ਸਾਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਮਨਾਇਆ
ਅਤਰ ਸਿੰਘ
ਡੇਰਾਬੱਸੀ, 4 ਜਨਵਰੀ
ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸ੍ਰੀਮਤੀ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਵਸ ਮੌਕੇ ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ, ਡੇਰਾਬੱਸੀ ਵੱਲੋਂ ਸੈਣੀ ਯੂਥ ਫੈਡਰੇਸ਼ਨ ਡੇਰਾਬੱਸੀ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕਾਲਜ ਵਿਖੇ ‘ਅਧਿਆਪਕ ਸਨਮਾਨ ਸਮਾਰੋਹ’ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਦੀ ਅਗਵਾਈ ਅਤੇ ਕਰਨੈਲ ਸਿੰਘ, ਡੀਐੱਸਪੀ (ਟਰੈਫ਼ਿਕ) ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਜ਼ਿਲ੍ਹੇ ਦੇ ਅੱਠ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਡਾ. ਗੁਰਪ੍ਰੀਤ ਕੌਰ, ਮੈਂਟਰ, ਡਾਇਟ ਅਹਿਮਦਪੁਰ (ਮਾਨਸਾ) ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਨੈਸ਼ਨਲ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸੈਣੀ, ਉੱਘੇ ਦਲਿਤ ਚਿੰਤਕ ਫਤਿਹਜੰਗ ਸਿੰਘ ਅਤੇ ਸਮਾਜਸੇਵੀ ਨਰੇਸ਼ ਉਪਨੇਜਾ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਅਨਮੋਲ ਸਿੰਘ ਅਤੇ ਸੰਯੁਕਤ ਸਕੱਤਰ ਲੈਕਚਰਾਰ ਜੈ ਪਾਲ ਵੱਲੋਂ ਬਾਖ਼ੂਬੀ ਨਿਭਾਈ ਗਈ।