For the best experience, open
https://m.punjabitribuneonline.com
on your mobile browser.
Advertisement

ਨਵੇਂ ਸਾਲ ਨੇ...

07:44 AM Jan 02, 2025 IST
ਨਵੇਂ ਸਾਲ ਨੇ
Advertisement

ਬਲਵਿੰਦਰ ਬਾਲਮ ਗੁਰਦਾਸਪੁਰ

Advertisement

ਸੂਰਜ ਨੇ ਘੁੰਡ ਚੁੱਕ ਕੇ ਜਦ ਕਿਰਨਾਂ ਦਾ ਮੁੱਖ ਵਿਖਾਇਆ।
ਧਰਤੀ ਦੇ ਫਿਰ ਕਣ-ਕਣ ਅੰਦਰ ਨੂਰ ਇਲਾਹੀ ਆਇਆ।
ਫੁੱਲਾਂ ਨੇ ਖ਼ੁਸ਼ਬੂਆਂ ਦਿੱਤੀਆਂ ਘੁੱਟ ਗਲਵਕੜੀ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

Advertisement

ਰੁੱਤਾਂ ਦੀ ਅੰਗੜਾਈ ਅੰਦਰ ਖ਼ੁਸ਼ੀਆਂ ਦੀ ਸ਼ਹਿਨਾਈ।
ਜੰਨਤ ਸੁੰਦਰਤਾ ਨੂੰ ਲੈ ਕੇ ਹਾਸੇ ਵਿੱਚ ਸ਼ਰਮਾਈ।
ਹਰਿਆਲੀ ਨੇ ਧਰਤੀ ਚੁੰਮੀ ਠੰਢੀਆਂ ਛਾਵਾਂ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਨਵ ਵਿਗਿਆਨ ਪਰੀਚਿਤ ਹੋਇਆ ਪਾ ਕੇ ਚੰਦਰਯਾਨ।
ਚੰਦਰਮਾ ਦੀ ਧਰਤੀ ਉੱਤੇ ਜਾ ਬਣਿਆ ਮਹਿਮਾਨ।
ਇੱਕ ਇਤਿਹਾਸ ਅਨੋਖਾ ਰਚਿਆ ਅੰਬਰ ਦੇ ਵਿੱਚ ਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਵਿਦਿਆ ਬੁੱਧ ਵਿਵੇਕ ਦਿਸ਼ਾਵਾਂ ਮੰਡਲੀਕਰਨ ਬਣਾਏ
ਵਿਸ਼ਵ ਵਿਆਪੀ ਕਾਰਜ ਸਾਰੇ ਮੁੱਠੀ ਦੇ ਵਿੱਚ ਆਏ।
ਉੱਨਤੀ ਵਾਲੀ ਮਾਂਗ ਦੇ ਅੰਦਰ ਫਿਰ ਸਿੰਧੂਰ ਸਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਮੁੱਕ ਜਾਣੀ ਏ ਰਿਸ਼ਵਤਖੋਰੀ ਹੇਰਾਫੇਰੀ ਠੱਗੀ।
ਸੁਹਿਰਦਤਾ ਅਪਣੇ ਜੋਬਨ ਉੱਤੇ ਵੇਖੋ ਆਵਣ ਲੱਗੀ।
ਚੰਗਿਆਈ ਵਾਲੀ ਵਹੁਟੀ ਬੈਠੀ ਅਪਣਾ ਘੁੰਡ ਉਠਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਨਵ ਯੁਵਕਾਂ ਵਿੱਚ ਚੇਤਨਤਾ ਦੇ ਖੰਭਾਂ ਵਿੱਚ ਪਰਵਾਜ਼ ਬੜੀ।
ਖ਼ਾਮੋਸ਼ੀ ਦੇ ਮੰਜ਼ਰ ਵਿੱਚ ਅੰਦੋਲਨ ਦੀ ਆਵਾਜ਼ ਬੜੀ।
ਪਰਪੱਕਤਾ ਨੂੰ ਆਈ ਹੈ ਫਿਰ ਸਰਸਵਤੀ ਸਮਝਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਫੁੱਲਾਂ ਉੱਤੇ ਸ਼ਬਨਮ ਆਈ ਲੈ ਕੇ ਇੱਕ ਸਿਰਨਾਵਾਂ।
ਸੂਖ਼ਮ ਸੁੰਦਰਤਾ ਦੇ ਵਿੱਚ ਨੇ ਭਾਰਤ ਮਾਂ ਦੀਆਂ ਬਾਵ੍ਹਾਂ।
ਉੱਨਤੀ ਜੋਬਨ ਰੁੱਤੇ ਨਿਕਲੀ ਕਿਰਨਾਂ ਵਿੱਚ ਨਹਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਬਿੱਲੀ ਆਲ੍ਹਣੇ ਵਿੱਚ ਨਾ ਝਾਕੇ, ਸੱਪ ਨਾ ਮਾਰੇ ਡੰਗ।
ਜੀਵਨ ਵਿੱਚ ਸਲਾਮਤ ਹੋਵੇ ਉਮੰਗ ਤਰੰਗ ਨਿਸੰਗ।
ਕੋਈ ਗਰਮ ਹਵਾ ਨਾ ਲੰਘੇ ਗੁਲਸ਼ਨ ਨੂੰ ਤੜਪਾ ਕੇ
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਗਰਮੀ ਦੀ ਰੁੱਤ ਗੁੰਮ ਗਈ ਏ ਸਰਦੀ ਦੀ ਰੁੱਤ ਆਈ।
ਫਲ ਸਬਜ਼ੀਆਂ ਸਾਗ ਸਰ੍ਹੋਂ ਦਾ ਮੱਖਣ ਨਾਲ ਲਿਆਈ।
ਵਿੱਚ ਬੁਢਾਪੇ ਸਿਹਤ ਬਣਾਓ ਅਪਣਾ ਆਪ ਬਚਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਵਿੱਚ ਵਿਦੇਸ਼ਾਂ ਸੱਜਣ ਬੈਠੇ ਪਿਆਰੇ ਰਾਜ ਦੁਲਾਰੇ।
ਏਦਾਂ ਜਚਦੇ ਵਿੱਚ ਵਿਦੇਸ਼ਾਂ ਜਿੱਦਾਂ ਚੰਨ ਸਿਤਾਰੇ।
ਦੋ ਧਰਤੀਆਂ ਉੱਪਰ ਵੱਸਦੇ ਅਪਣੀ ਅਣਖ ਜਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।

