ਖਰੜ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਫ਼ਦ ਵਿਧਾਇਕਾ ਨੂੰ ਮਿਲਿਆ
ਸ਼ਸ਼ੀ ਪਾਲ ਜੈਨ
ਖਰੜ, 6 ਜਨਵਰੀ
ਜਨ ਹਿੱਤ ਵਿਕਾਸ ਮੰਚ ਖਰੜ ਦੇ 9 ਮੈਂਬਰੀ ਵਫ਼ਦ ਨੇ ਰਣਜੀਤ ਸਿੰਘ ਹੰਸ ਦੀ ਅਗਵਾਈ ਵਿੱਚ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਖਰੜ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਚਰਚਾ ਕੀਤੀ। ਵਫ਼ਦ ਵਿੱਚ ਮਾਸਟਰ ਅਜੈਬ ਸਿੰਘ, ਬੰਤ ਸਿੰਘ, ਜਸਬੀਰ ਸਿੰਘ, ਬਲਦੇਵ ਸਿੰਘ ਮਾਂਗਟ, ਸਤਵੰਤ ਸਿੰਘ, ਮੋਹਣ ਸਿੰਘ, ਬਲਦੇਵ ਸਿੰਘ ਅਤੇ ਲਾਡੀ ਕੇਸਰ ਸਿੰਘ ਆਦਿ ਸ਼ਾਮਲ ਸਨ।
ਵਫ਼ਦ ਦੇ ਮੈਂਬਰਾਂ ਨੇ ਵਿਧਾਇਕਾ ਨੂੰ ਕਿਹਾ ਕਿ ਢਾਈ ਸਾਲ ਵਿੱਚ ਖਰੜ ਨਗਰ ਕੌਂਸਲ ਦੇ 11 ਕਾਰਜਸਾਧਕ ਅਫ਼ਸਰ ਬਦਲ ਚੁੱਕੇ ਹਨ। ਇਸ ਕਾਰਨ ਸ਼ਹਿਰ ਦੇ ਵਿਕਾਸ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਖਰੜ ਦੀਆਂ ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ, ਸੜਕਾਂ ਦੀ ਮੁਰੰਮਤ, ਸੀਵਰੇਜ ਦੀ ਸਮੱਸਿਆ, ਡੰਪਿੰਗ ਗਰਾਊਂਡ ਤੋਂ ਨਿਜਾਤ, ਐਸਟੀ ਲਾਉਣ, ਹਸਪਤਾਲ ਰੋੜ ਚੌੜੀ ਕਰਨ ਵੱਲ, ਪੀਣ ਵਾਲੇ ਪਾਣੀ ਦੀ ਸਮੱਸਿਆ ਆਦਿ ਦੇ ਹੱਲ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਜਦੋਂ ਇੱਕ ਕਾਰਜਸਾਧਕ ਅਫ਼ਸਰ ਨੂੰ ਸ਼ਹਿਰ ਦੇ ਕੰਮ ਦੀ ਸਮਝ ਆਉਂਦੀ ਹੈ, ਉਦੋਂ ਨੂੰ ਉਸ ਨੂੰ ਬਦਲੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਵਿਧਾਇਕਾ ਤੋਂ ਇੰਨੇ ਅਧਿਕਾਰੀ ਬਦਲਣ ਦਾ ਕਾਰਨ ਵੀ ਪੁੱਛਿਆ। ਵਫ਼ਦ ਨੇ ਕਿਹਾ ਕਿ ਕਾਰਜਸਾਧਕ ਅਫ਼ਸਰ ਦੀ ਬਦਲੀ ਕਾਰਨ ਲੋਕਾਂ ਦੇ ਛੋਟੇ-ਛੋਟੇ ਕੰਮ ਰੁਕ ਜਾਂਦੇ ਹਨ। ਵਫ਼ਦ ਨੇ ਵਿਧਾਇਕਾ ਮਾਨ ਦੇ ਧਿਆਨ ਵਿੱਚ ਲਿਆਂਦਾ ਕਿ ਨਗਰ ਕੌਂਸਲ ਵਿੱਚ ਬਾਕੀ ਅਧਿਕਾਰੀ ਵੀ ਪੂਰੇ ਨਹੀਂ ਹਨ।
ਵਿਧਾਇਕਾ ਅਨਮੋਲ ਗਗਨ ਮਾਨ ਨੇ ਵਫ਼ਦ ਦੀਆਂ ਸਾਰੀਆਂ ਗੱਲਾਂ ਸੁਣ ਕੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ।