗੁੱਡੀ ਨੂੰ ਮਾੜਾ ਕਹਿਣ ਵਾਲੀ। ਇਸੇ ਲਈ ਉਸ ਨੇ ਮੇਰਾ ਛੋਟਾ ਨਾਂ ਵੀ ਮੁੰਡਿਆਂ ਵਾਲਾ ਰੱਖ ਦਿੱਤਾ ਕਿ ਸਾਡੇ ਲਈ ਇਹ ਮੁੰਡਾ ਹੀ ਹੈ। ਰੀਝ ਨਾਲ ਉਹ ਮੇਰੀਆਂ ਫ਼ਰਾਕਾਂ ਸਿਉਂਦੀ, ਮੈਨੂੰ ਝੂਟੇ ਮਾਟੇ ਦਿੰਦੀ, ਤੁਰਨਾ ਸਿਖਾਉਂਦੀ ਤੇ ਰੋਟੀ ਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਕਰ ਮੇਰੇ ਮੂੰਹ ਵਿੱਚ ਪਾਉਂਦੀ। ਇੰਝ ਕਹਿ ਸਕਦੇ ਹਾਂ ਕਿ ਉਸੇ ਨੇ ਹੀ ਮੈਨੂੰ ਪਾਲਿਆ ਸੀ।
ਮੈਂ ਉਦੋਂ ਸੱਤ ਕੁ ਸਾਲ ਦੀ ਸੀ ਜਦੋਂ ਫੁੱਫੜ ਸੁਰਿੰਦਰ ਸਿੰਘ ਭੂਆ ਨੂੰ ਵਿਆਹੁਣ ਆਇਆ ਸੀ। ਦੱਸਦੇ ਹਨ ਕਿ ਮੈਂ ਉਸ ਦਿਨ ਬਹੁਤ ਰੋਈ ਸੀ, ਬਹੁਤ ਚੀਕ ਚਿਹਾੜਾ ਪਾਇਆ ਕਿ ਮੈਂ ਆਪਣੀ ਭੂਆ ਨੂੰ ਕਿਤੇ ਨਹੀਂ ਜਾਣ ਦੇਣਾ। ਭੂਆ ਦੀ ਲਾਲ ਰੰਗ ਦੀ ਚਮਕਦੇ ਸਿਤਾਰਿਆਂ ਜੜੀ ਚੁੰਨੀ ਵਿੱਚ ਮੈਨੂੰ ਰੋਂਦੀ ਨੂੰ ਚੁੱਪ ਕਰਾਉਂਦੀ ਦੀ ਹਲਕੀ ਜਿਹੀ ਝਾਕੀ ਕਿਤੇ ਨਾ ਕਿਤੇ ਮੇਰੇ ਜ਼ਿਹਨ ਵਿੱਚ ਅਜੇ ਵੀ ਮੌਜੂਦ ਹੈ।
ਫੁੱਫੜ ਸੁਰਿੰਦਰ ਸਿੰਘ ਉੱਚਾ ਲੰਬਾ ਸੋਹਣਾ ਜਵਾਨ ਸੀ। ਨਹਿਰੀ ਮਹਿਕਮੇ ਵਿੱਚ ਸਰਕਾਰੀ ਨੌਕਰੀ ਤੇ ਹਿੱਸੇ ਆਉਂਦੀ ਛੇ ਕਿੱਲੇ ਜ਼ਮੀਨ ਦੇ ਸਿਰ ’ਤੇ ਉਸ ਦੀ ਉਸ ਵੇਲੇ ਦੀ ਰਹਿਣੀ ਬਹਿਣੀ ਸਾਡੇ ਪਰਿਵਾਰਾਂ ਤੋਂ ਉੱਚੀ ਸੀ। ਚੰਗਾ ਖਾਣ-ਪੀਣ, ਸੋਹਣੇ ਫੱਬਦੇ ਕੱਪੜੇ ਪਹਿਨਣੇ ਤੇ ਮੂੰਹ ਭਰ ਕੇ ਵੱਡੀ ਗੱਲ ਕਰਨੀ। ਗੱਲ ਕੀ ਪੂਰਾ ਰੋਅਬ ਸੀ ਫੁੱਫੜ ਜੀ ਦਾ। ਸਾਡੀ ਭੂਆ ਵੀ ਸੁਭਾਅ ਤੋਂ ਕਾਫ਼ੀ ਸ਼ੌਕੀਨ ਸੀ, ਦੋਵਾਂ ਦੀ ਜੋੜੀ ਬਹੁਤ ਫੱਬਦੀ ਸੀ। ਦਫਤਰ ਜਾਣ ਵੇਲੇ ਫੁੱਫੜ ਸੁਰਿੰਦਰ ਸਿੰਘ ਆਮ ਗੁਰਗਾਬੀ ਹੀ ਪਹਿਨਦਾ, ਪਰ ਸਹੁਰੇ ਆਉਣ ਵੇਲੇ ਉਹ ਖ਼ਾਸ ਤਿੱਲੇਦਾਰ ਕੱਢਵੀਂ ਪੰਜਾਬੀ ਜੁੱਤੀ ਪਹਿਨਦਾ ਜਿਸਨੂੰ ਖੁੱਸਾ ਕਿਹਾ ਜਾਂਦਾ ਸੀ। ਹਰ ਵਾਰ ਉਹ ਸਾਨੂੰ ਬੜੇ ਟੌਹਰ ਨਾਲ ਇਸ ਜੁੱਤੀ ਦੇ ਕਸੂਰ ਸ਼ਹਿਰ ਤੋਂ ਚੱਲ ਕੇ ਉਹਦੇ ਤੱਕ ਪਹੁੰਚਣ ਦੀ ਕਹਾਣੀ ਸੁਣਾਉਂਦਾ ਕਿ ਕਿਵੇਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਉਸ ਦੇ ਇੱਕ ਦੋਸਤ ਨੂੰ ਉੱਥੇ ਇਹ ਜੁੱਤੀ ਤੋਹਫ਼ੇ ਵਜੋਂ ਕਿਸੇ ਪਾਕਿਸਤਾਨੀ ਮੇਜ਼ਬਾਨ ਨੇ ਦਿੱਤੀ ਤੇ ਉਸ ਨੇ ਅੱਗਿਓਂ ਆਉਂਦਿਆਂ ਹੀ ਜੁੱਤੀ ਫੁੱਫੜ ਜੀ ਨੂੰ ਦੇ ਦਿੱਤੀ। ਇਹ ਕਹਾਣੀ ਅਸੀਂ ਇੰਨੀ ਵਾਰ ਸੁਣ ਚੁੱਕੇ ਸਾਂ ਕਿ ਅਸੀਂ ਮਖੌਲ ਨਾਲ ਫੁੱਫੜ ਦੀ ਛੇੜ ਹੀ ਪਾ ਦਿੱਤੀ, ਕਸੂਰੀ ਜੁੱਤੀ ਵਾਲਾ ਫੁੱਫੜ।
ਨਿੰਮੋ ਭੂਆ ਤੇ ਫੁੱਫੜ ਜੀ ਦੇ ਇਸ ਭਰੇ ਪੂਰੇ ਜੀਵਨ ਵਿੱਚ ਕੋਈ ਕਮੀ ਸੀ ਤਾਂ ਉਹ ਇਹ ਸੀ ਕਿ ਵਿਆਹ ਤੋਂ ਕਈ ਸਾਲ ਬੀਤ ਜਾਣ ’ਤੇ ਵੀ ਉਨ੍ਹਾਂ ਦੇ ਕੋਈ ਔਲਾਦ ਨਾ ਹੋਈ। ਮੇਰੇ ਜ਼ਿਹਨ ਵਿੱਚ ਕਿਤੇ ਕਿਤੇ ਮੇਰੀ ਦਾਦੀ ਤੇ ਮੇਰੀ ਮਾਂ ਦੀਆਂ ਉਹ ਗੱਲਾਂ ਯਾਦ ਆਉਂਦੀਆਂ ਹਨ ਜਿਹੜੀਆਂ ਉਹ ਭੂਆ ਦੇ ਬੱਚਾ ਨਾ ਹੋਣ ਕਾਰਨ ਉਸ ਦੇ ਚੱਲਦੇ ਇਲਾਜ ਬਾਰੇ ਕਰਦੀਆਂ ਹੁੰਦੀਆਂ ਸਨ। ਜਦ ਮੈਂ ਆਪਣੀ ਖੇਡ ਛੱਡ ਕੇ ਇਨ੍ਹਾਂ ਨੂੰ ਪੁੱਛਣ ਆਉਣਾ ਕਿ ਨਿੰਮੋ ਭੂਆ ਨੂੰ ਕੀ ਬਿਮਾਰੀ ਹੈ ਜੋ ਉਸ ਦੀ ਦਵਾਈ ਲੈਣ ਜਾਂਦੇ ਹੋ? ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦੇਣਾ, “ਬੁਖਾਰ ਚੜ੍ਹਦਾ ਹੈ ਤੇਰੀ ਨਿੰਮੋ ਭੂਆ ਨੂੰ, ਇਸੇ ਲਈ ਦਵਾਈ ਲੈਣ ਜਾਈਦਾ। ਤੂੰ ਕੀ ਲੈਣਾ, ਚੱਲ ਖੇਡ ਜਾ ਕੇ।” ਕਈ ਡਾਕਟਰਾਂ ਤੋਂ ਇਲਾਜ ਕਰਵਾਇਆ, ਕਈ ਸੁੱਖਣਾ ਸੁੱਖੀਆਂ, ਕਈ ਮੱਸਿਆ ਨਹਾਈਆਂ।
ਭੂਆ ਫੁੱਫੜ ਦੋਵਾਂ ਨੂੰ ਬੱਚਿਆਂ ਨਾਲ ਬਹੁਤ ਮੋਹ ਸੀ। ਅਕਸਰ ਮੇਰੇ ਸਕੂਲ ਦੀਆਂ ਗਰਮੀ ਦੀਆਂ ਛੁੱਟੀਆਂ ’ਚ ਭੂਆ ਨੇ ਮੈਨੂੰ ਆਪਣੇ ਕੋਲ ਲੈ ਜਾਣਾ। ਦੋਵਾਂ ਨੇ ਬੜੇ ਮੋਹ ਨਾਲ ਨਵੀਆਂ ਨਵੀਆਂ ਚੀਜ਼ਾਂ ਖੁਆਉਣੀਆਂ ਤੇ ਨਵੇਂ ਕੱਪੜੇ ਲੈ ਕੇ ਦੇਣੇ। ਇਸ ਤਰ੍ਹਾਂ ਭੂਆ ਨਾਲ ਤਾਂ ਪਹਿਲਾਂ ਤੋਂ ਹੀ ਸੀ, ਫੁੱਫੜ ਜੀ ਨਾਲ ਵੀ ਮੇਰਾ ਚੰਗਾ ਮੋਹ ਪੈ ਗਿਆ।
ਕਈ ਵਾਰ ਭੂਆ ਨੂੰ ਉਸ ਦੇ ਪੇਕੇ ਘਰ ਛੱਡ ਕੇ, ਫੁੱਫੜ ਜੀ ਨੇ ਉੱਥੇ ਇੱਕ ਰਾਤ ਰਹਿ ਕੇ ਅਗਲੀ ਸਵੇਰ ਉੱਥੋਂ ਹੀ ਤਿਆਰ ਹੋ ਕੇ ਸਿੱਧਾ ਆਪਣੇ ਦਫਤਰ ਡਿਊਟੀ ’ਤੇ ਜਾਣਾ ਹੁੰਦਾ। ਭੂਆ ਨੇ ਆਪਣੇ ਇਲਾਜ ਦੇ ਚੱਲਦਿਆਂ ਮਹੀਨਾ ਡੇਢ ਮਹੀਨਾ ਪੇਕੇ ਘਰ ਰੁਕਣਾ ਹੁੰਦਾ। ਮੇਰੇ ਚੇਤਿਆਂ ਦੇ ਪਰਛਾਵੇਂ ਵਿੱਚ ਨਿੰਮੋ ਭੂਆ ਦੀ ਇੱਕ ਸ਼ਰਾਰਤ ਯਾਦ ਆਉਂਦੀ ਹੈ ਕਿ ਫੁੱਫੜ ਜੀ ਨੇ ਸਵੇਰੇ ਦਫਤਰ ਜਾਣ ਲਈ ਤਿਆਰ ਹੋਣਾ ਤਾਂ ਉਸ ਨੇ ਉਨ੍ਹਾਂ ਦੀ ਤਿੱਲੇਦਾਰ ਜੁੱਤੀ ਲੁਕਾ ਲੈਣੀ। ਮੈਨੂੰ ਤਾਂ ਪਤਾ ਲੱਗਣਾ ਕਿ ਕਈ ਵਾਰ ਜੁੱਤੀ ਮੰਜੇ ਦੇ ਥੱਲੇ ਦੂਰ ਤੱਕ ਚਲੀ ਜਾਣੀ, ਭੂਆ ਨੂੰ ਤਾਂ ਡਾਕਟਰ ਨੇ ਝੁਕਣ ਤੋਂ ਮਨ੍ਹਾ ਕੀਤਾ ਹੁੰਦਾ ਸੀ, ਇਸ ਲਈ ਉਸ ਨੇ ਸਭ ਤੋਂ ਚੋਰੀ ਮੈਨੂੰ ਆਵਾਜ਼ ਮਾਰਨੀ ਤੇ ਮੈਂ ਨਿੱਕੀ ਜਿਹੀ ਨੇ ਮੰਜੇ ਥੱਲਿਓਂ ਜੁੱਤੀ ਕੱਢ ਲਿਆਉਣੀ। ਫਿਰ ਭੂਆ ਨੇ ਮੇਰੇ ਕੰਨ ਵਿੱਚ ਆਖਣਾ ਕਿ ਜਾਹ ਲੈ ਕੇ ਭੱਜ ਜਾ ਤੇ ਤੂੜੀ ਵਾਲੇ ਕਮਰੇ ਵਿੱਚ ਲੁਕਾ ਦੇ। ਇਸ ਖੇਡ ਵਿੱਚ ਮੈਨੂੰ ਬੜਾ ਸੁਆਦ ਆਉਂਦਾ। ਜੁੱਤੀ ਦਾ ਇੱਕ ਪੈਰ ਗੁਆਚ ਜਾਣ ਦੇ ਚੱਕਰ ਵਿੱਚ ਫੁੱਫੜ ਜੀ ਨੇ ਲੇਟ ਹੋ ਜਾਣਾ। ਉਨੇ ਚਿਰ ਨੂੰ ਬੱਸ ਲੰਘ ਜਾਣੀ ਤੇ ਉਨ੍ਹਾਂ ਨੂੰ ਛੁੱਟੀ ਕਰਨੀ ਪੈਣੀ। ਬਾਅਦ ਵਿੱਚ ਹੌਲੀ ਜਿਹੀ ਭੂਆ ਨੇ ਜੁੱਤੀ ਉਸੇ ਕਮਰੇ ’ਚ ਹੀ ਰਖਵਾ ਦੇਣੀ ਕਿ ਕਿਸੇ ਨੂੰ ਪਤਾ ਨਾ ਲੱਗੇ ਬਈ ਇਹ ਜਾਣ-ਬੁੱਝ ਕੇ ਲੁਕਾਈ ਗਈ ਸੀ। ਇਸੇ ਤਰ੍ਹਾਂ ਪਿਆਰ ਭਰੀ ਨੋਕ ਝੋਕ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਦਿਨ ਸੋਹਣੇ ਲੰਘਦੇ ਗਏ।
ਪਤਾ ਨਹੀਂ ਕਿ ਡਾਕਟਰੀ ਇਲਾਜ ਦੀ ਬਦੌਲਤ ਜਾਂ ਫਿਰ ਮੰਗੀਆਂ ਹੋਈਆਂ ਮੰਨਤਾਂ ਦੀ ਵਜ੍ਹਾ ਕਰਕੇ ਭੂਆ ਦੀ ਗੋਦ ਹਰੀ ਹੋ ਗਈ। ਵਿਆਹ ਤੋਂ ਛੇ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਤੇ ਉਸ ਤੋਂ ਪੰਜ ਸਾਲ ਬਾਅਦ ਇੱਕ ਬੇਟਾ ਹੋਇਆ। ਨਿੰਮੋ ਭੂਆ ਦਾ ਵਿਹੜਾ ਹੁਣ ਖ਼ੁਸ਼ੀਆਂ ਨਾਲ ਭਰ ਗਿਆ ਸੀ।