ਮੇਰਾ ਭਾਰਤ ਦੇਸ਼ ਪਿਆਰਾ ਜੱਗ ਤੋਂ ਸੋਹਣਾ ਸੁੰਦਰ।
ਏਥੇ ਸ਼ੋਭਿਤ ਸਭ ਧਰਮਾਂ ਦੇ ਸੂਰਜ ਵਰਗੇ ਮੰਦਰ।
‘ਬਾਲਮ’ ਅਪਣੇ ਗੀਤ ’ਚ ਕਹਿੰਦਾ ਵਿੱਚ ਤਰਨੁੰਮ ਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁਭ ਇੱਛਾਵਾਂ ਆ ਕੇ।
ਸੰਪਰਕ: 98156-25409
* * *

ਨਵਾਂ ਸਾਲ ਇਹ ਮੇਰੇ ਮੌਲਾ...

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਪੱਤਾ-ਪੱਤਾ ਡਾਲੀ-ਡਾਲੀ ਖੁਸ਼ਬੂ ਖ਼ੂਬ ਖਿੰਡਾਵੇ।
ਨਵਾਂ ਸਾਲ ਇਹ ਮੇਰੇ ਮੌਲਾ ਸਭ ’ਤੇ ਸੁਖ ਦਾ ਆਵੇ।

ਚਿੜੀਆਂ ਨੂੰ ਇਹ ਕਾਲੇ ਕਾਂ ਨਾ ਐਵੇਂ ਰੋਜ਼ ਡਰਾਵਣ,
ਧਰਤੀ ਅੰਬਰ ਇੱਕ ਬਰਾਬਰ ਸਭ ਦੇ ਹਿੱਸੇ ਆਵੇ।

ਹਰ ਵਿਹੜੇ ’ਚ ਰਹਿਣ ਬਰਕਤਾਂ ਚਾਅ ਹਰ ਪਾਸੇ ਨੱਚਣ,
ਹਰ ਚਿਹਰੇ ’ਤੇ ਰੌਣਕ ਹੋਵੇ ਕੋਈ ਨਾ ਦੁੱਖ ਹੰਢਾਵੇ।

ਨਾ ਰੋਟੀ ਲਈ ਵਿੱਚ ਵਿਦੇਸ਼ੀਂ ਪੁੱਤਰ ਤੋਰਨ ਮਾਵਾਂ,
ਆਪਣੇ ਦੇਸ਼ ਦੇ ਵਿੱਚ ਜਵਾਨੀ ਖਾਵੇ ਅਤੇ ਕਮਾਵੇ।

ਅੰਨਦਾਤੇ ਦੇ ਖੇਤੀਂ ਬੀਜੇ ਸੁਪਨੇ ਫਲ-ਫੁੱਲ ਆਵਣ,
ਜਿਨਸਾਂ ਦੇ ਨਾ ਮੁੱਲ ਲੈਣ ਲਈ ਥਾਂ-ਥਾਂ ਧਰਨੇ ਲਾਵੇ।

ਹੱਥਾਂ ਵਿੱਚ ਬੰਦੂਕਾਂ ਦੀ ਥਾਂ ਪੈੱਨ ਤੇ ਕਾਪੀਆਂ ਹੋਵਣ,
ਪਾਠ ਮੁਹੱਬਤਾਂ ਵਾਲਾ ਗੱਭਰੂ ਹਰ ਇੱਕ ਹੀ ਪੜ੍ਹ ਜਾਵੇ।

ਉਸ ਪਾਂਧੀ ਨੂੰ ਮੰਜ਼ਿਲ ਮਿਲ ਜਾਏ ਜੋ ਟੀਚਾ ਲੈ ਤੁਰਿਆ,
ਸ਼ਾਨ-ਸ਼ੋਹਰਤਾਂ ਜਿੱਤਾਂ ਵਾਲੇ ਭਰਦਾ ਜਾਏ ਕਲਾਵੇ।

‘ਪਾਰਸ’ ਕਰੇ ਦੁਆਵਾਂ ਰੱਬਾ ਪੀੜ ਇਹ ਹਰ ਕੋਈ ਸਮਝੇ,
ਪੁੱਤ ਕਿਸੇ ਦਾ ਨਸ਼ਿਆਂ ਦੇ ਵਿੱਚ ਕੋਈ ਨਾ ਕਦੇ ਲਗਾਵੇ।
ਸੰਪਰਕ: 99888-11681
* * *

ਨਵੀਆਂ ਖ਼ੁਸ਼ੀਆਂ

ਜਸਪਾਲ ਸਿੰਘ ਜੌਲੀ

ਕਿੰਨਾ ਭਾਗਾਂ ਵਾਲਾ ਅੱਜ ਦਿਨ ਚੜ੍ਹਿਆ
ਨਵਾਂ ਸਾਲ ਬਰੂਹਾਂ ਉੱਤੇ ਆਣ ਖੜ੍ਹਿਆ
ਆਓ ਰਲ ਮਿਲ ਕਰੀਏ, ਖ਼ੁਸ਼ੀਆਂ ਦਾ ਇਜ਼ਹਾਰ
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਹੋਵੇ ਹਰ ਪਾਸੇ ਜੈ ਜੈ ਕਾਰ

ਸੀਨਾ ਜ਼ੋਰੀ ਛੱਡੋ ਯਾਰੋ, ਦਿਲਾਂ ’ਚ ਰੱਖੋ ਹਲੀਮੀ
ਸਾਂਝਾਂ ਕਾਇਮ ਰਹਿਣ, ਚਲੀਆਂ ਜੋ ਮੁੱਢ ਕਦੀਮੀਂ
ਮਤਭੇਦ ਭੁਲਾ ਕੇ, ਕਰੀਏ ਸਭ ਦਾ ਮਾਣ ਸਤਿਕਾਰ
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਹੋਵੇ ਹਰ ਪਾਸੇ ਜੈ ਜੈ ਕਾਰ

ਨਸ਼ਿਆਂ ਦੀ ਭੇਟ ਚੜ੍ਹ ਗਈ, ਪੰਜਾਬ ਦੀ ਅੱਲੜ ਜਵਾਨੀ
ਅਜਾਈਂ ਜਾ ਰਹੀ, ਰੱਬ ਜਾਣੇ ਕਿੰਨਿਆਂ ਦੀ ਜ਼ਿੰਦਗਾਨੀ
ਨਸ਼ੇ ਦੇ ਸੌਦਾਗਰਾਂ ਨਾਲ, ਹੁਣ ਹੋਣਾ ਪੈਣਾ ਆਰ ਪਾਰ
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਹੋਵੇ ਹਰ ਪਾਸੇ ਜੈ ਜੈ ਕਾਰ

ਰੱਬ ਮਿਹਰ ਕਰੇ ਹੋਵਣ ਸਭ ਦੇ ਮੁੱਖਾਂ ’ਤੇ ਹਾਸੇ
ਫੁੱਟਪਾਥਾਂ ਉੱਤੇ ਕੋਈ ਸੌਵੇਂ ਤੇ ਨਾ ਭੁੱਖੇ ਪਿਆਸੇ
ਹਰ ਘਰ ਖ਼ੁਸ਼ੀਆਂ ਖੇੜੇ ਹੋਵਣ, ਕੋਈ ਰਹੇ ਨਾ ਬੇਰੁਜ਼ਗਾਰ
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਹੋਵੇ ਹਰ ਪਾਸੇ ਜੈ ਜੈ ਕਾਰ

ਬੀਤੇ ਵਰ੍ਹੇ ਕਈ ਸੁਪਨੇ ਰਹਿ ਗਏ ਹੋਣੇ ਅਧੂਰੇ
ਰੱਬ ਕਰੇ ਇਸ ਸਾਲ ਸਭਨਾਂ ਦੇ ਹੋ ਜਾਵਣ ਪੂਰੇ
ਸਰਹੱਦਾਂ ’ਤੇ ਅਮਨ ਚੈਨ ਰਹੇ ਕਰੇ ‘ਜੌਲੀ’ ਇਹੋ ਪੁਕਾਰ
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਹੋਵੇ ਹਰ ਪਾਸੇ ਜੈ ਜੈ ਕਾਰ
ਸੰਪਰਕ: 94647-40910
* * *

ਸਭ ਨੂੰ ਮੁਬਾਰਕ ਨਵਾਂ ਸਾਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਬਦਲੇ ਜੀਵਨ, ਬਦਲੇ ਹਾਲ
ਸਭ ਨੂੰ ਮੁਬਾਰਕ ਨਵਾਂ ਸਾਲ।

ਢਹਿ ਜਾਏ ਕੰਧ ਗ਼ਰੀਬੀ ਵਾਲੀ
ਟੁੱਟ ਜਾਵੇ ਦੁੱਖਾਂ ਦਾ ਜਾਲ।
ਮਿਲ ਜਾਏ ਕਿਰਤ ਸਭਨਾਂ ਤਾਈਂ
ਕਰਦੇ ਨੇ ਜੋ ਨਿੱਤ ਦਿਨ ਭਾਲ।

ਛੁੱਟ ਜਾਏ ਖਹਿੜਾ ਬਘਿਆੜਾਂ ਤੋਂ
ਜਿਸਮ ਵੇਖ ਜੋ ਸੁੱਟਦੇ ਰਾਲ।
ਦਾਜ, ਨਸ਼ਾ ਤੇ ਵੱਢੀ ਮੁੱਕਣ
ਕਰਦੇ ਨੇ ਜੋ ਮੰਦੜਾ ਹਾਲ।

ਕੌਮਾਂ, ਮੁਲਕਾਂ ਦੀ ਜੰਗ ਮੁੱਕੇ
ਛਿੜ ਜਾਵੇ ਮੁਹੱਬਤੀ ਤਾਲ।
ਹੋਣ ਸਿਆਣੇ ਲੋਕ ਵੀ ਹੁਣ ਤਾਂ
ਚੱਲ ਨਾ ਸਕੇ ਸਿਆਸੀ ਚਾਲ।

ਕਰਾਂ ਦੁਆਵਾਂ, ਮੈਂ ਰੱਬ ਮੂਹਰੇ
ਸੱਚ ਦਾ ਦੀਵਾ, ਬਣੇ ਮਸ਼ਾਲ।
ਬਦਲੇ ਜੀਵਨ, ਬਦਲੇ ਹਾਲ
ਸਭ ਨੂੰ ਮੁਬਾਰਕ ਨਵਾਂ ਸਾਲ।
ਸੰਪਰਕ: 97816-46008
* * *

ਨਵਿਆਂ ਵਰ੍ਹਿਆ ਮੰਨ ਅਰਜ਼ੋਈ

ਮਨਜੀਤ ਕੌਰ

ਨਵਿਆਂ ਵਰ੍ਹਿਆ ਮੰਨ ਅਰਜ਼ੋਈ,
ਤੂੰ ਏਥੇ ਇੰਝ ਆਵੀਂ ਵੇ
ਸੁਖ ਸੰਤੋਖ ਸਬਰ ਸਭ ਲੈ ਕੇ
ਆ ਬੂਹਾ ਖੜਕਾਵੀਂ ਵੇ।
ਨਵਿਆਂ ਵਰ੍ਹਿਆ...

ਕਿਰਤੀ ਤੇ ਕਿਰਸਾਨ ਨਾ ਰੋਵੇ।
ਹਰ ਚਿਹਰੇ ’ਤੇ ਖੇੜਾ ਹੋਵੇ।
ਭੁੱਖਾ ਨੰਗਾ ਰਹੇ ਨਾ ਕੋਈ
ਸਭ ਦੀ ਰੂਹ ਰਜਾਵੀਂ ਵੇ।
ਨਵਿਆਂ ਵਰ੍ਹਿਆ...

ਕਣ-ਕਣ ਵਿੱਚ ਹੋਵੇ ਹਰਿਆਲੀ,
ਮਹਿਕੇ ਹਰ ਇੱਕ ਰੁੱਖ ਦੀ ਡਾਲੀ,
ਕੋਇਲ ਮਿੱਠੇ ਗੀਤ ਸੁਣਾਵੇ,
ਸੁਬ੍ਹਾ ਅਜਿਹੀ ਲਿਆਵੀਂ ਵੇ।
ਨਵਿਆਂ ਵਰ੍ਹਿਆ...

ਖੰਡ ਖੀਰ ਹੋ ਵੱਸਣ ਸਾਰੇ,
ਸਭ ਦੇ ਸੋਹਣੇ ਹੋਣ ਚੁਬਾਰੇ,
ਮੇਰ ਤੇਰ ਦਾ ਮੁੱਕੇ ਝਗੜਾ,
ਐਸੀ ਰੀਤ ਚਲਾਵੀਂ ਵੇ।
ਨਵਿਆਂ ਵਰ੍ਹਿਆ...

ਨੇਕ ਰਾਹਾਂ ’ਤੇ ਚੱਲਣ ਸਾਰੇ,
ਮਿਟ ਜਾਵਣ ਰਾਹੋਂ ਅੰਧਿਆਰੇ,
ਸਭ ਦਾ ਸਾਰੇ ਕਰਨ ਭਲਾ,
ਕੋਈ ਐਸੀ ਸੋਚ ਬਣਾਵੀਂ ਵੇ।
ਨਵਿਆਂ ਵਰ੍ਹਿਆ...

ਕੋਈ ਨਾ ਇੱਥੇ ਵਾਇਰਸ ਆਵੇ,
ਬਦਨੀਤੀ ਨਾ ਕਾਂਗ ਚੜ੍ਹਾਵੇ,
ਲੁੱਟ-ਖਸੁੱਟ ਜਾਏ ਲਾਚਾਰੀ,
ਝੋਲੀ ਖ਼ੁਸ਼ੀਆਂ ਪਾਵੀਂ ਵੇ।
ਨਵਿਆਂ ਵਰ੍ਹਿਆ...

