ਪੰਜਾਬ ਸਮੇਤ ਉੱਤਰੀ ਭਾਰਤ ’ਚ ਤਬਾਹੀ ਦਾ ਮੰਜ਼ਰ
* ਪੰਜਾਬ ਵਿੱਚ ਹਾਲਾਤ ਬਦ ਤੋਂ ਬਦਤਰ ਹੋਏ
* ਹੁਣ ਤੱਕ ਛੇ ਦੀ ਮੌਤ, ਦਰਜਨਾਂ ਪਸ਼ੂ ਵੀ ਮਰੇ
* ਮੌਸਮ ਵਿਭਾਗ ਵੱਲੋਂ 9 ਜ਼ਿਲ੍ਹਿਆਂ ’ਚ ਰੈੱਡ ਅਲਰਟ
* 100 ਪਿੰਡ ਕਰਵਾਏ ਜਾ ਰਹੇ ਨੇ ਖਾਲੀ
* ਮੌਸਮ ਵਿਗਿਆਨੀਆਂ ਨੇ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਦੀ ਪੇਸ਼ੀਨਗੋਈ ਕੀਤੀ
* ਫਿਲੌਰ ਦੀ ਪੀਏਪੀ ਅਕੈਡਮੀ ਵਿਚ ਅਚਾਨਕ ਪਾਣੀ ਭਰਨ ਕਾਰਨ ਕਈ ਵਾਹਨ ਡੁੱਬੇ
* ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ’ਚ ਫ਼ਸਲਾਂ ਦਾ ਨੁਕਸਾਨ
* ਸੂਬੇ ਦੇ ਕਈ ਦਰਿਆਵਾਂਵਿੱਚ ਪਾਣੀ ਚੜਿ੍ਹਆ, ਪਿੰਡਾਂ ਦੇ ਲੋਕਾਂ ਨੂੰ ਪਈ ਡਾਢੀ ਮਾਰ
* ਐੱਨਡੀਆਰਐੱਫ਼,ਫੌਜ, ਪੁਲੀਸ ਅਤੇ ਪ੍ਰਸ਼ਾਸਨ ਦੇ ਨਾਲ ਲੋਕ ਨੁਮਾਇੰਦੇ ਰਾਹਤ ਕਾਰਜਾਂ ’ਚ ਜੁਟੇ
ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੁਲਾਈ
ਪੰਜਾਬ ’ਚ ਪਿਛਲੇ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਕਰੀਬ ਅੱਧੇ ਪੰਜਾਬ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਨੇ ਛੇ ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਪਸ਼ੂ ਵੀ ਲਪੇਟ ਵਿਚ ਆ ਗਏ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਨੇ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਖ਼ਾਸ ਕਰ ਕੇ ਇਸ ਦੀ ਮਾਰ ਹੇਠ ਪੂਰਬੀ ਮਾਲਵਾ ਆ ਸਕਦਾ ਹੈ। ਵੇਰਵਿਆਂ ਅਨੁਸਾਰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਕਰੀਬ 100 ਤੋਂ ਜ਼ਿਆਦਾ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ 14 ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ ਫ਼ੌਜ ਦੀ ਮਦਦ ਲਈ ਗਈ ਹੈ। ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ’ਚ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਦਾ ਮਲੂਕ ਸਿੰਘ (65) ਰੁੜ ਗਿਆ ਜੋ ਗੂੰਗਾ ਅਤੇ ਬੋਲਾ ਸੀ। ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਪੋਜੇਵਾਲ ਅਤੇ ਰਾਹੋਂ ਖ਼ਿੱਤੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਲਾਲੜੂ ਦੇ ਨਜ਼ਦੀਕੀ ਪਿੰਡ ਜੌਲਾ ਕਲਾਂ ਨੇੜੇ ਇੱਕ ਨੌਜਵਾਨ ਮੁਨੀਸ਼ ਕੁਮਾਰ (30) ਮੋਟਰਸਾਈਕਲ ਸਮੇਤ ਬਰਸਾਤੀ ਚੋਅ ਦੇ ਤੇਜ਼ ਰਫ਼ਤਾਰ ਪਾਣੀ ਵਿੱਚ ਰੁੜ੍ਹ ਗਿਆ, ਜਿਸ ਦੀ ਡੁੱਬਣ ਕਾਰਨ ਮੌਤ ਹੋ ਗਈ।
ਇਸ ਤੋਂ ਪਹਿਲਾਂ ਐਤਵਾਰ ਨੂੰ ਨੂਰਪੁਰ ਬੇਦੀ ਦੇ ਪਿੰਡ ਖੱਡ ਬਠਲੌਰ ਦਾ ਸਤਵਿੰਦਰ ਸਿੰਘ ਢਿੱਗ ਦੀ ਮਾਰ ਹੇਠ ਆ ਕੇ ਜਾਨ ਤੋਂ ਹੱਥ ਧੋ ਬੈਠਾ ਸੀ ਜਦਕਿ ਇੱਕ ਅਣਪਛਾਤਾ ਸਾਧੂ ਪਿੰਡ ਸਮੁੰਦੜੀਆਂ ਕੋਲ ਪਾਣੀ ਵਿਚ ਰੁੜ ਗਿਆ ਸੀ।
ਇਸ ਦੌਰਾਨ ਘੱਗਰ ਨੇ ਪਟਿਆਲਾ ਤੋਂ ਬਾਅਦ ਅੱਜ ਸ਼ਾਮ ਸੰਗਰੂਰ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਘੱਗਰ ਵਿਚ ਪਾਣੀ 1.70 ਲੱਖ ਕਿਊਸਿਕ ਚੱਲ ਰਿਹਾ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਉਪਰ ਚਲਾ ਗਿਆ ਹੈ ਜੋ ਦੁਪਹਿਰ ਮਗਰੋਂ 1.22 ਲੱਖ ਕਿਊਸਿਕ ਰਹਿ ਗਿਆ ਸੀ। ਘੱਗਰ ਅਤੇ ਸਤਲੁਜ ਦਰਿਆਵਾਂ ਕਾਰਨ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਗਈ ਹੈ। ਸੰਗਰੂਰ ਜ਼ਿਲ੍ਹੇ ’ਚ ਘੱਗਰ ਦੀ ਸਮਰੱਥਾ 30 ਹਜ਼ਾਰ ਕਿਊਸਿਕ ਪਾਣੀ ਦੀ ਹੈ ਜਦੋਂ ਕਿ ਅੱਜ ਸ਼ਾਮ ਇੱਥੇ 90 ਹਜ਼ਾਰ ਕਿਊਸਿਕ ਪਾਣੀ ਪੁੱਜ ਗਿਆ ਸੀ। ਰਾਜਪੁਰਾ ਤੋਂ ਪਸੀਦਰਾ ਦਾ ਪਾਣੀ ਘੱਗਰ ਵਿਚ ਪੈਂਦਾ ਹੈ ਜਿਸ ਵਿਚ ਪਾਣੀ ਦਾ ਪੱਧਰ 12 ਫੁੱਟ ਦੇ ਮੁਕਾਬਲੇ 21 ਫੁੱਟ ਚੱਲ ਰਿਹਾ ਹੈ। ਪਟਿਆਲਾ ਦੀ ਵੱਡੀ ਨਦੀ ਨੱਕੋ-ਨੱਕ ਭਰੀ ਹੋਈ ਹੈ। ਘੱਗਰ ਦਾ ਪਾਣੀ ਨਰਵਾਣਾ ਨਹਿਰ ਦੇ ਉਪਰੋਂ ਦੀ ਲੰਘ ਰਿਹਾ ਹੈ। ਸਤਲੁਜ ਦਰਿਆ ਵਿਚ ਰੋਪੜ ਹੈੱਡ ਵਰਕਸ ’ਤੇ ਪਾਣੀ ਦਾ ਵਹਾਅ 1.81 ਲੱਖ ਕਿਊਸਿਕ ਰਿਹਾ ਜਦੋਂ ਕਿ ਫਿਲੌਰ ’ਚ ਦਰਿਆ ਦਾ ਪੱਧਰ 2.45 ਲੱਖ ਕਿਊਸਿਕ ’ਤੇ ਪਹੁੰਚ ਗਿਆ। ਸਰਹਿੰਦ ਨਹਿਰ ਵਿਚ 13 ਹਜ਼ਾਰ ਕਿਊਸਿਕ ਦੀ ਸਮਰੱਥਾ ਦੇ ਮੁਕਾਬਲੇ 23 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਇਸ ਦਾ ਅਸਰ ਲੁਧਿਆਣਾ ਅਤੇ ਦੋਰਾਹਾ ’ਤੇ ਪੈ ਸਕਦਾ ਹੈ। ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਮੋਗਾ ਅਤੇ ਲੁਧਿਆਣਾ ਵਿਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਘੱਗਰ ਅਤੇ ਸਤਲੁਜ ਦੇ ਨੇੜਲੇ ਇਲਾਕਿਆਂ ’ਚ ਹਜ਼ਾਰਾਂ ਏਕੜ ਰਕਬਾ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਰਾਵੀ ’ਚੋਂ ਅੱਜ 1.80 ਲੱਖ ਕਿਊਸਿਕ ਅਤੇ ਹਰੀਕੇ ਹੈੱਡ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਸਤਲੁਜ ਦਰਿਆ ਦੇ ਕਨਿਾਰੇ ਬਣੇ ਧੁੱਸੀ ਬੰਨ੍ਹ ਵਿਚ ਵੀ ਪਾੜ ਪੈ ਗਿਆ ਹੈ। ਇਸੇ ਤਰ੍ਹਾਂ ਨਰਵਾਣਾ ਬਰਾਂਚ, ਸਿਸਵਾਂ ਅਤੇ ਮੁਹਾਲੀ ਨੇੜੇ ਟਿਵਾਣਾ ’ਚ ਵੀ ਪਾੜ ਪੈ ਗਿਆ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਵਿਚ ਕਈ ਥਾਵਾਂ ’ਤੇ ਪਾੜ ਪੈਣ ਕਾਰਨ ਫ਼ਸਲਾਂ ਡੁੱਬ ਗਈਆਂ ਹਨ ਅਤੇ ਚਿਤਕਾਰਾ ਯੂਨੀਵਰਸਿਟੀ ਤੇ ਨੀਲਮ ਹਸਪਤਾਲ ਵਿਚ ਵੀ ਪਾਣੀ ਭਰ ਗਿਆ ਹੈ। ਹੁਸੈਨੀਵਾਲਾ ਹੈੱਡ ਤੋਂ ਪਾਣੀ ਛੱਡਣ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਿੰਡਾਂ ਨੂੰ ਖ਼ਾਲੀ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਰਾਹਤ ਕੈਂਪ ਬਣਾਏ ਜਾ ਰਹੇ ਹਨ। ਰੋਪੜ ਅਤੇ ਮੁਹਾਲੀ ਜ਼ਿਲ੍ਹਾ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ। ਛੱਤਬੀੜ ਦੀ ਰਿਹਾਇਸ਼ੀ ਕਾਲੋਨੀ ਵਿਚ ਵੀ ਪਾਣੀ ਭਰ ਗਿਆ ਹੈ। ਫਿਲੌਰ ਦੀ ਪੀਏਪੀ ਅਕੈਡਮੀ ਵਿਚ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ।
ਹੁਸ਼ਿਆਰਪੁਰ ਦੇ ਪਿੰਡ ਮੈਲੀ ਕੋਲ ਡੈਮ ਦੇ ਓਵਰਫ਼ਲੋਅ ਹੋਣ ਕਾਰਨ ਦੋ ਦਰਜਨ ਪਿੰਡਾਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਫ਼ਤਿਹਗੜ੍ਹ ਸਾਹਿਬ ਵਿਚ ਕਈ ਅਦਾਰਿਆਂ ਦੀਆਂ ਇਮਾਰਤਾਂ ਪਾਣੀ ਵਿਚ ਡੁੱਬ ਗਈਆਂ ਹਨ। ਰਾਜਪੁਰਾ ਥਰਮਲ ਪਲਾਂਟ ਵਿਚ ਪਾਣੀ ਦਾਖ਼ਲ ਹੋਣ ਕਾਰਨ ਇੱਕ ਯੂਨਿਟ ਬੰਦ ਕਰਨਾ ਪਿਆ ਹੈ। ਪਟਿਆਲਾ ਦੀ ਪੁਲੀਸ ਅਕੈਡਮੀ ਵੀ ਪਾਣੀ ਦੀ ਮਾਰ ਹੇਠ ਆਈ ਹੈ। ਜ਼ਿਲ੍ਹਾ ਪਟਿਆਲਾ ਅਤੇ ਕੀਰਤਪੁਰ ਸਾਹਿਬ ਵਿਚ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਲਗਾਤਾਰ ਅਪਰੇਸ਼ਨ ਚੱਲ ਰਹੇ ਹਨ। ਪਠਾਨਕੋਟ, ਫ਼ਿਰੋਜ਼ਪੁਰ, ਤਰਨਤਾਰਨ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਵਿਚ ਵੱਡੀ ਗਿਣਤੀ ਵਿਚ ਕੱਚੇ ਤੇ ਪੱਕੇ ਘਰ ਡਿੱਗ ਗਏ ਹਨ। ਸਿੰਜਾਈ ਮਹਿਕਮੇ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1614.89 ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ 1390 ਦੇ ਮੁਕਾਬਲੇ ਪਾਣੀ ਦਾ ਪੱਧਰ 1350.63 ਫੁੱਟ ਹੈ। ਉਧਰ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1706.26 ਫੁੱਟ ’ਤੇ ਪਹੁੰਚ ਗਿਆ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ।
ਪੰਜਾਬਵਿੱਚ ਐੱਨਡੀਆਰਐੱਫ ਦੀਆਂ 14 ਟੀਮਾਂ ਤਾਇਨਾਤ
ਨਵੀਂ ਦਿੱਲੀ: ਉੱਤਰੀ ਭਾਰਤ ਦੇ ਚਾਰ ਸੂਬਿਆਂ ’ਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਨਾਲ ਸਿੱਝਣ ਲਈ ਐੱਨਡੀਆਰਐੱਫ ਦੀਆਂ 39 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਬ ’ਚ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੀਆਂ 14 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਜਦਕਿ ਹਿਮਾਚਲ ਪ੍ਰਦੇਸ਼ ’ਚ 12, ਉੱਤਰਾਖੰਡ ’ਚ 8 ਅਤੇ ਹਰਿਆਣਾ ’ਚ 5 ਟੀਮਾਂ ਨੇ ਮੋਰਚੇ ਸੰਭਾਲੇ ਹੋਏ ਹਨ। ਐੱਨਡੀਆਰਐੱਫ ਦੇ ਤਰਜਮਾਨ ਨੇ ਕਿਹਾ ਕਿ ਹਾਲਾਤ ਮੁਤਾਬਕ ਸੂਬਿਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਹਰੇਕ ਟੀਮ ’ਚ 30 ਤੋਂ 35 ਬਚਾਅ ਕਰਮੀ ਹਨ ਜੋ ਕਿਸ਼ਤੀਆਂ, ਰੱਸੀਆਂ, ਰੁਖ ਕੱਟਣ ਵਾਲੇ ਔਜ਼ਾਰਾਂ ਅਤੇ ਹੋਰ ਲੋੜੀਂਦੇ ਉਪਕਰਣਾਂ ਨਾਲ ਲੈਸ ਹਨ। -ਪੀਟੀਆਈ
ਭਗਵੰਤ ਮਾਨ ਨੇ ਸ਼ਾਹ ਨੂੰ ਸਥਿਤੀ ਤੋਂ ਜਾਣੂ ਕਰਾਇਆ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਮਰੱਥ ਹੈ। ਇਸ ਸਬੰਧੀ ਪੰਜਾਬ ਭਰ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਨਿ੍ਹਾਂ ’ਤੇ 24 ਘੰਟੇ ਕਰਮਚਾਰੀ ਤਾਇਨਾਤ ਰਹਿਣਗੇ।
ਸੂਬਿਆਂ ਨੂੰ ਪੀਐੱਮ ਕੇਅਰਜ਼ ਫੰਡ ’ਚੋਂ ਵਾਧੂ ਰਾਹਤ ਦੇਵੇ ਕੇਂਦਰ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਮੋਹਲੇਧਾਰ ਮੀਂਹ ਤੋਂ ਪ੍ਰਭਾਵਿਤ ਸੂਬਿਆਂ ਨੂੰ ਪੀਐੱਮ ਕੇਅਰਜ਼ ਫੰਡ ’ਚੋਂ ਵਾਧੂ ਰਾਹਤ ਉਪਲੱਬਧ ਕਰਵਾਈ ਜਾਵੇ। ਖੜਗੇ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਲੋਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਟਵੀਟ ਕਰ ਕੇ ਮੋਹਲੇਧਾਰ ਮੀਂਹ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ’ਤੇ ਗੱਲਬਾਤ ਕੀਤੀ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉੱਤਰੀ ਭਾਰਤ ’ਚ ਮੀਂਹ ਕਾਰਨ ਹੋਈਆਂ ਮੌਤਾਂ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਰਾਹਤ ਕਾਰਜਾਂ ’ਚ ਲੋਕਾਂ ਅਤੇ ਪ੍ਰਸ਼ਾਸਨ ਦੀ ਸਹਾਇਤਾ ਕਰਨ।
ਰੋਪੜ ਅਤੇ ਮੁਹਾਲੀ ’ਚ ਰਿਕਾਰਡ ਤੋੜ ਮੀਂਹ ਪਿਆ
ਪੰਜਾਬ ਦੇ ਨੌਂ ਜ਼ਿਲ੍ਹਿਆਂ ਵਿਚ ਬੀਤੇ ਤਿੰਨ ਦਨਿਾਂ ਤੋਂ ਸਭ ਤੋਂ ਵੱਧ ਬਾਰਸ਼ ਹੋਈ ਹੈ ਜਨਿ੍ਹਾਂ ’ਚੋਂ ਸਭ ਤੋਂ ਵੱਧ 546 ਐੱਮਐੱਮ ਮੀਂਹ ਰੋਪੜ ਜ਼ਿਲ੍ਹੇ ਵਿਚ ਪਿਆ ਹੈ। ਮੁਹਾਲੀ ਜ਼ਿਲ੍ਹੇ ਵਿਚ 401 ਐੱਮਐੱਮ, ਨਵਾਂਸ਼ਹਿਰ ਵਿਚ 255, ਫ਼ਤਿਹਗੜ੍ਹ ਸਾਹਿਬ ਵਿਚ 162.8, ਗੁਰਦਾਸਪੁਰ ਵਿਚ 190, ਹੁਸ਼ਿਆਰਪੁਰ ਵਿਚ 169, ਪਟਿਆਲਾ ਵਿਚ 126 ਅਤੇ ਤਰਨਤਾਰਨ ਵਿਚ 106.3 ਐੱਮਐੱਮ ਮੀਂਹ ਪਿਆ ਹੈ।
ਪੰਜਾਬਵਿੱਚ 13 ਤੱਕ ਸਕੂਲ ਬੰਦ
ਪੰਜਾਬ ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ 13 ਜੁਲਾਈ ਤੱਕ ਛੁੱਟੀਆਂ ਐਲਾਨ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੀਂਹ ਕਾਰਨ ਬਣੇ ਹਾਲਾਤ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਸੂਬਾ ਸਰਕਾਰ ਨੇ ਆਂਗਨਵਾੜੀ ਸੈਂਟਰ ਵੀ 13 ਜੁਲਾਈ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਦਰਜਨਾਂ ਰੇਲਗੱਡੀਆਂ ਰੱਦ
ਮੋਹਲੇਧਾਰ ਮੀਂਹ ਕਾਰਨ ਕਰੀਬ ਡੇਢ ਦਰਜਨ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਜਦੋਂ ਕਿ ਅੱਧੀ ਦਰਜਨ ਦੇ ਰੂਟ ਤਬਦੀਲ ਕੀਤੇ ਗਏ ਹਨ। ਚੰਡੀਗੜ੍ਹ-ਅੰਮ੍ਰਿਤਸਰ, ਫ਼ਿਰੋਜ਼ਪੁਰ-ਚੰਡੀਗੜ੍ਹ, ਨੰਗਲ ਡੈਮ ਐਕਸਪ੍ਰੈੱਸ, ਚੰਡੀਗੜ੍ਹ-ਸਾਹਨੇਵਾਲ, ਚੰਡੀਗੜ੍ਹ-ਹਰਿਦੁਆਰ ਆਦਿ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ ਹਾਵੜਾ ਐਕਸਪ੍ਰੈੱਸ ਅਤੇ ਗੋਲਡਨ ਟੈਂਪਲ ਐਕਸਪ੍ਰੈੱਸ ਨੂੰ ਵਾਇਆ ਪਾਣੀਪਤ ਚਲਾਇਆ ਗਿਆ ਹੈ।