For the best experience, open
https://m.punjabitribuneonline.com
on your mobile browser.
Advertisement

ਫਿਊਚਰ

07:45 AM Jan 02, 2025 IST
ਫਿਊਚਰ
Advertisement

ਜਸਵਿੰਦਰ ਕੌਰ

Advertisement

“ਦੇਖੋ ਜੀ! ਅੱਜ ਦੇ ਸਮੇਂ ਵਿੱਚ ਬੱਚੇ ਨੂੰ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਤੇ ਅੱਜਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ ਜੀ। ਸਾਡੇ ਸਕੂਲ ’ਚ ਅਸੀਂ ਟੈਕਨੀਕਲ ਲੈਬਾਂ ਬਣਾਈਆਂ ਨੇ, ਬੱਚਿਆਂ ਨੂੰ ਫਿਊਚਰਿਸਟਿਕ ਐਜੂਕੇਸ਼ਨ ਦੇਣਾ ਸਾਡਾ ਮੁੱਖ ਮੰਤਵ ਆ ਜੀ। ਤੁਸੀਂ ਸਾਡੇ ਸਕੂਲ ਦੀ ਬਿਲਡਿੰਗ, ਸਾਡੇ ਸਕੂਲ ਦਾ ਫਰਨੀਚਰ ਦੇਖੋ। ਤੁਹਾਨੂੰ ਆਪਣੇ ਆਪ ਇਨ੍ਹਾਂ ਚੀਜ਼ਾਂ ਦਾ ਅਹਿਸਾਸ ਹੋਵੇਗਾ।” ਸਕੂਲ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਦਾਖਲੇ ਲਈ ਆਪਣੇ ਮੁਹੱਲੇ ਵਿੱਚ ਕਿਸੇ ਦੇ ਘਰ ਗਈ ਆਰਤੀ ਨੇ ਬੱਚੇ ਦੇ ਘਰਦਿਆਂ ਨੂੰ ਸਮਝਾਉਂਦਿਆਂ ਕਿਹਾ। “ਪਰ ਮੈਡਮ ਜੀ, ਤੁਹਾਡੇ ਸਕੂਲ ਦੀ ਇੰਨੀ ਫੀਸ ਭਰਨ ਦੀ ਹਿੰਮਤ ਨਹੀਂ ਜੀ ਸਾਡੇ ’ਚ।” ਬੱਚੇ ਦੀ ਦਾਦੀ ਨੇ ਆਰਤੀ ਦੀਆਂ ਗੱਲਾਂ ਸੁਣ ਕੇ ਆਖਿਆ। “ਕੋਈ ਗੱਲ ਨਹੀਂ ਜੀ, ਦਾਖਲਾ ਫੀਸ ਮੈਂ ਪ੍ਰਿੰਸੀਪਲ ਨੂੰ ਕਹਿ ਕੇ ਮੁਆਫ਼ ਕਰਾ ਦਿਆਂਗੀ। ਬਾਕੀ ਫੀਸ ਵੀ ਜੇ ਤੁਸੀਂ ਇਕੱਠੀ ਨਾ ਭਰ ਸਕੋ ਤਾਂ ਕਿਸ਼ਤਾਂ ਵਿੱਚ ਦੇ ਦਿਓ। ਉਹ ਮੈਂ ਆਪੇ ਦੇਖ ਲਊਂ ਜੀ। ਬਸ ਤੁਸੀਂ ਆਪਣੇ ਬੱਚੇ ਦੇ ਫਿਊਚਰ ਬਾਰੇ ਸੋਚੋ ਤੇ ਆਹ ਦਾਖਲਾ ਫਾਰਮ ਭਰੋ।” ਆਰਤੀ ਕਿਸੇ ਵੀ ਤਰ੍ਹਾਂ ਇਸ ਦਾਖਲੇ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ ਸੀ। ਗੱਲੀਂ-ਬਾਤੀਂ ਕਿਸੇ ਵੀ ਗੱਲ ’ਤੇ ਅੜਦੇ ਬੱਚੇ ਦੇ ਘਰਦਿਆਂ ਨੂੰ ਆਰਤੀ ਵਲ਼ ਪਾ ਕੇ ਦੁਬਾਰਾ ਦਾਖਲੇ ’ਤੇ ਲੈ ਹੀ ਆਉਂਦੀ ਤੇ ਅੰਤ ਕੱਲ੍ਹ ਸਕੂਲ ਆ ਕੇ ਦਾਖਲਾ ਕਰਵਾਉਣ ਦਾ ਵਾਅਦਾ ਲੈ ਕੇ ਉਹ ਫਾਰਮ ਭਰਾ ਕੇ ਘਰ ਮੁੜ ਆਈ।
ਅੱਜ ਸਵੇਰ ਤੋਂ ਹੀ ਉਸ ਦੀਆਂ ਨਜ਼ਰਾਂ ਸਕੂਲ ਦੇ ਗੇਟ ’ਤੇ ਸਨ। ਆਨੇ- ਬਹਾਨੇ ਉਹ ਦੋ-ਚਾਰ ਗੇੜੇ ਸਕੂਲ ਦੇ ਗੇਟ ’ਤੇ ਵੀ ਮਾਰ ਆਈ ਸੀ। ਸਕੂਲ ਵਿੱਚ ਚੱਲਦੇ ਦਾਖਲਿਆਂ ਦੇ ਬੋਲਬਾਲੇ ਦੌਰਾਨ ਉਸ ਨੂੰ ਡਰ ਸੀ ਕਿ ਕਿਧਰੇ ਕੋਈ ਉਸ ਦਾ ਦਾਖਲਾ ਨਾ ਦਬੋਚ ਲਵੇ। ਆਰਤੀ ਨੂੰ ਪ੍ਰੇਸ਼ਾਨ ਦੇਖ ਕੇ ਗੇਟ ’ਤੇ ਖੜ੍ਹਾ ਚਪੜਾਸੀ ਬੋਲਿਆ, “ਕੀ ਗੱਲ ਮੈਡਮ ਜੀ, ਆਉਣਾ ਕਿਸੇ ਖ਼ਾਸ ਨੇ? ਅੱਜ ਸਵੇਰ ਦੇ ਤੁਸੀਂ ਕਈ ਗੇੜੇ ਮਾਰ ਗਏ।” “ਹਾਂਜੀ! ਬਾਈ ਜੀ, ਇੱਕ ਦਾਖਲੇ ਵਾਲਿਆਂ ਨੇ ਆਉਣਾ ਸੀ।” ਆਰਤੀ ਨੇ ਬੇਧਿਆਨੀ ਜਿਹੀ ਨਾਲ ਉੱਤਰ ਦਿੱਤਾ। “ਤਾਂ ਫਿਰ ਆ ਜਾਣਗੇ ਮੈਡਮ ਜੀ, ਇਹਦੇ ’ਚ ਇੰਨੇ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਐ?’’ ਚਪੜਾਸੀ ਫਿਰ ਬੋਲਿਆ। “ਹੂੰ”, ਕਹਿ ਕੇ ਆਰਤੀ ਵਾਪਸ ਕਲਾਸ ਵੱਲ ਤੁਰ ਪਈ। ‘ਤੁਸੀਂ ਨਹੀਂ ਸਮਝੋਗੇ ਪ੍ਰੇਸ਼ਾਨੀ। ਇਨ੍ਹਾਂ ਦਾਖਲਿਆਂ ’ਤੇ ਹੀ ਸਾਡੀ ਇਸ ਨੌਕਰੀ ਦਾ ਫਿਊਚਰ ਟਿਕਿਆ ਹੋਇਐ ਬਾਈ ਜੀ!’ ਮਨ ਵਿੱਚ ਆਰਤੀ ਬੋਲਦੀ ਜਾ ਰਹੀ ਸੀ। ਇੰਨੇ ਨੂੰ ਸਾਹਮਣੇ ਮੂੰਹ ਲਟਕਾਈ ਤੇ ਹੱਥ ’ਚ ਕਾਗਜ਼ ਜਿਹਾ ਫੜੀ ਆਉਂਦੀ ਕਮਲ ਉਸ ਨੂੰ ਮੈਨੇਜਮੈਂਟ ਦੇ ਦਫ਼ਤਰ ਦੇ ਬਾਹਰ ਮਿਲੀ। “ਕੀ ਗੱਲ ਕਮਲ ਮੈਡਮ?” ਆਰਤੀ ਨੇ ਉਸਦੇ ਹਾਵ-ਭਾਵ ਤੱਕਦਿਆਂ ਕਿਹਾ। ਆਪਣੇ ਹੱਥ ਵਿੱਚ ਫੜਿਆ ਨੋਟਿਸ ਕਮਲ ਨੇ ਉਸ ਨੂੰ ਫੜਾ ਦਿੱਤਾ, ਜਿਸ ’ਚ ਲਿਖਿਆ ਸੀ ਕਿ ਜੇ ਉਸ ਨੇ ਇਸ ਹਫ਼ਤੇ ਸਕੂਲ ਵਿੱਚ ਤਿੰਨ ਦਾਖਲੇ ਨਾ ਕਰਵਾਏ ਤਾਂ ਸਕੂਲ ਵੱਲੋਂ ਉਸ ਨੂੰ ਨੌਕਰੀ ਤੋਂ ਜਵਾਬ ਹੈ। ਨੋਟਿਸ ਪੜ੍ਹਦਿਆਂ ਆਰਤੀ ਦੇ ਮੂੰਹ ਉੱਤੇ ਹਵਾਈਆਂ ਉੱਡਣ ਲੱਗੀਆਂ। ‘ਫਿਊਚਰਿਸਟਿਕ ਐਜੂਕੇਸ਼ਨ’ ਦੇ ਅਦਾਰੇ ਵਿੱਚ ਖੜ੍ਹੀ ਉਹ ਆਪਣੇ ਫਿਊਚਰ ਬਾਰੇ ਸੋਚਣ ਲੱਗੀ। ਇੰਨੇ ਨੂੰ ਅਗਲੇ ਪੀਰੀਅਡ ਦੀ ਘੰਟੀ ਵੱਜ ਗਈ, ਪਰ ਉਸ ਦੀ ਨਜ਼ਰ ਹਾਲੇ ਵੀ ਸਕੂਲ ਦੇ ਗੇਟ ’ਤੇ ਸੀ।
ਸੰਪਰਕ: 98144-94984
* * *