ਮਨਜੀਤ ਕਰੇ ਇਹੋ ਅਰਦਾਸਾਂ,
ਪੂਰੀਆਂ ਹੋਵਣ ਸਭ ਦੀਆਂ ਆਸਾਂ,
ਕੋਈ ਗੁਰਬਤ ਬੋਝ ਨਾ ਢੋਹਵੇ,
ਮੀਂਹ ਰਹਿਮਤ ਵਰਸਾਵੀਂ ਵੇ।
ਨਵਿਆਂ ਵਰ੍ਹਿਆ...
ਈ-ਮੇਲ: manjeetkaurambalvi@gmail.com
* * *

ਵਧਦੀ ਠੰਢ

ਹਰਪ੍ਰੀਤ ਪੱਤੋ

ਜਦ ਬਰਫ਼ ਪਹਾੜਾਂ ਵਿੱਚ ਪੈਂਦੀ,
ਹਵਾ ਵਗਦੀ ਠੰਢੀ ਠਾਰ ਮੀਆਂ।
ਸੀਤ ਲਹਿਰ ਠਾਰਦੀ ਸਭ ਤਾਂਈ,
ਲੰਘੀ ਜਾਂਵਦੀ ਆਰ ਪਾਰ ਮੀਆਂ।
ਕੰਬਲ ਰਜਾਈਆਂ ਉੱਤੇ ਲਈ ਬੈਠੇ,
ਕਈ ਬੱਚੇ ਬੁੱਢੇ ਬਿਮਾਰ ਮੀਆਂ।
ਹੱਥ ਠਰਦੇ ਪੈਰ ਵੀ ਸੁੰਨ ਹੁੰਦੇ,
ਜੇ ਜਾਈਏ ਘਰੋਂ ਬਾਹਰ ਮੀਆਂ।
ਦਿਨੋਂ ਦਿਨ ਪ੍ਰਕੋਪ ਵਧੀ ਜਾਵੇ,
ਹਰ ਇੱਕ ਦਿਸੇ ਲਾਚਾਰ ਮੀਆਂ।
ਬਿਨਾਂ ਕੰਮ ਤੋਂ ਨਾ ਸਮਾਂ ਲੰਘੇ,
ਲੈਣੀ ਪੈਂਦੀ ਇਹ ਸਹਾਰ ਮੀਆਂ।
ਠੰਢ ਮਾਰੇ ਆਉਂਦੀ ਜਾਂ ਜਾਂਦੀ,
ਪੈਂਦੀ ਇਹਦੀ ਬੁਰੀ ਮਾਰ ਮੀਆਂ।
ਜਮ੍ਹਾਂ ਹੁੰਦੀ ਤਾਂ ਆਪਾਂ ਰੱਖ ਲੈਂਦੇ,
ਘਰੇ ਭਰ ਕੇ ਬੋਰੀਆਂ ਚਾਰ ਮੀਆਂ।
ਗਰਮੀ ਵਿੱਚ ਕਰਦੇ ਮੌਜ, ਪੱਤੋ,
ਲੁੱਟਦੇ ਅਸੀਂ ਬੈਠ ਬਹਾਰ ਮੀਆਂ।
ਸੰਪਰਕ: 94658-21417
* * *

ਧੁੱਪ

ਓਮਕਾਰ ਸੂਦ ਬਹੋਨਾ

ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਨਿੱਘਾ ਨਿੱਘਾ ਸੁਖ ਦੇਵੇ ਇਹ ਲੱਗੇ ਕਰਮਾਂ ਵਾਲੀ ਧੁੱਪ।

