ਬੱਚੇ ਦੇ ਨਾਮ ’ਤੇ ਪਰਿਵਾਰ ਨੂੰ ਡਰਾ ਕੇ ਦੋ ਲੱਖ ਮੰਗੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਫਰਵਰੀ
ਲੋਕਾਂ ਨਾਲ ਆਨਲਾਈਨ ਠੱਗੀ ਮਾਰਨ ਵਾਲੇ ਨੌਸਰਬਾਜ਼ਾਂ ਨੇ ਹੁਣ ਨਵਾਂ ਪੈਂਤੜਾ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਆਨਲਾਈਨ ਠੱਗੀ ਤੋਂ ਬਾਅਦ ਉਨ੍ਹਾਂ ਵਲੋਂ ਹੁਣ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਬੱਚਿਆਂ ਦੇ ਮਾਪਿਆਂ ਦਾ ਫੋਨ ਨੰਬਰ ਪਤਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੱਚਿਆਂ ਦੇ ਨਾਂ ’ਤੇ ਡਰਾ-ਧਮਕਾ ਰਹੇ ਹਨ ਤੇ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਟਰਾਂਸਫਰ ਕਰ ਰਹੇ ਹਨ। ਇੱਥੇ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਰੋਡ ਦੇ ਸੈਕਟਰ 32 ਕੋਲ ਸਥਿਤ ਇੱਕ ਸਕੂਲ ’ਚ ਦਸਵੀਂ ਦੇ ਵਿਦਿਆਰਥੀ ਦੇ ਪਰਿਵਾਰ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੂੰ ਕਾਬੂ ਕਰ ਲਿਆ ਗਿਆ ਹੈ ਕਿਉਂਕਿ ਉਹ ਗਲਤ ਅਨਸਰ ਨੂੰ ਲੈ ਕੇ ਜਾ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੂੰ ਛੱਡਣ ਲਈ 2 ਲੱਖ ਰੁਪਏ ਮੰਗੇ ਗਏ। ਜਦੋਂ ਪਰਿਵਾਰ ਨੇ ਪੈਸੇ ਨਾ ਭੇਜਣ ਦੀ ਗੱਲ ਕਹੀ ਤਾਂ ਉਨ੍ਹਾਂ ਧਮਕਾਇਆ ਅਤੇ ਬੱਚੇ ਨੂੰ ਫਸਾਉਣ ਦਾ ਡਰਾਵਾ ਦਿੱਤਾ ਜਿਸ ਤੋਂ ਬਾਅਦ ਸਹਿਮੇ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਨਰਿੰਦਰ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਗਲਤ ਅਨਸਰ ਨੂੰ ਲੈ ਕੇ ਜਾ ਰਿਹਾ ਸੀ। ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ ਪਰ ਉਨ੍ਹਾਂ ਪੁਲੀਸ ਤੇ ਸਕੂਲ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਲੜਕਾ ਸਕੂਲ ’ਚ ਹੀ ਹੈ।