Advertisement

ਨਿੱਕਾ

ਹਰਜੀਤ ਚੌਧਰੀ

ਨਿੱਕਾ ਪੰਜ ਕੁ ਸਾਲ ਦਾ ਬੱਚਾ। ਗਰਮੀਆਂ ਦੇ ਦਿਨ ਸਨ। ਦੁਪਹਿਰ 12 ਕੁ ਵਜੇ ਦਾ ਸਮਾਂ ਸੀ। ਉਸ ਨੇ ਆਪਣੀ ਮਾਂ ਤੋਂ ਦੁਕਾਨ ਵਾਲੀ ਖਾਣ ਦੀ ਚੀਜ਼ ਮੰਗੀ। ਨਿੱਕੇ ਦੀ ਮਾਂ ਉਸ ਨੂੰ ਗੱਲਾਂ ਵਿੱਚ ਲਾ ਕੇ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਜਦੋਂ ਨਿੱਕਾ ਨਾ ਮੰਨਿਆ ਤਾਂ ਮਾਂ ਨੇ ਉਸ ਨੂੰ 5 ਰੁਪਏ ਦੇ ਕੇ ਕਿਹਾ ਕਿ ਜਾ ਕੇ ਸ਼ਿਆਮ ਦੀ ਦੁਕਾਨ ਤੋਂ ਚੀਜ਼ ਲੈ ਆਵੇ। ਲਾਲਾ ਸ਼ਿਆਮ ਰਾਮ ਦੀ ਦੁਕਾਨ ਨਿੱਕੇ ਦੇ ਘਰ ਤੋਂ ਪੰਜ-ਛੇ ਘਰ ਛੱਡ ਕੇ ਹੀ ਸੀ। ਪੰਜ ਰੁਪਏ ਲੈ ਕੇ ਨਿੱਕਾ ਬਹੁਤ ਜ਼ਿਆਦਾ ਖ਼ੁਸ਼ ਹੋ ਗਿਆ। ਉਸ ਦੀ ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਚਿਹਰੇ ਤੋਂ ਝਲਕਣ ਲੱਗੀ। ਨਿੱਕੇ ਨੂੰ ਖ਼ੁਸ਼ ਦੇਖ ਕੇ ਉਸ ਦੀ ਮਾਂ ਵੀ ਖ਼ੁਸ਼ ਹੋ ਗਈ।
ਨਿੱਕਾ ਪੈਸੇ ਲੈਣ ਸਾਰ ਘਰ ਤੋਂ ਦੁਕਾਨ ਵੱਲ ਭੱਜ ਲਿਆ। ਗਰਮੀਆਂ ਦੇ ਦਿਨ ਹੋਣ ਕਾਰਨ ਗਲੀ ਵਿੱਚ ਕੋਈ ਨਹੀਂ ਸੀ। ਦੁਕਾਨ ਤੋਂ ਦੋ ਘਰ ਪਹਿਲਾਂ ਚਾਰ-ਪੰਜ ਆਵਾਰਾ ਕੁੱਤੇ ਬੈਠੇ ਸਨ। ਨਿੱਕਾ ਉਨ੍ਹਾਂ ਨੂੰ ਦੇਖ ਕੇ ਡਰ ਗਿਆ ਅਤੇ ਕੁੱਤਿਆਂ ਨੇ ਵੀ ਉਸ ਨੂੰ ਦੇਖ ਕੇ ਕੰਨ ਚੱਕ ਲਏ। ਨਿੱਕੇ ਨੇ ਚੀਜ਼ ਖਾਣੀ ਸੀ, ਇਸ ਲਈ ਉਸ ਨੇ ਹੌਸਲਾ ਕੀਤਾ ਅਤੇ ਦੱਬੇ ਪੈਰੀਂ ਗਲੀ ਦੇ ਦੂਜੇ ਸਿਰੇ ਤੋਂ ਹੁੰਦਾ ਹੋਇਆ ਕੁੱਤਿਆਂ ਕੋਲ ਦੀ ਲੰਘਣ ਲੱਗਿਆ, ਪਰ ਜਦੋਂ ਉਹ ਕੁੱਤਿਆਂ ਦੇ ਬਰਾਬਰ ਆਇਆ ਤਾਂ ਇੱਕ ਕੁੱਤਾ ਉਸ ਨੂੰ ਵੱਢਣ ਪੈ ਗਿਆ। ਭੌਂਕਦੇ ਹੋਏ ਕੁੱਤੇ ਆਪਣੇ ਵੱਲ ਆਉਂਦੇ ਵੇਖ ਕੇ ਨਿੱਕੇ ਦੀ ਚੀਕ ਨਿਕਲ ਗਈ ਅਤੇ ਮੁੱਠੀ ਵਿੱਚ ਫੜੇ ਪੰਜ ਰੁਪਏ ਵੀ ਉਸ ਹੱਥੋਂ ਡਿੱਗ ਪਏ। ਇੰਨੇ ਨੂੰ ਦੂਜੇ ਕੁੱਤੇ ਵੀ ਨਿੱਕੇ ਨੂੰ ਵੱਢਣ ਪੈ ਗਏ। ਇੱਕ ਕੁੱਤੇ ਨੇ ਉਸ ਦਾ ਕਮੀਜ਼ ਆਪਣੇ ਮੂੰਹ ਨਾਲ ਖਿੱਚ ਕੇ ਨਿੱਕੇ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਇੰਨਾ ਰੌਲਾ ਅਤੇ ਬੱਚੇ ਦੇ ਰੋਣ ਚੀਕਣ ਦੀ ਆਵਾਜ਼ ਦੁਕਾਨ ਨੇੜੇ ਹੋਣ ਕਾਰਨ ਸ਼ਿਆਮ ਨੂੰ ਸੁਣ ਗਈ। ਸ਼ਿਆਮ ਨੇ ਭੱਜ ਕੇ ਆ ਕੇ ਨਿੱਕੇ ਨੂੰ ਕੁੱਤਿਆਂ ਤੋਂ ਬਚਾ ਲਿਆ। ਨਿੱਕਾ ਬਹੁਤ ਜ਼ਿਆਦਾ ਰੋ ਰਿਹਾ ਸੀ ਅਤੇ ਸਹਿਮ ਗਿਆ ਸੀ ਕਿਉਂਕਿ ਕੁੱਤਿਆਂ ਤੋਂ ਤਾਂ ਚੰਗੇ ਭਲੇ ਨੌਜਵਾਨ ਵੀ ਡਰ ਜਾਂਦੇ ਹਨ, ਇਹ ਤਾਂ ਫਿਰ ਮਾਸੂਮ ਜਿਹਾ ਬੱਚਾ ਸੀ।
ਹੁਣ ਨਿੱਕਾ ਆਪਣੀ ਮਾਂ ਤੋਂ ਲਿਆਂਦੇ ਪੰਜ ਰੁਪਏ ਅਤੇ ਖਾਣ ਵਾਲੀ ਚੀਜ਼ ਬਾਰੇ ਸਭ ਭੁੱਲ ਗਿਆ ਸੀ। ਸ਼ਿਆਮ ਸੇਠ ਨੇ ਨਿੱਕੇ ਨੂੰ ਗੋਦੀ ਚੁੱਕ ਕੇ ਚੁੱਪ ਕਰਾਉਣ ਲਈ ਟੌਫੀਆਂ ਦੇਣੀਆਂ ਚਾਹੀਆਂ, ਪਰ ਉਸ ਦੀ ਜ਼ੁਬਾਨ ’ਤੇ ਇੱਕੋ ਗੱਲ ਸੀ, ‘‘ਮੰਮੀ ਕੋਲ ਜਾਣੈ...।’’ ਸ਼ਿਆਮ ਸੇਠ ਨਿੱਕੇ ਨੂੰ ਉਹਦੇ ਘਰ ਲੈ ਗਿਆ। ਨਿੱਕੇ ਭੱਜ ਕੇ ਜਾ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ ਅਤੇ ਚਾਰ-ਪੰਜ ਮਿੰਟ ਗਲ ਲੱਗ ਕੇ ਰੋਂਦਾ ਰਿਹਾ। ਸ਼ਿਆਮ ਸੇਠ ਦੇ ਸਾਰੀ ਗੱਲ ਦੱਸਣ ’ਤੇ ਨਿੱਕੇ ਦੀ ਮਾਂ ਵੀ ਰੋ ਪਈ ਅਤੇ ਵਾਰ-ਵਾਰ ਆਪਣੇ ਪੁੱਤ ਦਾ ਮੱਥਾ ਚੁੰਮਣ ਲੱਗੀ।
ਸ਼ਿਆਮ ਸੇਠ ਸਾਰੀ ਗੱਲ ਦੱਸਣ ਤੋਂ ਬਾਅਦ ਨਿੱਕੇ ਨੂੰ ਚੁੱਪ ਕਰਾਉਣ ਲਈ ਉਸ ਦੀ ਮਾਂ ਨੂੰ ਟੌਫੀਆਂ ਫੜਾ ਕੇ ਚਲਾ ਗਿਆ। ਨਿੱਕਾ ਹੁਣ ਕੁਝ ਵੀ ਨਹੀਂ ਸੀ ਲੈਣਾ ਚਾਹੁੰਦਾ, ਬਸ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਂਦਾ ਰਿਹਾ। ਨਿੱਕੇ ਦੀ ਮਾਂ ਉਸ ਨੂੰ ਇੰਨਾ ਰੋਂਦੇ ਨੂੰ ਤੇ ਇੰਨਾ ਜ਼ਿਆਦਾ ਡਰ ਜਾਣ ਨੂੰ ਦੇਖ ਕੇ ਇਹ ਸੋਚਣ ਲੱਗੀ, ‘ਮੇਰਾ ਪੁੱਤ ਕੁੱਤਿਆਂ ਸਾਹਮਣੇ ਕਿਵੇਂ ਦਹਿਲ ਗਿਆ। ਉਸ ਸਮੇਂ ਇਹ ਮੈਨੂੰ ਉੱਥੇ ਹੀ ਆਵਾਜ਼ਾਂ ਮਾਰਦਾ ਹੋਊ। ਜੇ ਸੇਠ ਨਾ ਹੁੰਦਾ ਤਾਂ ਪਤਾ ਨਹੀਂ ਕੀ ਹੁੰਦਾ।’ ਇਹ ਸਭ ਸੋਚ ਕੇ ਮਾਂ ਨੇ ਨਿੱਕੇ ਨੂੰ ਘੁੱਟ ਕੇ ਜੱਫੀ ਪਾ ਲਈ। ਉਸ ਨੂੰ ਦੇਖ ਕੇ ਇਉਂ ਜਾਪਦਾ ਸੀ ਜਿਵੇਂ ਰੋਂਦੀ-ਰੋਂਦੀ ਨਿੱਕੇ ਦੀ ਮਾਂ ਪਿੰਡ ਦੇ ਲੋਕਾਂ ਅਤੇ ਸਰਕਾਰ ਤੋਂ ਪੁੱਛ ਰਹੀ ਹੈ ਕਿ ਕੀ ਹੁਣ ਮੇਰਾ ਪੁੱਤ ਗਲੀ ਵਿੱਚ ਵੀ ਨਹੀਂ ਜਾ ਸਕਦਾ?
ਸੰਪਰਕ: 87259-37390
* * *