ਜਦੋਂ ਸਿਆਲਾ ਚੜ੍ਹ ਆਵੇ ਤਾਂ ਠੰਢ ਦਾ ਵਧ ਜਾਏ ਜ਼ੋਰ,
ਠੁਰ ਠੁਰ ਕੰਬਣ ਸਭ ਨੂੰ ਲਾ ਦਏ ਤਕੜਾ ਜਾਂ ਕਮਜ਼ੋਰ,
ਨਿੱਘੀ ਨਿੱਘੀ ਚੜ੍ਹ ਕੇ ਸਾਡੀ ਠੰਢ ਤੋਂ ਕਰੇ ਰਖਵਾਲੀ ਧੁੱਪ।
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਹੱਥਾਂ-ਪੈਰਾਂ ਨੂੰ ਸੁੰਨ ਚੜ੍ਹਦੀ ਜਾਵੇ ਸੁਬ੍ਹਾ-ਦੁਪਹਿਰ-ਸਵੇਰੇ,
ਕੰਮ ਕਰਨ ਨੂੰ ਜੀ ਨਾ ਕਰਦਾ ਪਾਲਾ ਕਾਂਬਾ ਛੇੜੇ,
ਕੜਕ ਨਾ ਕਿਤੋਂ ਮਿਲੇ ਤਾਂ ਮਿਲਜੇ ਥੋੜ੍ਹੀ ਬਾਹਲੀ ਧੁੱਪ।
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਰਜਾਈ ਵਿੱਚ ਉਹ ਗੱਲ ਨਾ ਬਣਦੀ ਜੋ ਬਣਦੀ ਧੁੱਪ ਸਾਹਵੇਂ।
ਠਰਦਿਆਂ ਨੂੰ ਮਿਲ ਜਾਵੇ ਇਹ ਥੋੜ੍ਹੀ ਹੀ ਜਿਹੀ ਭਾਵੇਂ।
ਮੁਰਝਾਇਆ ਹੋਇਆ ਚਮਕਾ ਦਿੰਦੀ ਹੈ ਠਰੇ ਬੰਦੇ ਦਾ ਮੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਕੋਟੀਆਂ ਅਤੇ ਸਵੈਟਰ ਕੰਬਲ ਓੜ ਓੜ ਕੇ ਬੰਦੇ।
ਹਿੰਮਤ ਵਾਲੇ ਕਰੀ ਜਾਂਦੇ ਨੇ ਆਪਣੇ ਆਪਣੇ ਧੰਦੇ।
ਠੰਢ ਵਿੱਚ ਕੰਮ ਕਰਨ ਦਾ ਹੁੰਦਾ ਦੁੱਗਣਾ ਤਿੱਗਣਾ ਸੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਹੱਡੀਆਂ ਨੂੰ ਮਜ਼ਬੂਤੀ ਦਿੰਦਾ ਮਿਲਦਾ ਨਹੀਂ ਕਿਤੋਂ ਹੋਰ।
ਡੀ ਵਿਟਾਮਿਨ ਮਿਲਦਾ ਸਾਨੂੰ ਬਿਨਾਂ ਮਚਾਏ ਸ਼ੋਰ।
ਧੁੱਪ ’ਚ ਬਹਿ ਕੇ ਮਿਲਦਾ ਨਿੱਘਾ ਨਿੱਘਾ ਸੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਧੁੱਪ ਸੇਕਣੀ ਚੰਗੀ ਹੁੰਦੀ ਸੇਕੋ ਮੁਫ਼ਤੋ ਮੁਫ਼ਤੀ।
ਖਾਵੋ ਬਹਿ ਕੇ ਮੂੰਗਫ਼ਲੀ ਇਹ ਧੁੱਪ ਸੇਕਣ ਦੀ ਜੁਗਤੀ।
ਖਾਂਦਿਆਂ ਪੀਂਦਿਆਂ ਮਿਲਦੀ ਤਾਕਤ ਨਾਲੇ ਮਿਟਦੀ ਭੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।

ਜਿੱਦਣ ਧੁੰਦ ’ਚੋਂ ਨਿਕਲੇ ਸੂਰਜ ਡਾਢਾ ਚੰਗਾ ਲੱਗੇ।
ਨਿੱਘੀ ਨਿੱਘੀ ਧੁੱਪ ਦਾ ਸੇਕਾ ਮਨਾਂ ਤਾਈਂ ਫੱਬੇ।
ਧੁੰਦ ਤੇ ਬੱਦਲ ਲੈਣ ਨਾ ਦਿੰਦੇ ਸਾਨੂੰ ਬਾਹਲੀ ਧੁੱਪ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਸੰਪਰਕ: 96540-36080

Advertisement
Author Image

joginder kumar

View all posts

Advertisement