ਬੀਜ ਸਾਂਭ ਕੇ ਰੱਖੀਂ
ਬੂਟਾ ਸਿੰਘ ਚੌਹਾਨ
ਹਰਭਜਨ ਬਟਾਲਵੀ ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮ ਇੰਚਾਰਜ ਸਨ। ਉਨ੍ਹਾਂ ਕੋਲ ਇੱਕ ਪ੍ਰੋਗਰਾਮ ‘ਨਵੇਂ ਆਕਾਸ਼’ ਵੀ ਸੀ ਜਿਹੜਾ ਹਫ਼ਤੇ ’ਚ ਇੱਕ ਵਾਰ ਸ਼ਾਮ ਨੂੰ ਪੌਣੇ ਅੱਠ ਵਜੇ ‘ਦੇਸ਼ ਪੰਜਾਬ’ ਪ੍ਰੋਗਰਾਮ ਤੋਂ ਪਿੱਛੋਂ ਆਉਂਦਾ। ਪੰਦਰਾਂ ਮਿੰਟ ਦਾ ਸਮਾਂ ਸੀ। ਇਹ ਪ੍ਰੋਗਰਾਮ ਅੱਖਰਾਂ ਤੋਂ ਵਾਂਝੇ ਰਹਿ ਗਏ ਕੁੜੀਆਂ-ਮੁੰਡਿਆਂ ’ਚ ਸਿੱਖਿਆ ਦੀ ਭਾਵਨਾ ਪੈਦਾ ਕਰਨ ਲਈ ਸੀ। ਪ੍ਰੋਗਰਾਮ ’ਚ ਦਸ ਮਿੰਟ ਕੋਈ ਲੇਖਕ ਵਾਰਤਾ ਪੜ੍ਹਦਾ ਹੁੰਦਾ। ਪੰਜ ਮਿੰਟ ਕਿਸੇ ਕਵੀ ਨੇ ਆਪਣੀਆਂ ਕਵਿਤਾਵਾਂ ਪੜ੍ਹਨੀਆਂ ਹੁੰਦੀਆਂ।
ਮੈਂ ਵੀ ਇੱਕ ਵਾਰ ਕਵਿਤਾਵਾਂ ਪੜ੍ਹਨ ਗਿਆ ਪਰ ਵਾਰਤਾ ਪੜ੍ਹਨ ਵਾਲ਼ਾ ਲੇਖਕ ਨਾ ਆਇਆ। ਹਰਭਜਨ ਬਟਾਲਵੀ ਦੇ ਕਮਰੇ ’ਚ ਵਾਰਤਾ ਲੇਖਕ ਨੂੰ ਉਡੀਕ ਰਹੇ ਸੀ। ਬਾਰ੍ਹਾਂ ਵੱਜ ਗਏ ਸਨ। ਇਸ ਤੋਂ ਵੱਧ ਉਡੀਕਿਆ ਜਾ ਨਹੀਂ ਸੀ ਸਕਦਾ। ਹੁਣ ਸਮੱਸਿਆ ਪੰਦਰਾਂ ਮਿੰਟ ਦਾ ਸਮਾਂ ਪੂਰਾ ਕਰਨ ਦੀ ਸੀ। ਬਟਾਲਵੀ ਕਹਿਣ ਲੱਗਿਆ, ‘‘ਬੂਟਾ ਸਿੰਘ! ਤੇਰੇ ਕੋਲ ਕਵਿਤਾਵਾਂ ਕਿੰਨੇ ਸਮੇਂ ਦੀਆਂ ਨੇ?’’