ਸ਼ਿਵਾਨੀ

ਡਾ. ਇਕਬਾਲ ਸਿੰਘ ਸਕਰੌਦੀ

ਸ਼ਿਵਾਨੀ, ਸੱਜਣ ਸਿੰਘ ਦੀ ਕੋਠੀ ਵਿੱਚ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਹੀ ਹੈ। ਉਦੋਂ ਉਹ ਰਾਜੂ ਦੀ ਨਵੀਂ ਨਵੇਲੀ ਵਹੁਟੀ ਬਣ ਕੇ ਆਈ ਸੀ, ਜਦੋਂ ਪਹਿਲੀ ਵਾਰੀ ਬਾਲਾ ਆਂਟੀ ਨੇ ਉਸ ਨੂੰ ਸਰਦਾਰ ਦੀ ਵੱਡੀ ਕੋਠੀ ਦੀ ਸਫ਼ਾਈ ਦਾ ਕੰਮ ਦਿਵਾਇਆ ਸੀ। ਅੱਧੇ ਵਿੱਘੇ ਵਿੱਚ ਬਣੀ ਸ਼ਾਨਦਾਰ ਕੋਠੀ ਨੂੰ ਉਹ ਝਾੜੂ ਪੋਚਾ ਲਾ ਕੇ ਚਮਕਾ ਦਿੰਦੀ ਸੀ। ਜਿਉਂ ਹੀ ਉਹ ਕੰਮ ਮੁਕਾ ਕੇ ਵਿਹਲੀ ਹੁੰਦੀ, ਉਹ ਸਰਦਾਰਨੀ ਬਸੰਤ ਕੌਰ ਨੂੰ ਆਵਾਜ਼ ਮਾਰਦੀ, ‘‘ਬੀਬੀ ਜੀ, ਕਾਮ ਹੋ ਗਿਆ ਹੈ। ਹਮ ਜਾ ਰਹੇ ਹੈਂ।’’
‘‘ਸ਼ਿਵਾਨੀ, ਤੂੰ ਸਾਬਣ ਨਾਲ ਹੱਥ ਧੋ ਕੇ ਬੈਠ। ਮੈਂ ਚਾਹ ਪਾਉਂਦੀ ਆਂ ਤੈਨੂੰ।’’ ਸਰਦਾਰਨੀ ਉਸ ਨੂੰ ਆਵਾਜ਼ ਮਾਰ ਕੇ ਬੈਠਣ ਲਈ ਆਖ ਦਿੰਦੀ। ਇੰਨੇ ਸਾਲਾਂ ਵਿੱਚ ਇਹ ਕਦੇ ਨਹੀਂ ਸੀ ਹੋਇਆ ਕਿ ਸਰਦਾਰਨੀ ਨੇ ਉਸ ਨੂੰ ਸੁੱਕੀ ਚਾਹ ਦਿੱਤੀ ਹੋਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਲੱਗੇ ਸੱਜਣ ਸਿੰਘ ਦੇ ਘਰ ਮਿਠਾਈਆਂ ਦੇ ਡੱਬੇ ਭਰੇ ਰਹਿੰਦੇ ਸਨ। ਚਾਹ ਦੇ ਨਾਲ ਉਹ ਵੱਡੀ ਕੌਲੀ ਮਠਿਆਈ ਦੀ ਭਰ ਕੇ ਸ਼ਿਵਾਨੀ ਨੂੰ ਫੜਾਉਂਦਿਆਂ ਆਖਦੀ, ‘‘ਸ਼ਿਵਾਨੀ, ਆਹ ਮਠਿਆਈ ਤੂੰ ਏਥੇ ਈ ਬਹਿ ਕੇ ਖਾ ਲੈ। ਘਰ ਨੂੰ ਜਾਂਦੀ ਹੋਈ ਬੱਚਿਆਂ ਲਈ ਵੀ ਲੈ ਜਾਈਂ। ਮੈਂ ਲਿਫ਼ਾਫ਼ੇ ਵਿੱਚ ਪਾ ਕੇ ਰੱਖ ਦਿੱਤੀ ਹੈ।’’ ਉਹ ਸਰਦਾਰਨੀ ਦੇ ਬੋਲ ਸੁਣ ਕੇ ਕੇਵਲ ਮੁਸਕਰਾ ਦਿੰਦੀ। ਇੱਕ ਦੋ ਸ਼ਕਰਪਾਰੇ ਮੂੰਹ ਵਿੱਚ ਪਾ ਕੇ ਚਾਹ ਪੀ ਲੈਂਦੀ। ਕੌਲੀ ਵਿੱਚ ਬਚਦੀ ਮਠਿਆਈ ਅਤੇ ਸਰਦਾਰਨੀ ਵੱਲੋਂ ਦਿੱਤਾ ਮਠਿਆਈ ਦਾ ਲਿਫ਼ਾਫ਼ਾ ਲੈ ਉਹ ਆਪਣੇ ਕਿਰਾਏ ਦੇ ਕਮਰੇ ਵਿੱਚ ਮੁੜ ਆਉਂਦੀ।
ਦੋ-ਦੋ ਸਾਲਾਂ ਦੇ ਫ਼ਰਕ ਨਾਲ ਸ਼ਿਵਾਨੀ ਨੇ ਚਾਰ ਪੁੱਤਰਾਂ ਨੂੰ ਜਣਿਆ ਸੀ। ਵੱਡਾ ਰਾਜੇਸ਼ ਨੌਂ ਸਾਲਾਂ ਦਾ ਸੀ ਤੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਹ ਤੋਂ ਛੋਟਾ ਸੱਤ ਸਾਲ ਦਾ ਵਿਜੈ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਤੀਜੇ ਰਾਮ ਨੂੰ ਅਜੇ ਪੜ੍ਹਨ ਲਈ ਨਹੀਂ ਲਾਇਆ ਗਿਆ ਸੀ। ਉਹ ਪੰਜ ਸਾਲਾਂ ਦੀ ਉਮਰ ਵਿੱਚ ਆਪਣੇ ਤੋਂ ਛੋਟੇ ਤਿੰਨ ਸਾਲ ਦੇ ਕ੍ਰਿਸ਼ਨ ਨੂੰ ਘਰ ਵਿੱਚ ਸਾਂਭਦਾ ਸੀ।
ਰਾਜੂ ਭਾਵੇਂ ਰੰਗ ਰੋਗਨ ਦਾ ਕੰਮ ਕਰਦਾ ਸੀ, ਪਰ ਉਹ ਦੋ ਦਿਹਾੜੀਆਂ ਲਾ ਕੇ ਆਪਣੇ ਪੈਸੇ ਮੰਗ ਲੈਂਦਾ ਸੀ। ਪੈਸੇ ਲੈ ਕੇ ਉਹ ਸਿੱਧਾ ਠੇਕੇ ਉੱਤੇ ਜਾਂਦਾ। ਦੇਸੀ ਸ਼ਰਾਬ ਦੀ ਬੋਤਲ ਲੈ ਕੇ ਉਹ ਕਿਸੇ ਨਿਵੇਕਲੀ ਥਾਂ ’ਤੇ ਬੈਠ ਕੇ ਪੀਂਦਾ ਸੀ। ਫਿਰ ਨਸ਼ੇ ਦੀ ਲੋਰ ਵਿੱਚ ਡਿੱਕ ਡੋਲੇ ਖਾਂਦੇ ਨੂੰ ਉਸ ਦਾ ਖੜ-ਖੜ ਕਰਦਾ ਪੰਦਰਾਂ ਸਾਲ ਪੁਰਾਣਾ ਸਾਈਕਲ ਉਸ ਨੂੰ ਆਪਣੇ ਕਮਰੇ ਤੱਕ ਲੈ ਆਉਂਦਾ। ਰਾਜੂ ਨੇ ਅੱਜ ਤੱਕ ਨਾ ਤਾਂ ਕਦੇ ਕੋਈ ਸਬਜ਼ੀ ਭਾਜੀ ਖ਼ਰੀਦੀ ਸੀ ਤੇ ਨਾ ਹੀ ਘਰ ਲਈ ਕਦੇ ਕੋਈ ਘਰੇਲੂ ਸਾਮਾਨ ਹੀ ਲਿਆ ਸੀ। ਉਸ ਨੂੰ ਇਸ ਗੱਲ ਦਾ ਕਦੇ ਕੋਈ ਫ਼ਿਕਰ ਨਹੀਂ ਸੀ ਹੋਇਆ।
ਸ਼ਿਵਾਨੀ ਲੋਕਾਂ ਦੇ ਘਰਾਂ ਅਤੇ ਕੋਠੀਆਂ ਵਿੱਚ ਸਾਫ਼-ਸਫ਼ਾਈ ਕਰਕੇ ਜੋ ਕਮਾ ਕੇ ਲਿਆਉਂਦੀ ਸੀ, ਉਸੇ ਨਾਲ ਘਰ ਦਾ ਚੁੱਲ੍ਹਾ ਬਲ਼ਦਾ ਸੀ। ਉਹ ਜਿੱਥੇ ਰੋਟੀ ਪਕਾ ਕੇ ਚਾਰਾਂ ਬੱਚਿਆਂ ਅਤੇ ਉਨ੍ਹਾਂ ਦੇ ਪਿਓ ਦਾ ਢਿੱਡ ਭਰਦੀ ਸੀ, ਉੱਥੇ ਬੇਹੱਦ ਥੱਕੀ ਟੁੱਟੀ ਹੋਈ ਵੀ ਰਾਜੂ ਦਾ ਬਿਸਤਰਾ ਨਿੱਘਾ ਕਰਨ ਲਈ ਮਜਬੂਰ ਹੁੰਦੀ ਸੀ। ਜੇ ਕਿਤੇ ਕਿਸੇ ਦਿਨ ਸਕੂਲ ਵੱਲੋਂ ਮਿਲਿਆ ਘਰ ਦਾ ਕੰਮ ਕਰਦਿਆਂ ਜਾਂ ਟੈਲੀਵਿਜ਼ਨ ਦੇਖਦਿਆਂ ਬੱਚੇ ਜਾਗਦੇ ਹੁੰਦੇ ਤਾਂ ਬੱਚਿਆਂ ਦੀ ਇਸ ‘ਗੁਸਤਾਖ਼ੀ’ ਦਾ ਹਰਜ਼ਾਨਾ ਸ਼ਿਵਾਨੀ ਨੂੰ ਭਰਨਾ ਪੈਂਦਾ। ਜਦੋਂ ਸੜ ਭੁੱਜ ਕੇ ਉਹਦਾ ਮਰਦ ਡੰਡੇ ਨਾਲ ਉਸ ਦੇ ਹੱਡ ਸੇਕਦਾ ਤਾਂ ਆਪਣੇ ਪਿਓ ਦਾ ਇਹ ਖ਼ੂੰਖਾਰ ਰੂਪ ਵੇਖ ਕੇ ਬੱਚੇ ਇਕਦਮ ਸਹਿਮ ਜਾਂਦੇ ਤੇ ਆਪੋ ਆਪਣੀਆਂ ਜੁੱਲੀਆਂ ਵਿੱਚ ਦੁਬਕ ਕੇ ਪੈ ਜਾਂਦੇ। ਸ਼ਿਵਾਨੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕਿ ਉਹਦਾ ਪਤੀ ਉਹਦੇ ਕੁੱਟ-ਕੁੱਟ ਕੇ ਲਾਸਾਂ ਪਾ ਦਿੰਦਾ, ਪਰ ਫਿਰ ਵੀ ਉਹ ਆਪਣੇ ਮੂੰਹੋਂ ਕਦੇ ‘ਸੀ’ ਨਹੀਂ ਸੀ ਕੱਢਦੀ।
ਰਾਜੂ ਪਤਨੀ ਨੂੰ ਕੁੱਟ ਕੇ ਬੱਤੀ ਬੰਦ ਕਰ ਕੇ ਪੈ ਜਾਂਦਾ। ਅੱਧੇ ਘੰਟੇ ਬਾਅਦ ਹੀ ਉਹ ਪਤਨੀ ਦੇ ਵਾਲ਼ਾਂ ਵਿੱਚ ਹੱਥ ਫੇਰ ਕੇ ਪੁੱਛਦਾ, ‘‘ਕਹੀਂ ਜ਼ਾਦਾ ਚੋਟ ਤੋ ਨਹੀਂ ਲਗੀ ਪਗਲੀ। ਸ਼ਿਵਾਨੀ ਤੁਮ ਭੀ ਇਤਨੀ ਰਾਤ ਤੱਕ ਕਯਾ ਕਰਤੀ ਰਹਤੀ ਹੋ। ਬੱਚੋਂ ਕੋ ਜਲਦੀ ਖਾਨਾ ਖਿਲਾ ਕਰ ਸੁਲਾ ਕਿਉਂ ਨਹੀਂ ਦੇਤੀ? ਤੁਝੇ ਤੋ ਮਾਲੂਮ ਹੈ ਨਾ! ਤੁਝੇ ਪਯਾਰ ਕੀਏ ਬਿਨਾਂ ਮੁਝੇ ਨੀਂਦ ਨਹੀਂ ਆਤੀ।’’
