ਝੋਨੇ ਦੀ ਸਿੱਧੀ ਬਿਜਾਈ ਨਾਲ ਸਮੇਂ ਤੇ ਖ਼ਰਚ ਦੀ ਬੱਚਤ
ਜਗਜੋਤ ਸਿੰਘ ਗਿੱਲ*
ਝੋਨਾ-ਕਣਕ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਮਜ਼ਦੂਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਖੇਤ ਨੂੰ ਕੱਦੂ ਕਰਨ ਤੋਂ ਬਾਅਦ ਮਜ਼ਦੂਰਾਂ ਵੱਲੋਂ ਪਨੀਰੀ ਨੂੰ ਪੁੱਟ ਕੇ ਕੱਦੂ ਕੀਤੇ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਕੱਦੂ ਕਰਨ ਨਾਲ ਪਾਣੀ ਦੀ ਕਾਫ਼ੀ ਖ਼ਪਤ ਹੁੰਦੀ ਹੈ ਅਤੇ ਮਜ਼ਦੂਰ ਸਮੇਂ ਸਿਰ ਨਾ ਮਿਲਣ ਤੇ ਕਾਫ਼ੀ ਖੱਜਲ-ਖੁਆਰੀ ਹੁੰਦੀ ਹੈ। ਮਜ਼ਦੂਰਾਂ ਦੀ ਉਪਲੱਬਧਤਾ ਘਟਣ ਕਰ ਕੇ ਮਜ਼ਦੂਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਬਿਨਾਂ ਖੱਜਲ-ਖੁਆਰੀ ਦੇ ਝੋਨੇ ਦੀ ਕਾਸ਼ਤ ਸਿੱਧੀ ਬਿਜਾਈ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਝੋਨੇ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ, ਪੈਸੇ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀ ਮਾਹਿਰਾਂ ਦੀ ਸਲਾਹ ਬਹੁਤ ਜ਼ਰੂਰੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਲਿਖੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ।
ਢੁੱਕਵੀਆਂ ਕਿਸਮਾਂ: ਘੱਟ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਠੀਕ ਹਨ।
ਢੁੱਕਵੀ ਜ਼ਮੀਨ: ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਲੋਹੇ ਦੀ ਘਾਟ ਆਉਣ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ।
ਬਿਜਾਈ ਦਾ ਸਮਾਂ: ਝੋਨੇ ਦੀ ਸਿੱਧੀ ਬਿਜਾਈ ਜੂਨ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਕਰਨੀ ਚਾਹੀਦੀ ਹੈ। ਅਗੇਤੀ ਬਿਜਾਈ ਕਰਨ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ।
ਖੇਤ ਦੀ ਤਿਆਰੀ: ਖੇਤ ਨੂੰ ਦੋ ਵਾਰ ਤਵੀਆਂ ਮਾਰਨ ਤੋਂ ਬਾਅਦ ਇੱਕ ਵਾਰ ਹਲਾਂ ਨਾਲ ਵਾਹੋ ਅਤੇ ਬਾਅਦ ਵਿੱਚ ਸੁਹਾਗਾ ਫੇਰਨਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਪਾਣੀ ਇਕਸਾਰ ਲੱਗਦਾ ਹੈੈ।
ਬੀਜ ਦੀ ਮਾਤਰਾ: ਇੱਕ ਏਕੜ ਦੀ ਬਿਜਾਈ ਲਈ 8-10 ਕਿਲੋਗ੍ਰਾਮ ਬੀਜ ਦੀ ਵਰਤੋਂ ਕਰੋ।
ਬੀਜ ਦੀ ਸੋਧ: ਬੀਜ ਨੂੰ 12 ਘੰਟੇ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ (10 ਲਿਟਰ ਪਾਣੀ ਵਿੱਚ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਵਿੱਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜੈਬ ਕਾਰਬੈਂਡਾਜਿਮ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾਂ ਚਾਹੀਦਾ ਹੈ।
ਬਿਜਾਈ ਦਾ ਢੰਗ: ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਖੇਤ ਵਿੱਚ ਡਰਿੱਲ ਨਾਲ, ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਅਤੇ ਸੁੱਕੇ ਖੇਤ ਵਿੱਚ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੋਂ ਬਾਅਦ ਕਿਆਰੇ ਪਾ ਕੇ ਰੌਣੀ ਕਰ ਦੇਣੀ ਚਾਹੀਦੀ ਹੈ। ਖੇਤ ਦੇ ਤਰ-ਵੱਤਰ ਹਾਲਤ ਵਿੱਚ ਆ ਜਾਣ ਤੋਂ ਬਾਅਦ ਖੇਤ ਨੂੰ ਹੋਛਾ ਵਾਹੁਣਾ ਚਾਹੀਦਾ ਹੈ। ਵਾਹੁਣ ਮਗਰੋਂ ਸੁਹਾਗੇ ਉੱਪਰ 3 ਮਿੱਟੀ ਦੀਆਂ ਬੋਰੀਆਂ ਰੱਖ ਕੇ 2-3 ਵਾਰ ਸੁਹਾਗਾ ਮਾਰੋ। ਸੁਹਾਗਾ ਮਾਰਨ ਤੋਂ ਤੁਰੰਤ ਬਾਅਦ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਛਿੜਕਾਅ ਵੀ ਕਰਦੀ ਹੈ। ਲੱਕੀ ਸੀਡ ਡਰਿੱਲ ਨਾਲ ਕਰੰਡ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਖੇਤ ਵਿੱਚ ਨਮੀ ਜ਼ਿਆਦਾ ਸਮੇਂ ਤੱਕ ਬਰਕਰਾਰ ਰਹਿਣ ਕਰ ਕੇ ਨਦੀਨਾਂ ਦੀ ਰੋਕਥਾਮ ਵੀ ਜ਼ਿਆਦਾ ਚੰਗੀ ਤਰ੍ਹਾਂ ਹੁੰਦੀ ਹੈ। ਜੇ ਝੋਨੇ ਦੀ ਸਿੱਧੀ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਗਈ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ। ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਲੈਵਲ ਕਰਨ ਤੋਂ ਬਾਅਦ ਬੈੱਡ ਪਲਾਂਟਰ ਦੇ ਨਾਲ 67.5 ਸੈਂਟੀਮੀਟਰ ਚੌੜਾਈ ਵਾਲੇ ਬੈੱਡ (37.5 ਸੈਂਟੀਮੀਟਰ ਚੌੜੇ ਬੈੱਡ ਅਤੇ 30 ਸੈਂਟੀਮੀਟਰ ਚੌੜੀ ਖਾਲ਼ੀ) ਬਣਾਓ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਾਣੀ ਲਾ ਦਿਓ। ਖੇਤ ਦੇ ਤਰ-ਵੱਤਰ ਹਾਲਤ ਵਿੱਚ ਆ ਜਾਣ ਤੋਂ ਬਾਅਦ ਜਿਸ ਬੈੱਡ ਪਲਾਂਟਰ ਨਾਲ ਬੈੱਡ ਬਣਾਏ ਸਨ ਨਾਲ ਬਿਜਾਈ ਕਰ ਦਿਓ (2 ਕਤਾਰਾਂ ਪ੍ਰਤੀ ਬੈੱਡ) ਅਤੇ ਤੁਰੰਤ ਨਦੀਨਨਾਸ਼ਕ ਦਾ ਸਪਰੇਅ ਕਰ ਦਿਓ। ਇਸ ਢੰਗ ਨਾਲ ਦੂਜੇ ਦੋ ਢੰਗਾਂ ਨਾਲੋਂ ਪਾਣੀ ਦੀ ਬੱਚਤ ਹੁੰਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਡਰਿੱਲ ਨਾਲ 2-3 ਸੈਂਟੀਮੀਟਰ ਡੂੰਘਾਈ ਤੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਸੁੱਕੇ ਖੇਤ ਸਿੱਧੀ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਲਗਾ ਦੇਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ: ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਸਿੱਧੀ-ਸਿੱਧੀ ਇਹ ਪਛਾਣ ਹੋਣੀ ਚਾਹੀਦੀ ਹੈ ਕਿ ਨਦੀਨ ਘਾਹ ਰੂਪੀ ਹੈ ਜਾਂ ਚੋੜੀ ਪੱਤੀ ਵਾਲਾ। ਘਾਹ ਰੂਪੀ ਨਦੀਨਾਂ ਅਤੇ ਚੋੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਨਦੀਨਨਾਸ਼ਕ ਹਨ। ਸਿੱਧੇ ਬੀਜੇ ਝੋਨੇ ਵਿੱਚ ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਮੋਥਾ, ਗੁੜਤ ਮਧਾਣਾ, ਲੈਪਟੋਕਲੋਆ ਘਾਹ, ਚਿੜੀ ਘਾਹ, ਤੱਕੜੀ ਘਾਹ ਅਤੇ ਚੌੜੀ ਪਤੀ ਵਾਲੇ ਨਦੀਨ ਜਿਵੇ ਇੱਟਸਿੱਟ ਆਦਿ ਨਦੀਨ ਹੋ ਸਕਦੇ ਹਨ। ਇਸ ਲਈ ਨਦੀਨਾਂ ਦੀ ਕਿਸਮ ਮੁਤਾਬਕ ਨਦੀਨਨਾਸ਼ਕ ਦੀ ਚੋਣ ਕਰਨ ਦੀ ਲੋੜ ਹੈ। ਨਦੀਨਾਂ ਦੀ ਰੋਕਥਾਮ ਲਈ ਤਰ-ਵੱਤਰ ਵਾਲੀ ਹਾਲਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋ ਤੁਰੰਤ ਬਾਅਦ ਅਤੇ ਸੁੱਕੀ ਬਿਜਾਈ ਤੋਂ 2 ਦਿਨਾਂ ਦੇ ਅੰਦਰ ਵੱਤਰ ਖੇਤ ਵਿੱਚ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਦੀ ਕਿਸਮ ਮੁਤਾਬਕ ਨਦੀਨਨਾਸ਼ਕ ਦੀ ਵਰਤੋਂ ਕਰੋ। ਜੇਕਰ ਝੋਨੇ ਵਿੱਚ ਸਵਾਂਕ, ਸਵਾਂਕੀ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ 10 ਐਸ ਸੀ (ਬਿਸਪਾਇਰੀਬੈਕ) ਨਦੀਨ ਨਾਸ਼ਕ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰੋ। ਇਸ ਤਰ੍ਹਾਂ ਜੇਕਰ ਫ਼ਸਲ ਵਿੱਚ ਘਾਹ ਵਾਲੇ ਨਦੀਨ ਜਿਵੇਂ ਚਿੜੀ ਘਾਹ, ਚੀਨੀ ਘਾਹ, ਤੱਕੜੀ ਘਾਹ ਅਤੇ ਗੁੜਤ ਮਧਾਣਾ ਜਿਹੇ ਨਦੀਨ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾਇਲ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰੋ। ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਫ਼ਸਲ ਵਿੱਚ ਮੌਜੂਦਗੀ ਹੋਵੇ ਤਾਂ 8 ਗ੍ਰਾਂਮ ਪ੍ਰਤੀ ਏਕੜ ਐਲਮਿਕਸ 20 ਡਬਲਯੂ ਪੀ (ਕਲੋਰੀਮਿਯੂਰਾਨ ਇਥਾਇਲ 10 ਫ਼ੀਸਦੀ ਮੈਟਸਲਫੂਰਾਨ ਮਿਥਾਇਲ 10 ਫ਼ੀਸਦੀ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰੋ। ਝੋਨੇ ਵਿਚ ਸਵਾਂਕ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਮੌਜੂਦਗੀ ਹੋਵੇ ਤਾਂ 40 ਗ੍ਰਾਮ ਏਕੇਤਸੂ 43 ਡਬਲਯੂ ਜੀ (ਬਿਸਪਾਇਰੀਬੈਕ 38 ਫ਼ੀਸਦੀ ਕਲੋਰੀਮਿਯੂਰਾਨ 2.5 ਫ਼ੀਸਦੀ ਮੈਟਸਲਫੂਰਾਨ 2.5 ਫ਼ੀਸਦੀ) ਨੂੰ ਬਿਜਾਈ ਤੋਂ 20-25 ਦਿਨਾਂ ਅੰਦਰ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ, ਸਵਾਂਕੀ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02 ਫ਼ੀਸਦੀ ਸਾਈਹੈਲੋਫੌਪ 5.1 ਫ਼ੀਸਦੀ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 1-2 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਜੇ ਝੋਨੇ ਵਿੱਚ ਸਵਾਂਕ, ਸਵਾਂਕੀ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪਤੀ ਵਾਲੇ ਨਦੀਨ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ (ਟਰਾਇਅਫੈਮੋਨ 20 ਫ਼ੀਸਦੀ ਇਥੌਕਸੀਸਲਫੂਰਾਨ 10 ਫ਼ੀਸਦੀ) ਨੂੰ 150 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਨਦੀਨ ਦੀ 1-2 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕਾਂ ਦਾ ਛਿੜਕਾਅ ਵੱਤਰ ਖੇਤ ਵਿੱਚ ਕਰੋ ਅਤੇ ਇਸ ਤੋਂ ਬਾਅਦ ਇੱਕ ਹਫ਼ਤੇ ਲਈ ਖੇਤ ਨੂੰ ਵੱਤਰ ਸਥਿਤੀ ਵਿੱਚ ਰੱਖੋ। ਜੇ ਨਦੀਨਨਾਸ਼ਕ ਦੇ ਛਿੜਕਾਅ ਕਰਨ ਤੋਂ ਬਾਅਦ ਕੁਝ ਨਦੀਨ ਬਚ ਜਾਂਦੇ ਹਨ ਤਾਂ ਉਨ੍ਹਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦਿਓ। ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਫਲੈਟਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰੋ। ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰੋ ਅਤੇ ਖੜ੍ਹੀ ਫ਼ਸਲ ਵਿੱਚ ਫਲੈਟਫੈਨ ਨੋਜ਼ਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਨੋਜ਼ਲ ਇੱਧਰ-ਉੱਧਰ ਨਾ ਘੁੰਮਾਓ ਅਤੇ ਛਿੜਕਾਅ ਸਿੱਧੀ ਪੱਟੀ ਵਿੱਚ ਕਰੋ।
ਖਾਦਾਂ ਦੀ ਵਰਤੋਂ: ਸਿੱਧੇ ਬੀਜੇ ਝੋਨੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਯੂਰੀਆ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰੋ। ਜੇ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਰੂੜੀ 6 ਟਨ ਪ੍ਰਤੀ ਏਕੜ ਪਾਈ ਹੋਵੇ ਜਾਂ ਸਣ ਦੀ ਹਰੀ ਖਾਦ ਕੀਤੀ ਹੋਵੇ ਤਾਂ 90 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਜੇ ਗਰਮ ਰੁੱਤ ਦੀ ਮੂੰਗੀ ਨੂੰ ਫਲੀਆਂ ਤੋੜਨ ਤੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਦਬਾਇਆ ਗਿਆ ਹੋਵੇ ਤਾਂ 110 ਕਿਲੋ ਯੂਰੀਆ ਪ੍ਰਤੀ ਏਕੜ ਪਾਉ।
*ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਸਲ ਵਿਗਿਆਨ), ਪੀਏਯੂ।