‘‘ਦਸ ਕੁ ਮਿੰਟ ਪੂਰੇ ਕਰ ਦਿਆਂਗਾ।’’
ਉਹ ਕਹਿਣ ਲੱਗੇ, ‘‘ਤੁਸੀਂ ਇਉਂ ਕਰਿਓ, ਦੋਵੇਂ ਗੀਤਾਂ ਦੇ ਵਿਚਾਲ਼ੇ ਦੋ ਗ਼ਜ਼ਲਾਂ ਪੜ੍ਹ ਦੇਣੀਆਂ।’’ ‘‘ਗ਼ਜ਼ਲਾਂ ਦੀ ਕੀ ਲੋੜ ਹੈ?’’ ਮੈਂ ਕਿਹਾ, ‘‘ਮੈਨੂੰ ਪੰਦਰਾਂ ਕੁ ਮਿੰਟ ਦੇ ਦਿਉ। ਮੈਂ ਇੱਕ-ਦੋ ਗੀਤ ਹੀ ਲਿਖ ਲਵਾਂਗਾ।’’ ਬਟਾਲਵੀ ਕਹਿੰਦੇ, ‘‘ਚਲੋ ਠੀਕ ਹੈ।’’ ਮੈਂ ਰੇਡੀਓ ਸਟੇਸ਼ਨ ਦੇ ਖੁੱਲ੍ਹੇ ਵਿਹੜੇ ’ਚ ਆਇਆ। ਘਾਹ ’ਤੇ ਬੈਠ ਗਿਆ। ਕੋਰੇ ਦੋ-ਤਿੰਨ ਸਫ਼ੇ ਮੈਂ ਦਫ਼ਤਰ ’ਚੋਂ ਚੁੱਕ ਲਿਆਇਆ ਸੀ।
ਮੈਂ ਦੋ ਕੁ ਮਿੰਟ ਅੰਦਰ ਡੁੱਬਿਆ। ‘ਨਵੇਂ ਆਕਾਸ਼’ ਪ੍ਰੋਗਰਾਮ ’ਚ ਸਮਾਜਿਕ ਬੁਰਾਈਆਂ ਬਾਰੇ ਵੀ ਗੀਤ ਬੋਲੇ ਜਾ ਸਕਦੇ ਸੀ। ਮੈਂ ਆਪਣੇ ਅੰਦਰ ਡੁੱਬਿਆ। ਦਹੇਜ ਦੇ ਖਿਲਾਫ਼ ਗੀਤ ਚਿਤਵਣ ਲੱਗਿਆ।
ਗੀਤ ’ਚ ਇੱਕ ਧੀ ਆਪਣੀ ਮਾਂ ਨੂੰ ਕਹਿ ਰਹੀ ਸੀ-
‘ਉਸ ਫੁੱਲ ਦੇ ਸੰਗ ਤੋਰ ਨੀ ਮਾਏ,/ ਉਸ ਫੁੱਲ ਦੇ ਸੰਗ ਤੋਰ।
ਮਹਿਕ ਦੇ ਬਦਲੇ ਮਹਿਕ ਹੀ ਮੰਗੇ,/ ਮੰਗੇ ਨਾ ਕੁਛ ਹੋਰ।
ਨੀ ਮਾਏ ਉਸ ਫੁੱਲ ਦੇ ਸੰਗ ਤੋਰ।’
ਇਹ ਗੀਤ ਦਾ ਮੁੱਖੜਾ ਸੀ। ਮੈਂ ਤਿੰਨ ਪੈਰ੍ਹੇ ਲਿਖ ਲਏ। ਇੱਕ ਗੀਤ ਬਾਲਗ ਵਿੱਦਿਆ ਬਾਰੇ ਲਿਖ ਲਿਆ-
ਅੱਖਰਾਂ ਦੀ ਸੂਹ ਪਾਓ/ ਨ੍ਹੇਰੇ ਮਨ ਰੁਸ਼ਨਾਓ
ਬਟਾਲਵੀ ਦੇ ਕਮਰੇ ’ਚ ਗਿਆ। ਦੋਵੇਂ ਗੀਤ ਸੁਣਾ ਦਿੱਤੇ। ਸੁਣ ਕੇ ਬਟਾਲਵੀ ਖ਼ੁਸ਼ ਹੋਏ। ਖ਼ੁਸ਼ੀ ਚਿਹਰੇ ’ਤੇ ਖਿੱਲਰ ਗਈ। ਉਹ ਬੜੇ ਖੁੱਲ੍ਹ ਕੇ ਹੱਸੇ। ਧਾਗਾ ਪਾ ਕੇ ਬੰਨ੍ਹੀ ਦਾੜ੍ਹੀ ’ਚ ਖਿੱਚ ਪੈ ਗਈ। ਹੱਸਣ ਕਾਰਨ ਲੱਗੀ ਫਿਕਸੋ ਦੇ ਚਿੱਟੇ ਕਣ ਵੀ ਕਮੀਜ਼ ’ਤੇ ਖਿੱਲਰ ਗਏ।