ਦੋਵਾਂ ਜੀਆਂ ਨੇ ਬੱਚਿਆਂ ਨੂੰ ਬੜੇ ਮੋਹ ਨਾਲ ਪਾਲਿਆ। ਹਿੱਸੇ ਆਉਦੀ ਖੇਤੀ ਦੀ ਆਮਦਨ ਅਤੇ ਸਰਕਾਰੀ ਨੌਕਰੀ ਕਾਰਨ ਆਰਥਿਕ ਪੱਖੋਂ ਉਨ੍ਹਾਂ ਦਾ ਹੱਥ ਕਾਫ਼ੀ ਸੁਖਾਲਾ ਸੀ। ਸਮੇਂ ਨਾਲ ਉਨ੍ਹਾਂ ਨੇ ਕੋਠੀ-ਨੁਮਾ ਘਰ ਵੀ ਨਵਾਂ ਬਣਾ ਲਿਆ ਤੇ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਸ਼ਾਦੀਆਂ ਲਈ ਗਹਿਣਾ ਵੀ ਜੋੜ ਲਿਆ। ਗਹਿਣਿਆਂ ਦੀ ਤਾਂ ਸਾਡੀ ਭੂਆ ਖ਼ੁਦ ਵੀ ਬਹੁਤ ਸ਼ੌਕੀਨ ਸੀ। ਰਿਸ਼ਤੇਦਾਰੀ ’ਚ ਕਿਸੇ ਦੇ ਵੀ ਵਿਆਹ-ਸ਼ਾਦੀ ਹੋਣਾ ਤਾਂ ਭੂਆ ਨੇ ਸਭ ਤੋਂ ਵੱਧ ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਣਾ। ਸਾਡੇ ਪਰਿਵਾਰਾਂ ਵਿੱਚ ਜਦ ਵੀ ਕਦੇ ਬੱਚਿਆਂ ਦੇ ਸਾਦੇ ਵਿਆਹ ਦੀ ਗੱਲ ਚੱਲਣੀ ਤਾਂ ਫੁੱਫੜ ਜੀ ਨੇ ਨਾਰਾਜ਼ ਹੋ ਕੇ ਕਹਿਣਾ, “ਤੁਸੀਂ ਜਿੱਦਾਂ ਮਰਜ਼ੀ ਕਰ ਲਉ, ਪਰ ਮੈਂ ਆਪਣੇ ਬੱਚਿਆਂ ਦੇ ਵਿਆਹ ਇਹੋ ਜਿਹੇ ਕਰਨੇ ਕਿ ਲੋਕੀਂ ਖੜ੍ਹ-ਖੜ੍ਹ ਵੇਖਣਗੇ। ਕੀ ਫ਼ਾਇਦਾ ਇੰਨੀ ਕਮਾਈ ਕਰਨ ਦਾ ਜੇ ਇਹੋ ਜਿਹੇ ਖ਼ੁਸ਼ੀਆਂ ਦੇ ਮੌਕੇ ’ਤੇ ਖ਼ਰਚ ਹੀ ਨਹੀਂ ਕਰਨੇ।”
ਅੰਗਰੇਜ਼ੀ ਦੇ ਅੱਖਰ ਤਾਂ ਫੁੱਫੜ ਸੁਰਿੰਦਰ ਸਿੰਘ ਨੂੰ ਸਿਰਫ਼ ਆਪਣੇ ਨਾਮ ਦੇ ਦਸਤਖ਼ਤ ਕਰਨ ਜੋਗੇ ਹੀ ਆਉਂਦੇ ਸਨ। ਪਰ ਰਹਿਣੀ ਬਹਿਣੀ ਤੋਂ ਉਸ ਨੇ ਕਦੇ ਦੂਜਿਆਂ ਨੂੰ ਆਪਣੀ ਘੱਟ ਪੜ੍ਹਾਈ-ਲਿਖਾਈ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ। ਹਰ ਪੱਖੋਂ ਉਹ ਸਮੇਂ ਦੇ ਹਾਣ ਦਾ ਹੋਣਾ ਚਾਹੁੰਦੇ ਸਨ। ਬੱਚਿਆਂ ਨੂੰ ਵੀ ਬਹੁਤੀ ਰੋਕ ਟੋਕ ਨਹੀਂ ਸੀ।
ਜਿਉਂ ਜਿਉਂ ਬੱਚੇ ਜੁਆਨ ਹੁੰਦੇ ਗਏ, ਉਨ੍ਹਾਂ ਦੀਆਂ ਮਨਮਾਨੀਆਂ ਕਾਰਨ ਸਕੂਲਾਂ ਕਾਲਜਾਂ ਤੋਂ ਉਲਾਂਭੇ ਨਾਨਕੇ ਘਰ ਪਹੁੰਚਦੇ ਰਹਿੰਦੇ। ਨਾਨਕੇ ਪਰਿਵਾਰ ਵੱਲੋਂ ਜਦੋਂ ਵੀ ਕਿਸੇ ਨੇ ਨਿੰਮੋ ਭੂਆ ਜਾਂ ਫੁੱਫੜ ਜੀ ਨੂੰ ਇਸ ਬਾਰੇ ਸੁਚੇਤ ਕਰਨਾ ਤਾਂ ਉਨ੍ਹਾਂ ਨੇ ਬੁਰਾ ਮਨਾਉਣਾ। ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਨਾਨਕੇ ਪਰਿਵਾਰ ਤੋਂ ਥੋੜ੍ਹੀ ਦੂਰੀ ਜਿਹੀ ਬਣ ਗਈ। ਮੈਂ ਵੀ ਨਾਨਕੇ ਵਾਲੇ ਪਾਸਿਉਂ ਹੋਣ ਕਾਰਨ ਤੇ ਕੁਝ ਮੇਰੀ ਸ਼ਾਦੀ ਤੋਂ ਬਾਅਦ ਦੇ ਰੁਝੇਵਿਆਂ ਕਾਰਨ ਮੇਰਾ ਵੀ ਉਸ ਘਰ ਵਿੱਚ ਆਉਣਾ ਜਾਣਾ ਘਟ ਗਿਆ।
ਫੁੱਫੜ ਸੁਰਿੰਦਰ ਸਿੰਘ ਨੇ ਆਪਣੀ ਬੇਟੀ ਦਾ ਵਿਆਹ ਉਸ ਦੀ ਪਸੰਦ ਦੇ ਲੜਕੇ ਨਾਲ ਤੈਅ ਕਰ ਦਿੱਤਾ। ਇਹ ਰਿਸ਼ਤਾ ਫੇਸਬੁੱਕ ’ਤੇ ਹੋਏ ਤਾਲਮੇਲ ਦਾ ਨਤੀਜਾ ਸੀ। ਲੜਕਾ ਅਮਰੀਕਾ ਦਾ ਪੱਕਾ ਵਸਨੀਕ ਸੀ ਤੇ ਪਰਿਵਾਰ ਸਮੇਤ ਕਈ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ, ਪਰ ਇਧਰੋਂ ਉਸ ਦੇ ਪਿਛੋਕੜ ਬਾਰੇ ਬਹੁਤੀ ਛਾਣਬੀਣ ਨਾ ਹੋ ਸਕੀ। ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਇਸ ਵਿਆਹ ਉੱਪਰ ਦਿਲ ਖੋਲ੍ਹ ਕੇ ਖਰਚਾ ਕੀਤਾ ਗਿਆ। ਸੋਨੇ ਦੇ ਗਹਿਣਿਆਂ ਨਾਲ 21 ਮਿਲਣੀਆਂ, ਵੱਡਾ ਪੈਲੇਸ, ਖੁੱਲ੍ਹਾ ਦਾਜ ਦਹੇਜ। ਪਰ ਇਹ ਰਿਸ਼ਤਾ ਜਿੰਨੀ ਕਾਹਲੀ ਨਾਲ ਜੋੜਿਆ ਗਿਆ ਸੀ, ਉਨੀ ਹੀ ਤੇਜ਼ੀ ਨਾਲ ਇਸ ਵਿੱਚ ਗੰਢਾਂ ਪੈਣ ਲੱਗੀਆਂ। ਧੀ-ਜਵਾਈ ਦੀ ਜਲਦੀ ਹੀ ਅਣਬਣ ਹੋ ਗਈ ਤੇ ਜਵਾਈ ਨੇ ਉਸ ਨੂੰ ਆਪਣੇ ਕੋਲ ਅਮਰੀਕਾ ਸੱਦਣ ਤੋਂ ਇਨਕਾਰ ਕਰ ਦਿੱਤਾ। ਲਾਡਾਂ ਨਾਲ ਪਾਲੀ ਧੀ ਦੀ ਵਿਆਹੁਤਾ ਜ਼ਿੰਦਗੀ ਠੀਕ ਨਾ ਚੱਲਦੀ ਹੋਣ ਕਾਰਨ ਨਿੰਮੋ ਭੂਆ ਤੇ ਫੁੱਫੜ ਜੀ ਅੰਦਰੋ-ਅੰਦਰ ਧੁਖ਼ਦੇ ਰਹੇ। ਇਹ ਵਿਆਹ ਉਨ੍ਹਾਂ ਨੇ ਦਾਦਕੇ ਅਤੇ ਨਾਨਕੇ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਕੀਤਾ ਸੀ। ਇਸ ਲਈ ਉਹ ਇਸ ਗੱਲ ਨੂੰ ਘਰ ਦੀ ਚਾਰਦੀਵਾਰੀ ਵਿੱਚੋਂ ਬਾਹਰ ਨਹੀਂ ਸੀ ਕੱਢਣਾ ਚਹੁੰਦੇ। ਭੂਆ ਨੂੰ ਇਹ ਦੁੱਖ ਅੰਦਰੋਂ ਘੁਣ ਵਾਂਗੂੰ ਖਾਂਦਾ ਰਿਹਾ ਤੇ ਉਸ ਦੀ ਸਿਹਤ ਕਾਫ਼ੀ ਖ਼ਰਾਬ ਰਹਿਣ ਲੱਗੀ। ਇਸ ਦੇ ਉਲਟ ਫੁੱਫੜ ਜੀ ਨੇ ਆਪਣੇ ਸੁਭਾਅ ਅਨੁਸਾਰ ਇਸ ਮਸਲੇ ਨੂੰ ਜ਼ਿੰਦਾਦਿਲੀ ਨਾਲ ਨਿਪਟਾਉਂਦਿਆਂ, ਆਪਣੀ ਬੇਟੀ ਵੱਲੋਂ ਉਸ ਲੜਕੇ ਤੋਂ ਤਲਾਕ ਲੈਣ ਲਈ ਕੇਸ ਫਾਈਲ ਕਰ ਦਿੱਤਾ। ਉਹ ਆਪਣੀ ਧੀ ਨਾਲ ਅਕਸਰ ਦੋਸਤਾਂ ਵਾਲਾ ਵਿਹਾਰ ਕਰਦੇ ਸਨ।
ਭੂਆ ਦੀ ਸਿਹਤ ਦਿਨੋਂ-ਦਿਨ ਨਿਘਰਦੀ ਰਹੀ। ਸਾਹ ਦੀ ਤਕਲੀਫ਼ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਧੀ ਦੀ ਪ੍ਰੇਸ਼ਾਨੀ ਕਾਰਨ ਉਸ ਦਾ ਦਿਲ ਬਹੁਤ ਹੌਲਾ ਪੈ ਗਿਆ ਸੀ। ਵਾਰ-ਵਾਰ ਘਬਰਾਹਟ ਤੇ ਦਿਲ ਦੀ ਧੜਕਣ ਤੇਜ਼ ਰਹਿਣ ਲੱਗੀ। ਹੌਲ਼ੀ-ਹੌਲ਼ੀ ਗੁਰਦੇ ਵੀ ਖ਼ਰਾਬ ਹੋਣ ਲੱਗੇ। ਫੁੱਫੜ ਜੀ ਨੇ ਨਿੰਮੋ ਭੂਆ ਦੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ। ਜਿੱਥੇ ਵੀ ਕਿਸੇ ਚੰਗੇ ਡਾਕਟਰ ਦੀ ਦੱਸ ਪੈਂਦੀ ਉੱਥੇ ਹੀ ਲੈ ਕੇ ਪਹੁੰਚ ਜਾਂਦੇ। ਦੋਵੇਂ ਬੱਚੇ ਤਾਂ ਆਪਹੁਦਰੇ ਹੀ ਸਨ ਪਰ ਫੁੱਫੜ ਜੀ ਕਦੇ ਭੂਆ ਦਾ ਵਿਸਾਹ ਨਾ ਖਾਂਦੇ। ਉਸ ਨੂੰ ਆਪਣੇ ਹੱਥੀਂ ਖਾਣਾ-ਖੁਆਉਂਦੇ, ਨਹਾਉਂਦੇ-ਧੁਆਉਂਦੇ, ਉਸ ਦੇ ਕੋਲ ਹਮੇਸ਼ਾ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦੇ ਤੇ ਹਾਸੇ ਮਖੌਲ ਨਾਲ ਉਸ ਦਾ ਜੀਅ ਲਾਈ ਰੱਖਦੇ।
ਆਸੇ-ਪਾਸਿਉਂ ਖ਼ਬਰਾਂ ਮਿਲਦੀਆਂ ਰਹੀਆਂ, ਪਤਾ ਨਹੀਂ ਇਨ੍ਹਾਂ ਵਿੱਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਸੀ ਕਿ ਉਨ੍ਹਾਂ ਦਾ ਕਾਲਜ ਪੜ੍ਹਦਾ ਬੇਟਾ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਕਦੇ ਕਦਾਈਂ ਨਸ਼ਾ ਵੀ ਕਰਨ ਲੱਗ ਗਿਆ ਸੀ। ਕਾਲਜ ਵਿੱਚ ਨਿੱਤ ਲੜਾਈ-ਝਗੜਾ ਕਰਦਾ ਜਿਸ ਦੇ ਉਲਾਂਭੇ ਪ੍ਰਿੰਸੀਪਲ ਵੱਲੋਂ ਘਰ ਤੱਕ ਪਹੁੰਚਦੇ। ਘਰ ਵਿੱਚ ਆਪਸ ਵਿੱਚ ਭੈਣ-ਭਰਾ ਦੀ ਵੀ ਬਹੁਤ ਨਹੀਂ ਸੀ ਬਣਦੀ। ਇੱਕ ਤਾਂ ਭੂਆ ਦੀ ਸਿਹਤ ਠੀਕ ਨਾ ਰਹਿੰਦੀ ਹੋਣ ਕਰਕੇ ਤੇ ਦੂਜਾ ਬੇਟੇ ਦੇ ਡਗਮਗਾਉਂਦੇ ਕਦਮਾਂ ਦੀ ਚਿੰਤਾ ਕਰਦਿਆਂ ਫੁੱਫੜ ਸੁਰਿੰਦਰ ਸਿੰਘ ਨੇ ਵਿਚਕਾਰਲਾ ਹੱਲ ਕੱਢਣਾ ਚਾਹਿਆ। ਉਸ ਦੀ ਨਿਗ੍ਹਾ ਵਿੱਚ ਇੱਕ ਚੰਗੇ ਅੰਮ੍ਰਿਤਧਾਰੀ ਪਰਿਵਾਰ ਦੀ ਲੜਕੀ ਸੀ ਜਿਸ ਨਾਲ ਉਸ ਨੇ ਬੇਟੇ ਦਾ ਰਿਸ਼ਤਾ ਤੈਅ ਕਰ ਦਿੱਤਾ। ਉਸ ਨੇ ਸੋਚਿਆ ਕਿ ਉਹ ਲੜਕੀ ਆਪਣੀ ਸਮਝਦਾਰੀ ਨਾਲ ਬਿਖਰਦੇ ਜਾਂਦੇ ਇਸ ਘਰ ਤੇ ਕੁਰਾਹੇ ਪੈ ਰਹੇ ਉਸ ਦੇ ਪੁੱਤਰ, ਦੋਵਾਂ ਨੂੰ ਸੰਭਾਲ ਲਵੇਗੀ। ਬਦਕਿਸਮਤੀ ਨਾਲ ਇਹ ਵੀ ਕਾਹਲੀ ਕਾਹਲੀ ’ਚ ਲਿਆ ਗਿਆ ਇੱਕ ਗ਼ਲਤ ਫੈਸਲਾ ਹੀ ਸਾਬਤ ਹੋਇਆ।
ਹੋਇਆ ਇਉਂ ਕਿ ਘਰ ਸੰਭਾਲਣ ਦੀ ਜ਼ਰੂਰਤ ਤੇ ਕਾਹਲ ਕਾਰਨ ਫੁੱਫੜ ਜੀ ਨੇ ਨਵੀਂ ਆਈ ਨੂੰਹ ਨੂੰ ਲੋੜੋਂ ਵੱਧ ਹੱਕ ਹਕੂਕ ਤੇ ਮਾਣ ਸਨਮਾਨ ਦੇਣਾ ਸ਼ੁਰੂ ਕਰ ਦਿੱਤਾ। ਕਈ ਵਾਰ ਅਚਨਚੇਤ ਮਿਲਿਆ ਹੱਦੋਂ ਵੱਧ ਆਦਰ- ਮਾਣ ਬੰਦੇ ਨੂੰ ਜ਼ਮੀਨ ਤੋਂ ਦੋ-ਦੋ ਗਿੱਠਾਂ ਉੱਪਰ ਹੀ ਚੁੱਕ ਦਿੰਦਾ ਹੈ। ਇਸੇ ਤਰ੍ਹਾਂ ਹੀ ਹੋਇਆ। ਨੂੰਹ-ਪੁੱਤ ਆਪਸ ਵਿੱਚ ਤਾਂ ਜਲਦ ਹੀ ਘਿਉ ਖਿਚੜੀ ਹੋ ਗਏ ਪਰ ਮਾਂ-ਬਾਪ ਨੂੰ ਹੁਣ ਉਹ ਕੁਝ ਨਾ ਸਮਝਦੇ। ਗੱਲ-ਗੱਲ ’ਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਤੇ ਮਨਮਾਨੀਆਂ ਕਰਨਾ ਉਨ੍ਹਾਂ ਲਈ ਆਮ ਗੱਲ ਸੀ। ਤੇਜ਼ ਤਰਾਰ ਭਰਜਾਈ ਦੇ ਆ ਜਾਣ ਕਾਰਨ ਭੈਣ-ਭਰਾ ਦੇ ਰਿਸ਼ਤੇ ਵਿੱਚ ਪਿਆ ਪਾੜਾ ਹੋਰ ਵੀ ਵਧ ਗਿਆ। ਕਈ ਵਾਰ ਤਾਂ ਗੱਲ ਬੋਲ ਬੁਲਾਰੇ ਤੱਕ ਚਲੀ ਜਾਂਦੀ। ਦੋਵਾਂ ਦੀ ਆਪਸ ਵਿੱਚ ਅਕਸਰ ਤਕਰਾਰ ਹੁੰਦੀ ਹੀ ਰਹਿੰਦੀ। ਭਰਜਾਈ ਵੀ ਤਲਾਕਸ਼ੁਦਾ ਨਣਦ ਨੂੰ ਸਹੁਰੇ ਘਰ ਨਾ ਵੱਸਣ ਦਾ ਤਾਹਨਾ ਦੇਣ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੰਦੀ।
ਦੂਜਿਆਂ ਦੇ ਘਰੇਲੂ ਝਗੜਿਆਂ ਦੇ ਫ਼ੈਸਲੇ ਕਰਾਉਣ ਵਾਲਾ ਫੁੱਫੜ ਸੁਰਿੰਦਰ ਸਿੰਘ ਆਪਣੇ ਆਪ ਨੂੰ ਆਪਣੇ ਹੀ ਬੱਚਿਆਂ ਦੇ ਝਗੜੇ ਸਾਹਮਣੇ ਲਾਚਾਰ ਮਹਿਸੂਸ ਕਰਦਾ। ਕਦੇ ਉਹ ਆਪਣੀ ਧੀ ਨੂੰ ਸ਼ਾਂਤ ਰਹਿਣ ਦੀ ਤਾਕੀਦ ਕਰਦਾ, ਕਦੇ ਨੂੰਹ ਪੁੱਤ ਨੂੰ ਪਰ ਦੋਵੇਂ ਪਾਸਿਉਂ ਝੁਕਣ ਵਾਲਾ ਕੋਈ ਨਹੀਂ ਸੀ। ਹੁਣ ਤਾਂ ਇਹ ਘਰੇਲੂ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਆਂਢ-ਗੁਆਂਢ ਦੇ ਕੰਨਾਂ ਤੱਕ ਵੀ ਪਹੁੰਚਦਾ ਰਹਿੰਦਾ ਸੀ। ਨਿੰਮੋ ਭੂਆ ਤੇ ਫੁੱਫੜ ਜੀ ਇਨ੍ਹਾਂ ਹਾਲਾਤ ਕਰਕੇ ਹੋਰ ਵੀ ਪ੍ਰੇਸ਼ਾਨ ਰਹਿਣ ਲੱਗੇ, ਪਰ ਲਗਦੀ ਵਾਹ ਉਹ ਆਪਣੇ ਮੂੰਹੋਂ ਇਹ ਗੱਲ ਬਾਹਰ ਕਿਸੇ ਨਾਲ ਨਾ ਕਰਦੇ। ਉਹ ਘਰ ਦੀ ਗੱਲ ਘਰ ਵਿੱਚ ਹੀ ਨਜਿੱਠਣਾ ਚਾਹੁੰਦੇ ਸਨ।
ਇੱਕ ਦਿਨ ਤਾਂ ਗੱਲ ਹੱਦੋਂ ਵਧ ਗਈ। ਭੈਣ ਨੂੰ ਕੁਝ ਦਿਨਾਂ ਤੋਂ ਸ਼ੱਕ ਜਿਹਾ ਪੈ ਰਿਹਾ ਸੀ ਕਿ ਭਰਾ ਨੇ ਭਰਜਾਈ ਦੇ ਆਖੇ ਲੱਗ ਚਾਹੇ ਅੰਮ੍ਰਿਤ ਛਕ ਲਿਆ ਹੈ ਪਰ ਫਿਰ ਵੀ ਉਹ ਕਦੇ-ਕਦਾਈਂ ਨਸ਼ੇ ਦੀ ਲ਼ਤ ਪੂਰੀ ਕਰਨ ਤੋਂ ਬਾਜ਼ ਨਹੀਂ ਆਉਂਦਾ। ਉਸ ਨੇ ਉਸ ’ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਸ ਨੇ ਆਪਣੇ ਭਰਾ ਦੇ ਕਮਰੇ ਵਿੱਚੋਂ ਕੋਈ ਨਸ਼ੀਲਾ ਪਦਾਰਥ ਲੱਭ ਹੀ ਲਿਆ। ਉਸ ਨੇ ਆਪਣੇ ਮਾਂ-ਬਾਪ ਤੇ ਭਰਾ ਭਰਜਾਈ ਨੂੰ ਇਕੱਠੇ ਕਰ ਕੇ ਇਹ ਸਬੂਤ ਵਜੋਂ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ। ਭਰਾ ਨੇ ਗੁੱਸੇ ਵਿੱਚ ਆ ਕੇ ਭੈਣ ਵੱਲ ਹੱਥ ਚੁੱਕਿਆ ਤਾਂ ਉਹ ਵੀ ਅੱਗਿਉਂ ਭਰਵੇਂ ਜੁੱਸੇ ਦੀ ਮਾਲਕ ਸੀ। ਉਸ ਨੇ ਬਰਾਬਰ ਦਾ ਵਾਰ ਕਰ ਕੇ ਭਰਾ ਨੂੰ ਧੱਕਾ ਦੇ ਦਿੱਤਾ। ਇਉਂ ਧੱਕਾ-ਮੁੱਕੀ ਵਿੱਚ ਉਹ ਪਿਛਾਂਹ ਜਾ ਕੇ ਕੰਧ ਵਿੱਚ ਜਾ ਵੱਜਾ ਤੇ ਉਸ ਦੀ ਦਸਤਾਰ ਉਤਰ ਗਈ। ਭਰਜਾਈ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਆਂਢ-ਗੁਆਂਢ ਇੱਕਠਾ ਕਰ ਲਿਆ ਕਿ ਦੇਖੋ ਲੋਕੋ ਕੇਹੀ ਕਲਯੁਗੀ ਭੈਣ ਹੈ ਜਿਸ ਨੇ ਭਰਾ ਦੀ ਪੱਗ ਲਾਹ ਦਿੱਤੀ। ਇੱਕ ਫੋਨ ਪੇਕੇ ਘਰ ਵੀ ਕਰ ਦਿੱਤਾ। ਇਸ ‘’ਤੇ ਤੈਸ਼ ਵਿੱਚ ਆ ਕੇ ਉਸ ਦੇ ਪੇਕੇ ਵੀ ਪੰਚਾਇਤ ਲੈ ਕੇ ਆਉਣ ਨੂੰ ਤਿਆਰ ਹੋ ਗਏ। ਇਹ ਸਭ ਕੁਝ ਆਪਣੇ ਅੱਖੀਂ ਹੁੰਦਾ ਵੇਖ ਕੇ ਨਿੰਮੋ ਭੂਆ ਦਾ ਬਲੱਡ ਪ੍ਰੈਸ਼ਰ ਵਧ ਗਿਆ। ਉਸ ਨੂੰ ਚੱਕਰ ਤੇ ਤਰੇਲੀਆਂ ਆਉਂਦੀਆਂ ਵੇਖ ਕੇ ਫੁੱਫੜ ਜੀ ਨੇ ਉਸ ਨੂੰ ਮਸੀਂ ਸੰਭਾਲਦਿਆਂ ਮੰਜੇ ’ਤੇ ਲਿਟਾਇਆ ਤੇ ਡਾਕਟਰ ਨੂੰ ਸੱਦਣ ਲਈ ਇੱਕ ਬੰਦਾ ਭੇਜ ਦਿੱਤਾ ਤੇ ਆਂਢ-ਗੁਆਂਢ ਦੀ ਇੱਕਠੀ ਹੋ ਗਈ ਭੀੜ ਨੂੰ ਆਪੋ- ਆਪਣੇ ਘਰੀਂ ਭੇਜਿਆ। ਝਗੜਾ ਸ਼ਾਂਤ ਕਰਨ ਲਈ ਉਨ੍ਹਾਂ ਨੇ ਆਪਣੀ ਬੇਟੀ ਨੂੰ ਮੇਰੇ ਕੋਲ ਭੇਜ ਦਿੱਤਾ ਤੇ ਫੋਨ ’ਤੇ ਮੈਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਜਿੰਨਾ ਚਿਰ ਕੋਈ ਹੱਲ ਨਹੀਂ ਲੱਭਦਾ, ਕੁਝ ਦਿਨ ਮੈਂ ਉਸ ਨੂੰ ਆਪਣੇ ਕੋਲ ਹੀ ਰੱਖ ਲਵਾਂ। ਕੁੜਮਾਂ ਨੂੰ ਫੋਨ ਕਰ ਕੇ ਠੰਢ ਰੱਖਣ ਤੇ ਤੱਤੇ ਘਾਅ ਪੰਚਾਇਤ ਲੈ ਕੇ ਆਉਣ ਤੋਂ ਮਨ੍ਹਾਂ ਕਰਕੇ ਇੱਕ ਵਾਰ ਵਿਗੜੀ ਹੋਈ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਭੂਆ ਦੀ ਹਾਲਤ ਕੁਝ ਥਾਂ ਸਿਰ ਹੋਈ ਤਾਂ ਫੁੱਫੜ ਸੁਰਿੰਦਰ ਸਿੰਘ ਆਪਣੇ ਮਨ ’ਤੇ ਮਣਾਂ ਮੂੰਹੀ ਭਾਰ ਲੈ ਕੇ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਆਪਣੇ ਖੇਤਾਂ ਵੱਲ ਨੂੰ ਹੋ ਤੁਰਿਆ। ਸ਼ਾਇਦ ਉਹ ਇਕੱਲਾ ਬੈਠ ਕੇ ਸਿਰ ਪਈ ਇਸ ਮੁਸੀਬਤ ਦਾ ਹੱਲ ਲੱਭਣਾ ਚਾਹੁੰਦਾ ਸੀ। ਘਰੇ ਨੂੰਹ ਧਰਨੇ ’ਤੇ ਬੈਠ ਗਈ ਸੀ ਕਿ ਉਸ ਨੇ ਇਸ ਘਰ ਵਿੱਚ ਤਾਂ ਰਹਿਣਾ ਹੈ ਜੇਕਰ ਨਣਦ ਘਰੋਂ ਬਾਹਰ ਕਰ ਦਿੱਤੀ ਜਾਵੇ। ਉਸ ਨੇ ਸਾਫ਼ ਕਹਿ ਦਿੱਤਾ ਸੀ, ‘‘ਅੱਜ ਤੋਂ ਬਾਅਦ ਇਸ ਘਰ ਵਿੱਚ ਜਾਂ ਇਹ ਰਹੇਗੀ ਜਾਂ ਮੈਂ।’’