ਖ਼ੈਰ! ਸਾਰੇ ਕਹਿ ਰਹੇ ਸਨ ਕਿ ਇਸ ਵਾਰ ਦੋ ਦੀਵਾਲੀਆਂ ਆ ਰਹੀਆਂ ਹਨ। ਬਸੰਤ ਕੌਰ ਨੇ ਸ਼ਿਵਾਨੀ ਨੂੰ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਹੀ ਕੋਠੀ ਦੀ ਸਾਫ਼-ਸਫ਼ਾਈ ਕਰਨ ਲਈ ਕਹਿ ਦਿੱਤਾ ਸੀ। ਹੋਰਨਾਂ ਘਰਾਂ ਵਿੱਚ ਕੰਮ ਕਰਕੇ ਉਹ ਸਰਦਾਰਨੀ ਦੀ ਕੋਠੀ ਵਿੱਚ ਆ ਜਾਂਦੀ ਸੀ। ਸ਼ਿਵਾਨੀ ਇੱਕ ਤਾਂ ਕੰਮ ਦੀ ਛੋਹਲੀ ਸੀ। ਦੂਜਾ ਉਹ ਜੁਆਨ ਸੀ। ਤੀਜੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਰਦਾਰਨੀ ਉਸ ਨੂੰ ਧੀਆਂ ਵਾਂਗੂੰ ਪਿਆਰ ਕਰਦੀ ਸੀ। ਉਹ ਉਸ ਨੂੰ ਚੰਗਾ ਖਾਣ ਪੀਣ ਨੂੰ ਤਾਂ ਦਿੰਦੀ ਹੀ ਸੀ। ਇਸ ਤੋਂ ਇਲਾਵਾ ਹਰੇਕ ਤਿੱਥ ਤਿਉਹਾਰ ਉੱਤੇ ਉਸ ਨੂੰ ਨਵਾਂ ਸੂਟ, ਮਠਿਆਈ ਦਾ ਡੱਬਾ ਅਤੇ ਪੰਜ ਸੌ ਰੁਪਏ ਅਲੱਗ ਤੋਂ ਦਿੰਦੀ ਸੀ।
ਸ਼ਿਵਾਨੀ ਨੇ ਪੂਰੀ ਰੀਝ ਨਾਲ ਤਿੰਨ ਮੰਜ਼ਿਲੀ ਕੋਠੀ ਨੂੰ ਅੰਦਰੋਂ ਬਾਹਰੋਂ ਚਮਕਾ ਦਿੱਤਾ ਸੀ। ਕੋਠੀ ਦੀਆਂ ਛੱਤਾਂ ਨੂੰ ਰਗੜ-ਰਗੜ ਕੇ ਧੋ ਦਿੱਤਾ ਸੀ ਤੇ ਉਸ ਨੇ ਫ਼ਰਸ਼ ਦੁੱਧ ਚਿੱਟਾ ਕੱਢ ਦਿੱਤਾ ਸੀ। ਜੰਗਲੇ ਲਈ ਲਾਈਆਂ ਗਰਿੱਲਾਂ ਨੂੰ ਸੁੱਕੇ ਕੱਪੜੇ ਨਾਲ ਰਗੜ-ਰਗੜ ਕੇ ਚਮਕਾ ਦਿੱਤਾ ਸੀ। ਕੋਠੀ ਵਿਚਲੀ ਕੋਈ ਥਾਂ ਅਜਿਹੀ ਨਹੀਂ ਸੀ, ਜਿਸ ਨੂੰ ਉਹਦੇ ਮਿਹਨਤੀ ਹੱਥਾਂ ਦੀ ਛੋਹ ਨਾ ਮਿਲੀ ਹੋਵੇ।
ਅੱਜ ਦੀਵਾਲੀ ਦਾ ਤਿਉਹਾਰ ਸੀ। ਸਰਦਾਰਨੀ ਨੇ ਚਾਹ ਪਿਆਉਣ ਉਪਰੰਤ ਸ਼ਿਵਾਨੀ ਨੂੰ ਆਪਣੇ ਕੋਲ ਬੁਲਾਇਆ ਤੇ ਬੋਲੀ, ‘‘ਸ਼ਿਵਾਨੀ, ਤੇਰੇ ਲਈ ਦੀਵਾਲੀ ਦਾ ਇਹ ਲਾਲ ਰੰਗ ਦਾ ਨਵਾਂ ਸੂਟ ਲਿਆਂਦਾ ਹੈ। ਤੇਰੇ ਗੋਰੇ ਰੰਗ ’ਤੇ ਇਹ ਹੋਰ ਜ਼ਿਆਦਾ ਸਜੇਗਾ। ਆਹ ਪੰਜ ਹਜ਼ਾਰ ਰੁਪਏ ਤੇਰੀ ਇੱਕ ਹਫ਼ਤੇ ਦੀ ਮਿਹਨਤ ਦੇ ਹਨ। ਆਹ ਗਿਆਰਾਂ ਸੌ ਰੁਪਏ ਤੇਰੇ ਬੱਚਿਆਂ ਲਈ ਦੀਵਾਲੀ ਦੇ ਹਨ। ਆਹ ਦੋ ਡੱਬੇ ਮਠਿਆਈ ਦੇ ਤੇਰੇ ਲਈ ਲਿਆਂਦੇ ਹਨ। ਠੀਕ ਹੈ! ਖ਼ੁਸ਼ ਹੈਂ ਤੂੰ!’’
‘‘ਬੀਬੀ ਜੀ, ਇਤਨਾ ਜ਼ਿਆਦਾ। ਯੇ ਤੋ ਬੌਹਤ ਹੈ। ਬੀਬੀ ਜੀ, ਆਪ ਕਾ ਦਿਲ ਬੌਹਤ ਬੜਾ ਹੈ।’’ ਉਹ ਸਾਰਾ ਕੁਝ ਲੈ ਕੇ ਸਰਦਾਰਨੀ, ਸਰਦਾਰ ਅਤੇ ਉਨ੍ਹਾਂ ਦੇ ਧੀ ਪੁੱਤਰ ਨੂੰ ਅਸੀਸਾਂ ਦਿੰਦੀ ਹੋਈ ਆਪਣੇ ਘਰ ਚਲੀ ਗਈ ਸੀ। ਸ਼ਾਮ ਨੂੰ ਛੇ ਵਜੇ ਸੱਜਣ ਸਿੰਘ ਅਤੇ ਸਾਰਾ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਚਲੇ ਗਏ। ਰਾਗੀ ਸਿੰਘ ਸ਼ਬਦ ਗਾਇਣ ਕਰ ਰਹੇ ਸਨ। ਸਾਰਾ ਦਰਬਾਰ ਸਾਹਿਬ ਰੰਗ ਬਿਰੰਗੀਆਂ ਰੋਸ਼ਨੀਆਂ ਅਤੇ ਲੜੀਆਂ ਨਾਲ ਝਿਲਮਿਲ-ਝਿਲਮਿਲ ਕਰ ਰਿਹਾ ਸੀ। ਸਜੇ ਹੋਏ ਦਰਬਾਰ ਸਾਹਿਬ ਦਾ ਅਕਸ ਪਾਵਨ ਸਰੋਵਰ ਵਿੱਚ ਅਦਭੁੱਤ ਅਤੇ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ। ਇੰਝ ਜਾਪਦਾ ਸੀ ਜਿਵੇਂ ਸਾਰਾ ਮੁਲਖ਼ ਹੀ ਸੱਚਖੰਡ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਮੜ ਆਇਆ ਹੋਵੇ। ਉਨ੍ਹਾਂ ਸਰੋਵਰ ਦੇ ਕੰਢੇ ’ਤੇ ਸਰ੍ਹੋਂ ਦੇ ਤੇਲ ਦੇ ਦੀਵੇ ਬਾਲ਼ ਕੇ ਰੱਖ ਦਿੱਤੇ। ਗੁਰੂ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਅੱਠ ਵਜੇ ਤੱਕ ਆਪਣੀ ਕੋਠੀ ਵਿੱਚ ਵਾਪਸ ਆ ਗਏ।
ਅਗਲੇ ਦਿਨ ਅਜੇ ਸਵੇਰ ਦੇ ਸੱਤ ਵਜੇ ਸਨ। ਸ਼ਿਵਾਨੀ ਸਫ਼ਾਈ ਕਰਨ ਲਈ ਆ ਗਈ ਸੀ। ਉਸ ਨੇ ਮੁਸਕੁਰਾਉਂਦੀਆਂ ਅੱਖਾਂ ਨਾਲ ਸਰਦਾਰਨੀ ਨੂੰ ਨਮਸਤੇ ਕੀਤੀ। ਸਰਦਾਰਨੀ ਨੇ ਨਮਸਤੇ ਦਾ ਉੱਤਰ ਨਮਸਤੇ ਬੋਲ ਕੇ ਦਿੱਤਾ। ਫਿਰ ਉਸ ਨੇ ਪੁੱਛਿਆ, ‘‘ਸ਼ਿਵਾਨੀ! ਤੁਸੀਂ ਦੀਵਾਲੀ ਵਧੀਆ ਮਨਾਈ?’’
‘‘ਨਹੀਂ, ਬੀਬੀ ਜੀ। ਹਮ ਗ਼ਰੀਬ ਮਜ਼ਦੂਰ ਲੋਗੋਂ ਕੀ ਕਯਾ ਦੀਵਾਲੀ? ਕੱਲ੍ਹ ਆਪ ਕੀ ਕੋਠੀ ਸੇ ਹਮ ਕਿਤਨਾ ਖੁਸ ਹੋ ਕਰ ਅਪਨੇ ਘਰ ਗਏ ਥੇ। ਰਾਤ ਕੇ ਸਾਤ ਵਜੇ ਹੋਂਗੇ! ਯੇ ਬਹੁਤ ਜ਼ਾਦਾ ਦਾਰੂ ਪੀ ਕਰ ਘਰ ਆਯਾ। ਆਤੇ ਹੀ ਪਹਲੇ ਤੋ ਮੁਝੇ ਪੀਟਾ। ਫਿਰ ਬੱਚੋਂ ਕੋ ਪੀਟਨੇ ਲਗਾ। ਸਬ ਸੇ ਛੋਟੇ ਕੋ ਤੋ ਉਸ ਨੇ ਉਠਾ ਕਰ ਜ਼ਮੀਨ ਪਰ ਪਟਕ ਦੀਆ। ਹਮ ਤੋ ਸਾਰੀ ਰਾਤ ਰੋਤੇ ਰਹੇ ਬੀਬੀ ਜੀ।’’ ਉਸ ਨੇ ਅੱਖਾਂ ਭਰ ਕੇ ਕਿਹਾ।
‘‘ਸ਼ਿਵਾਨੀ! ਤੂੰ ਇੰਨੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲ਼ ਰਹੀ ਹੈਂ। ਪੜ੍ਹਾ ਰਹੀ ਹੈਂ। ਫਿਰ ਵੀ ਤੇਰਾ ਘਰਵਾਲ਼ਾ ਤੈਨੂੰ ਕਿਉਂ ਮਾਰਦਾ ਕੁੱਟਦਾ ਹੈ?’’ ‘‘ਬੀਬੀ ਜੀ! ਅਬ ਹਮ ਆਪ ਕੋ ਕਯਾ ਬਤਾਵੇਂ? ਹਮ ਕੋ ਸਰਮ ਆਤੀ ਹੈ। ਔਰਤ ਕੀ ਤੋ ਜੂਨ ਹੀ ਬੁਰੀ ਹੈ। ਕੱਲ੍ਹ ਰਾਤ ਜਬ ਵੋ ਘਰ ਆਯਾ ਤੋ ਬੱਚੇ ਦੀਵਾਲੀ ਕੀ ਖੁਸੀ ਮੇਂ ਜਾਗ ਰਹੇ ਥੇ। ਉਸ ਨੇ ਮੁਝੇ ਔਰ ਬੱਚੋਂ ਕੋ ਇਸੀ ਲੀਏ ਪੀਟਾ ਕਿ ਉਸ ਕੇ ਘਰ ਆਨੇ ਤੱਕ ਮੈਨੇ ਬੱਚੋਂ ਕੋ ਸੁਲਾਯਾ ਕਿਉਂ ਨਹੀਂ ਥਾ।’’ ਇਹ ਕਹਿ ਕੇ ਉਸ ਦੀ ਭੁੱਬ ਨਿਕਲ ਗਈ ਸੀ।
ਸੰਪਰਕ: 84276-85020

Advertisement
Author Image

joginder kumar

View all posts

Advertisement