ਉਨ੍ਹਾਂ ਨੇ ਕਮਰੇ ’ਚੋਂ ਆਉਣ ਵੇਲ਼ੇ ਖਾਲੀ ਟੇਪ ਚੁੱਕੀ। ਰਿਕਾਰਡਿੰਗ ਰੂਮ ’ਚ ਮੇਰੀ ਰਿਕਾਰਡਿੰਗ ਕਰ ਲਈ। ਸਾਢੇ ਤੇਰਾਂ ਮਿੰਟ ਦੀ। ਡੇਢ ਮਿੰਟ ’ਚ ਅਨਾਊਂਸਰ ਨੇ ਪ੍ਰੋਗਰਾਮ ਦੇ ਸ਼ੁਰੂ ਤੇ ਅੰਤ ’ਚ ਬੋਲਣਾ ਸੀ।
ਮੌਕੇ ’ਤੇ ਗੀਤ ਲਿਖਣ ਕਰਕੇ ਬਟਾਲਵੀ ਦੇ ਮਨ ’ਚ ਮੇਰੀ ਥਾਂ ਪੈਦਾ ਹੋ ਗਈ ਸੀ। ਡੇਢ-ਦੋ ਮਹੀਨਿਆਂ ਪਿੱਛੋਂ ਮੈਨੂੰ ਉਹ ਬੁਲਾਉਂਦੇ। ਪੈਸੇ ਵਧੀਆ ਮਿਲ ਜਾਂਦੇ। ਚੈੱਕ ਮਿਲਦਾ ਹੁੰਦਾ, ਅੱਠ ਸੌ ਤਰੰਨਵੇਂ ਰੁਪਏ ਦਾ। ਸਸਤਾ ਜ਼ਮਾਨਾ ਸੀ। ਪੈਸੇ ਬੜੇ ਕੰਮ ਆਉਂਦੇ। ਮੇਰਾ ਮਕਾਨ ਅਧੂਰਾ ਸੀ। ਇੱਟ ਦਾ ਭਾਅ ਤਿੰਨ ਕੁ ਰੁਪਏ ਪ੍ਰਤੀ ਹਜ਼ਾਰ ਸੀ। ਲੋਹਾ ਚਾਰ-ਸਾਢੇ ਚਾਰ ਸੌ ਦਾ ਕੁਇੰਟਲ। ਰੱਬ ਬਣ ਕੇ ਬਹੁੜਦੇ ਮੇਰੇ ਲਈ ਹਰਭਜਨ ਬਟਾਲਵੀ। ਲਿਖਣਾ ਮੇਰੇ ਲਈ ਔਖਾ ਨਹੀਂ ਸੀ। ਮੈਂ ਗਾ ਕੇ ਗੀਤ ਪੇਸ਼ ਕਰਦਾ।
ਇੱਕ ਵਾਰ ਮੈਂ ਰੇਡੀਓ ’ਤੇ ਗਿਆ। ਲੁਧਿਆਣਿਉਂ ਜਲੰਧਰ ਵਾਲੀ ਬੱਸ ਫੜੀ। ਬਾਰੀ ਵਾਲੇ ਪਾਸੇ ਬੈਠ ਗਿਆ। ਸ਼ੀਸ਼ਾ ਖੋਲ੍ਹ ਕੇ ਮੂੰਹ ਤਾਕੀ ਵਾਲੇ ਪਾਸੇ ਕੀਤਾ। ਗਾਇਆ ਜਾਣ ਵਾਲਾ ਗੀਤ ਹੌਲ਼ੀ-ਹੌਲ਼ੀ ਗਾਉਣ ਲੱਗਿਆ। ਤਰਜ਼ ਮੇਰੀ ਬਣਾਈ ਹੁੰਦੀ। ਦੁਹਰਾਉਣ ਨਾਲ ਕੋਈ ਨਾ ਕੋਈ ਰਹੀ ਕਮੀ ਨਿਕਲ ਜਾਂਦੀ ਸੀ।