ਮੇਰੇ ਤਾਂ ਅੱਜ ਵੀ ਸੋਚ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਕਿੰਨੀ ਇਮਤਿਹਾਨ ਭਰੀ ਘੜੀ ਸੀ ਇਹ ਉਹਦੇ ਲਈ। ਇੱਕ ਪਾਸੇ ਧੀ ਤੇ ਦੂਜੇ ਪਾਸੇ ਪੁੱਤ ਦਾ ਘਰ। ਉਹ ਕਿਸ ਨੂੰ ਚੁਣਦਾ? ਧੀ ਵੀ ਗ਼ਲਤ ਨਹੀਂ ਸੀ ਕਹਿ ਰਹੀ, ਉਸ ਨੇ ਸਬੂਤ ਵੀ ਦਿਖਾ ਦਿੱਤੇ ਸਨ। ਸ਼ੱਕ ਤਾਂ ਫੁੱਫੜ ਜੀ ਨੂੰ ਬੜੇ ਦਿਨਾਂ ਤੋਂ ਸੀ। ਪਰ ਜੇ ਪੁੱਤ ਦੇ ਸਹੁਰਿਆਂ ਸਾਹਮਣੇ ਧੀ ਨੂੰ ਸਹੀ ਕਿਹਾ ਤਾਂ ਵੀ ਪੁੱਤ ਦਾ ਹੀ ਘਰ ਖ਼ਰਾਬ ਹੋ ਜਾਣਾ। ਧੀ ਨੂੰ ਗ਼ਲਤ ਕਿਹਾ ਤਾਂ ਨੂੰਹ ਉਸ ਨੂੰ ਇਸ ਘਰ ਵਿੱਚ ਰੱਖਣ ਲਈ ਪਹਿਲਾਂ ਹੀ ਤਿਆਰ ਨਹੀਂ। ਇਹ ਅਜਿਹੀ ਘੁੰਮਣਘੇਰੀ ਸੀ ਜਿਸ ਦਾ ਤੋੜ ਕਿਧਰੇ ਵੀ ਨਜ਼ਰ ਨਹੀਂ ਸੀ ਆਉਂਦਾ। ਰਿਸ਼ਤਿਆਂ ਦੇ ਧਾਗੇ ਬੁਰੀ ਤਰ੍ਹਾਂ ਉਲਝ ਚੁੱਕੇ ਸਨ।
ਸ਼ਾਮ ਨੂੰ ਕਿਸੇ ਨੇ ਘਰ ਆ ਕੇ ਖ਼ਬਰ ਦਿੱਤੀ ਕਿ ਸੁਰਿੰਦਰ ਸਿੰਘ ਤਾਂ ਮੋਟਰ ਵਾਲੇ ਕਮਰੇ ਦੇ ਬਾਹਰ ਡਿੱਗਾ ਪਿਆ ਸੀ। ਜਦ ਪਰਿਵਾਰ ਵਾਲਿਆਂ ਨੇ ਭੱਜ ਕੇ ਜਾ ਕੇ ਦੇਖਿਆ ਤਾਂ ਅਧਰੰਗ ਦਾ ਦੌਰਾ ਪੈ ਚੁੱਕਾ ਸੀ। ਫਟਾਫਟ ਚੁੱਕ ਕੇ ਹਸਪਤਾਲ ਲੈ ਜਾਣ ਕਾਰਨ ਉਨ੍ਹਾਂ ਦੀ ਜਾਨ ਤਾਂ ਬਚ ਗਈ ਸੀ, ਪਰ ਖੱਬਾ ਪਾਸਾ ਬਿਲਕੁਲ ਨਕਾਰਾ ਹੋ ਗਿਆ ਸੀ। ਹਫ਼ਤਾ ਭਰ ਹਸਪਤਾਲ ਵਿੱਚ ਰੱਖ ਕੇ ਡਾਕਟਰ ਨੇ ਉਨ੍ਹਾਂ ਨੂੰ ਹਰ ਕਿਸਮ ਦੀ ਚਿੰਤਾ ਤੋਂ ਦੂਰ ਰੱਖਣ ਤੇ ਫ਼ਿਜ਼ਿਓਥੈਰੇਪੀ ਕਰਾਉਣ ਦੀ ਹਦਾਇਤ ਦੇ ਕੇ ਘਰ ਭੇਜ ਦਿੱਤਾ ਸੀ।
ਪਿਛਲੇ ਡੇਢ ਮਹੀਨੇ ਤੋਂ ਉਹ ਇਸੇ ਹਾਲਤ ਵਿੱਚ ਸਨ। ਮੈਂ ਜਦ ਵੀ ਉਨ੍ਹਾਂ ਨੂੰ ਮਿਲਣ ਆਉਂਦੀ ਤਾਂ ਸੋਚਦੀ ਕਿ ਜਿਸ ਔਲਾਦ ਦੀ ਖ਼ਾਤਰ ਦੋਵਾਂ ਨੇ ਆਪਣੀ ਜ਼ਿੰਦਗੀ ਦੇ ਸੋਨੇ ਵਰਗੇ ਪਲ ਮੰਨਤਾਂ ਮੰਗਣ ਤੇ ਡਾਕਟਰੀ ਇਲਾਜਾਂ ਦੇ ਚੱਕਰ ਕੱਟਦਿਆਂ ਗਵਾ ਦਿੱਤੇ, ਅੱਜ ਉਸੇ ਔਲਾਦ ਨੇ ਉਨ੍ਹਾਂ ਨੂੰ ਮੌਤ ਦੇ ਏਨਾ ਨੇੜੇ ਲਿਆ ਸੁੱਟਿਆ ਸੀ। ਜਿਨ੍ਹਾਂ ਨੂੰ ਉਨ੍ਹਾਂ ਨੇ ਜ਼ਿੰਦਗੀ ਦਿੱਤੀ ਸੀ, ਬਦਲੇ ਵਿੱਚ ਉਨ੍ਹਾਂ ਦੇ ਹੱਥੋਂ ਹੀ ਇਨ੍ਹਾਂ ਦੀ ਆਪਣੀ ਜ਼ਿੰਦਗੀ ਅੰਤ ਵੱਲ ਨੂੰ ਜਾ ਰਹੀ ਸੀ। ਜਦ ਵੀ ਮੈਂ ਉਨ੍ਹਾਂ ਨੂੰ ਆਪਣੇ ਕਮਰੇ ਦੀ ਬਾਰੀ ਵਿੱਚੋਂ ਟਿਕਟਿਕੀ ਲਗਾ ਕੇ ਬਾਹਰ ਵੱਲ ਨੂੰ ਵੇਖਦਿਆਂ ਦੇਖਦੀ ਤਾਂ ਮੈਨੂੰ ਆਪਣੇ ਸਿਲੇਬਸ ਵਿੱਚ ਪੜ੍ਹੀ ਹੋਈ ਅੰਗਰੇਜ਼ੀ ਦੀ ਕਹਾਣੀ ‘ਦਿ ਲਾਸਟ ਲੀਫ’ ਦੀ ਨਾਇਕਾ ਯਾਦ ਆਉਂਦੀ ਜੋ ਕੋਈ ਗੰਭੀਰ ਬਿਮਾਰੀ ਨਾ ਹੁੰਦਿਆਂ ਵੀ ਦਿਨੋ-ਦਿਨ ਮੌਤ ਵੱਲ ਨੂੰ ਇਸੇ ਕਾਰਨ ਵਧਦੀ ਰਹਿੰਦੀ ਹੈ ਕਿ ਉਸ ਦੀ ਜਿਊਣ ਦੀ ਇੱਛਾ ਸ਼ਕਤੀ ਹੀ ਖ਼ਤਮ ਹੋ ਜਾਂਦੀ ਹੈ। ਦੋਵੇਂ ਜੀਅ ਵੱਖੋ-ਵੱਖ ਮੰਜਿਆਂ ’ਤੇ ਪਏ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੇ ਰਹਿੰਦੇ। ਇੰਨਾ ਉਦਾਸ ਮਾਹੌਲ ਮੈਨੂੰ ਖਾਣ ਨੂੰ ਆਉਂਦਾ। 50-55 ਸਾਲ ਦੀ ਉਮਰ। ਭਲਾ ਇਹ ਵੀ ਕੋਈ ਉਮਰ ਸੀ ਮੰਜਿਆਂ ’ਤੇ ਪੈਣ ਦੀ। ਮੈਂ ਵੀ ਸੋਚਦੀ ਕਿ ਅਜਿਹੇ ਹਾਲਾਤ ਵਿੱਚ ਹੁਣ ਭਲਾ ਕਿਹੜੀ ਇੱਛਾ ਇਨ੍ਹਾਂ ਨੂੰ ਜ਼ਿੰਦਗੀ ਵੱਲ ਮੋੜ ਸਕਦੀ ਹੈ ਪਰ ਮੈਨੂੰ ਰਿਸ਼ਤਿਆਂ ਦੇ ਤਾਣੇ-ਬਾਣੇ ਦੇ ਉਲਝੇ ਧਾਗਿਆਂ ’ਚੋਂ ਕੋਈ ਵੀ ਧਾਗਾ ਸਿੱਧਾ ਹੁੰਦਾ ਨਜ਼ਰ ਨਾ ਆਉਂਦਾ।
ਇੰਨੇ ਨੂੰ ਸੁੱਖੀ ਅੰਦਰ ਮੇਰਾ ਚਾਹ ਵਾਲਾ ਕੱਪ ਵਾਪਸ ਲੈਣ ਲਈ ਆਈ ਤਾਂ ਮੈਨੂੰ ਮੋਢਿਆਂ ਤੋਂ ਫੜ ਕੇ ਝੰਜੋੜਦੀ ਹੋਈ ਬੋਲੀ, ‘‘ਦੀਦੀ, ਤੁਹਾਡੀ ਚਾਹ ਤਾਂ ਠੰਢੀ ਹੋ ਗਈ। ਹੋਰ ਬਣਾ ਦਿਆਂ?” ਮੈਂ ਹਾਂ ਵਿੱਚ ਸਿਰ ਹਿਲਾਉਣਾ ਹੀ ਚਾਹਿਆ ਸੀ ਕਿ ਬਾਹਰੋਂ ਨਿੰਮੋ ਭੂਆ ਦੀ ਦਰਾਣੀ ਸਾਹੋ-ਸਾਹੀ ਹੋਈ ਨਾਲ ਦੇ ਘਰੋਂ ਭੱਜੀ ਆਈ। ਮੈਨੂੰ ਮਿਲਦਿਆਂ ਹੀ ਉਸ ਨੇ ਕੰਬਦੀ ਆਵਾਜ਼ ਵਿੱਚ ਦੱਸਿਆ ਕਿ ਹਸਪਤਾਲੋਂ ਫੋਨ ਆਇਆ ਹੈ ਕਿ ਤੇਰੇ ਫੁੱਫੜ ਜੀ ਪੂਰੇ ਹੋ ਗਏ। ਮੇਰੇ ਲਈ ਇਹ ਖ਼ਬਰ ਦੁਖਦਾਈ ਜ਼ਰੂਰ ਸੀ, ਪਰ ਅਚੰਭੇ ਭਰੀ ਨਹੀਂ ਸੀ। ਮੈਂ ਤਾਂ ਕਿੰਨੇ ਦਿਨਾਂ ਤੋਂ ਰੋਜ਼ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਮੌਤ ਵੱਲ ਸਰਕਦਿਆਂ ਵੇਖ ਰਹੀ ਸੀ।
ਘਰ ਤੇ ਆਂਢ-ਗੁਆਂਢ ਸਭ ਨੂੰ ਇਹ ਦੁਖਦਾਈ ਖ਼ਬਰ ਕੰਨੋਂ-ਕੰਨੀਂ ਪਹੁੰਚ ਗਈ ਸੀ। ਪਰ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਪੈ ਰਹੀ ਕਿ ਇਹ ਖ਼ਬਰ ਨਿੰਮੋ ਭੂਆ ਦੇ ਕੰਨਾਂ ਵਿੱਚ ਪਾ ਦੇਵੇ ਜਿਹੜੀ ਸਵੇਰ ਦੀ ਮਸੀਂ ਆਪਣਾ ਸਾਹ ਰੋਕ ਕੇ ਬੈਠੀ ਆਪਣੇ ਜੀਵਨ ਸਾਥੀ ਦੀ ਲੰਬੀ ਉਮਰ ਦੀਆਂ ਦੁਆਵਾਂ ਕਰ ਰਹੀ ਸੀ। ਭਲਾ ਕਦੋਂ ਕਬੂਲ ਹੁੰਦੀਆਂ ਹਨ ਇਹੋ ਜਿਹੀਆਂ ਦੁਆਵਾਂ!
ਸੁੱਖੀ ਦੇ ਕਹਿਣ ’ਤੇ ਮੈਂ ਹੀ ਨਿੰਮੋ ਭੂਆ ਨੂੰ ਬਾਹਰੋਂ ਵਰਾਂਡੇ ਵਿੱਚੋਂ ਉਠਾ ਕੇ ਅੰਦਰ ਕਮਰੇ ਵਿੱਚ ਲੈ ਕੇ ਆਉਣ ਲਈ ਅੱਗੇ ਵਧੀ। ਉਸ ਦੀ ਢਿੱਲੀ ਹੋ ਗਈ ਬੁੱਕਲ ਨੂੰ ਸੰਵਾਰਨ ਲਈ ਮੈਂ ਗੋਡਿਆਂ ਭਾਰ ਹੋ ਕੇ ਉਸ ਕੋਲ ਹੀ ਬਹਿ ਗਈ। ਜਿਉਂ ਹੀ ਮੈਂ ਉਸ ਦੀ ਬਦਾਮੀ ਰੰਗ ਦੀ ਸ਼ਾਲ ਦਾ ਪੱਲਾ ਉਸ ਦੇ ਸੱਜੇ ਮੋਢੇ ’ਤੇ ਦੇਣ ਲਈ ਹੱਥ ਵਧਾਇਆ ਤਾਂ ਭੂਆ ਮੇਰੀਆਂ ਬਾਹਾਂ ਵਿੱਚ ਹੀ ਲੁੜਕ ਗਈ। ਨਹੀਂ ਨਿੰਮੋ ਭੂਆ ਨਹੀਂ, ਉਸ ਦਾ ਬੇਜਾਨ ਬੁੱਤ।
... ... ...
ਉਸ ਦੀ ਦੁਆ ਤਾਂ ਕਦੋਂ ਦੀ ਕਬੂਲ ਹੋ ਚੁੱਕੀ ਸੀ। ਉਸ ਦੀ ਖੁੱਲ੍ਹੀ ਹੋਈ ਬੁੱਕਲ ਵਿੱਚੋਂ ਫੁੱਫੜ ਨਰਿੰਦਰ ਸਿੰਘ ਦੀ ਤਿੱਲੇਦਾਰ ਜੁੱਤੀ ਬੁੜ੍ਹਕ ਕੇ ਜ਼ਮੀਨ ’ਤੇ ਜਾ ਡਿੱਗੀ। ਉਸ ਦੀ ਰੂਹ ਤਾਂ ਆਪਣੇ ਹਾਣੀ ਨਾਲ ਲੰਮਿਆਂ ਰਾਹਾਂ ਦੀ ਪਾਂਧੀ ਹੋ ਚੁੱਕੀ ਸੀ।
ਇਸ ਵਾਰ ਉਸ ਦਾ ਹਮਸਫ਼ਰ ਜੁੱਤੀ ਲੁਕਾਏ ਜਾਣ ਕਾਰਨ ਸਫ਼ਰ ’ਤੇ ਜਾਣ ਤੋਂ ਟਲਿਆ ਨਹੀਂ ਸੀ ਸਗੋਂ ਉਸ ਨੂੰ ਵੀ ਆਪਣੇ ਨਾਲ ਲੈ ਕੇ ਤੁਰ ਗਿਆ ਸੀ।
ਸੰਪਰਕ: 70878-61470

Advertisement

Advertisement