ਲੁਧਿਆਣੇ ਅੱਡੇ ’ਚੋਂ ਬੱਸ ਤੁਰ ਕੇ ਡਾ. ਅੰਬੇਡਕਰ ਚੌਕ ਤੱਕ ਥਾਂ-ਥਾਂ ਰੁਕਦੀ ਜਾਂਦੀ। ਰਾਹ ’ਚ ਸਵਾਰੀਆਂ ਉੱਤਰਦੀਆਂ-ਚੜ੍ਹਦੀਆਂ। ਮੈਂ ਦੋ ਵਾਲੀਆਂ ਸੀਟਾਂ ਦੀ ਦੂਜੀ ਸੀਟ ’ਤੇ ਬੈਠਾ ਸੀ। ਬੱਸ ਢੋਲੇਆਣੇ ਚੌਕ ’ਚ ਰੁਕੀ। ਮੈਂ ਵੇਖਿਆ, ਇੱਕ ਔਰਤ ਤੇ ਆਦਮੀ ਗੱਲਾਂ ਕਰਦੇ-ਕਰਦੇ ਬੱਸ ਚੜ੍ਹੇ। ਔਰਤ ਮੇਰੇ ਨਾਲ ਆ ਬੈਠੀ। ਲੰਮੀ-ਲੰਝੀ। ਡੁੱਲ੍ਹ-ਡੁੱਲ੍ਹ ਪੈਂਦਾ ਰੰਗ-ਰੂਪ। ਛਾਪੇਦਾਰ ਸੂਟ। ਮਿਲਦੀ-ਜੁਲਦੀ ਚੁੰਨੀ। ਹੱਥਾਂ ਦੀਆਂ ਉਂਗਲ਼ਾਂ ’ਚ ਦੋ-ਤਿੰਨ ਛਾਪਾਂ। ਦੋਵੇਂ ਹੱਥਾਂ ’ਚ ਸੋਨੇ ਦੀਆਂ ਚੂੜੀਆਂ। ਉੱਚੀ ਅੱਡੀ ਦੇ ਸੈਂਡਲ। ਔਰਤ ਦੇ ਨਾਲ ਆ ਕੇ ਖ਼ੁਸ਼ਬੋ ਵੀ ਬੈਠੀ।
ਮੈਂ ਬਾਰੀ ਵਾਲੇ ਪਾਸੇ ਪਾਸਾ ਮਾਰਿਆ। ਔਰਤ ਭਾਰੀ ਸੀ। ਆਦਮੀ ਅੱਗੇ ਜਾ ਕੇ ਬੈਠ ਗਿਆ। ਉਹ ਵੀ ਕਾਫ਼ੀ ਲੰਬਾ ਸੀ। ਆਮ ਆਦਮੀਆਂ ਨਾਲੋਂ ਕੱਪੜਾ-ਲੀੜਾ ਸਰਦਾਰੀ ਸੀ। ਔਰਤ ਉਹਦੇ ਬਰਾਬਰ ਦੀ ਸੀ। ਦੋਵੇਂ ਇੱਕ-ਦੂਜੇ ਤੋਂ ਚੜ੍ਹਦੇ ਚੰਦ ਲੱਗੇ।
ਮੇਰੀ ਸਿਲਾਈ ਦੀ ਦੁਕਾਨ ’ਤੇ ਇੱਕ ਬਿਜਲੀ ਮੁਲਾਜ਼ਮ ਜਵਾਹਰ ਲਾਲ ਕੱਪੜੇ ਸੰਵਾਉਣ ਆਉਂਦਾ। ਨਾਲ ਕਦੇ-ਕਦੇ ਉਹਦੀ ਘਰਵਾਲੀ ਵੀ ਆਉਂਦੀ। ਉਹ ਦੋਵੇਂ ਇੱਕੋ-ਜਿਹੇ ਸੀ। ਇੱਕ ਵਾਰ ਇਕੱਠੇ ਆਏ। ਮੇਰਾ ਕਾਰੀਗਰ ਫ਼ੌਜੀ ਭਣੋਈਆ ਵਿਵੇਕ ਸਿੰਘ ਉਨ੍ਹਾਂ ਦੇ ਜਾਣ ਪਿੱਛੋਂ ਕਹਿੰਦਾ, ‘‘ਜੋੜੀ ਬਹੁਤ ਵਧੀਐ। ਇੱਕੋ ਪਾੜ ਦੇ ਲੀੜੇ ਲੱਗਦੇ ਐ।’’
ਮੈਨੂੰ ਬੱਸ ’ਚ ਬੈਠੇ ਨੂੰ ਵਿਵੇਕ ਦੀ ਗੱਲ ਯਾਦ ਆਈ। ਮੈਂ ਪਹਿਲਾਂ ਔਰਤ ਵੱਲ ਵੇਖਿਆ। ਫੇਰ ਮੂੰਹ ਭੰਵਾ ਕੇ ਪਿੱਛੇ ਬੈਠੇ ਪੋਚਵੀਂ ਪੱਗ ਵਾਲੇ ਔਰਤ ਦੇ ਘਰਵਾਲੇ ਵੱਲ। ਜਦੋਂ ਉਹ ਬੱਸ ਚੜ੍ਹੇ ਸੀ, ਬੋਲਦੇ-ਬੋਲਦੇ ਚੜ੍ਹੇ ਸੀ। ਉਹ ਕਿਸੇ ਗੱਲ ’ਤੇ ਬਹਿਸ ਕਰ ਰਹੇ ਸੀ। ਆਵਾਜ਼ ਵੀ ਕਾਫ਼ੀ ਉੱਚੀ ਸੀ। ਗੱਲ ਕੀ ਸੀ? ਇਹ ਤਾਂ ਉਨ੍ਹਾਂ ਨੂੰ ਹੀ ਪਤਾ ਸੀ। ਮੈਂ ਸੋਚਿਆ, ਉਹ ਦੋਵੇਂ ਇੱਕੋ ਸੀਟ ’ਤੇ ਬਹਿਣੇ ਚਾਹੀਦੇ ਨੇ। ਕੋਈ ਮਸਲਾ ਹੈ ਤਾਂ ਹੱਲ ਕਰ ਲੈਣਗੇ। ਮੇਰਾ ਕੀ ਐ? ਬਹਿਣਾ ਹੀ ਹੈ। ਇੱਥੇ ਹੋਇਆ ਜਾਂ ਉੱਥੇ ਪਰ ਨਾਲ ਬੈਠੀ ਔਰਤ ਚੰਗੀ ਲੱਗ ਰਹੀ ਸੀ। ਮਨ ਦੀ ਇੱਕ ਨੁੱਕਰ ’ਚੋਂ ਆਵਾਜ਼ ਆਈ, ‘ਬੈਠੀ ਰਹੇ’।
ਕੰਡਕਟਰ ਆਇਆ। ਔਰਤ ਨੇ ਸਿਰਫ਼ ਏਨਾ ਕਿਹਾ, ‘‘ਪਿੱਛੇ ਬੈਠੇ ਨੇ। ਉਹ ਲੈਣਗੇ ਟਿਕਟ।’’ ਆਵਾਜ਼ ਬੜੀ ਮਿੱਠੀ ਸੀ- ਗੁਲਕੰਦ ਵਰਗੀ। ਮੇਰੇ ਮਨ ’ਚ ਸੇਵਾ-ਭਾਵ ਜਾਗੇ। ਸੋਚਿਆ, ਜੋ ਗੱਲ ਕਰਦੇ-ਕਰਦੇ ਬੱਸ ਚੜ੍ਹੇ ਸੀ, ਉਹ ਕਰ ਲੈਣਗੇ। ਮਨ ’ਚੋਂ ਆਈ ਲਹਿਰ ਨਾਲ ਮੈਂ ਉੱਠ ਖੜ੍ਹਾ ਤੇ ਪੋਚਵੀਂ ਪੱਗ ਵਾਲੇ ਸਰਦਾਰ ਕੋਲ ਗਿਆ ਤੇ ਕਿਹਾ ਕਿ ਉਹ ਅੱਗੇ ਜਾ ਬੈਠਣ। ਔਰਤ ਨੇ ਮੇਰੇ ਉੱਠਣ ਦਾ ਮਕਸਦ ਸਮਝ ਲਿਆ ਸੀ ਤੇ ਉੱਠਣ ਵੇਲੇ ਸਰਦਾਰ ਨੇ ਵੀ।
ਮੈਂ ਸਰਦਾਰ ਨੂੰ ਵੇਖਿਆ। ਮੂੰਹ ’ਤੇ ਹਾਸੀ ਦੀ ਝਲਕ ਸੀ। ਬਿਲਕੁਲ ਉਹਦੇ ਵਰਗੀ ਝਲਕ ਪਿੱਛੇ ਮੁੜ ਕੇ ਵੇਖ ਰਹੀ ਔਰਤ ਦੇ ਚਿਹਰੇ ’ਤੇ ਸੀ।
ਬੱਸ ਫਿਲੌਰ ਵੀ ਰੁਕੀ। ਫਗਵਾੜੇ ਵੀ। ਸਰਕਾਰੀ ਬੱਸ ਸੀ। ਹਾਲਤ ਖ਼ਸਤਾ ਸੀ। ਖਿੱਚ-ਧੂਹ ਕੇ ਮਸਾਂ ਸਫ਼ਰ ਖਾ ਰਹੀ ਸੀ। ਜਲੰਧਰ ਅੱਡੇ ’ਚ ਬੱਸ ਜਾ ਰੁਕੀ। ਮੈਂ ਉੱਤਰਿਆ। ਮੇਰੇ ਹੱਥ ’ਚ ਇੱਕ ਕਾਗ਼ਜ਼ ਦਾ ਲਿਫ਼ਾਫ਼ਾ ਸੀ, ਜਿਸ ਵਿੱਚ ਰੇਡੀਓ ਸਟੇਸ਼ਨ ਤੋਂ ਆਇਆ ਸੱਦਾ-ਪੱਤਰ ਤੇ ਗਾਉਣ ਵਾਲੇ ਗੀਤ ਸਨ। ਮੈਂ ਪਿੱਛੋਂ ਉੱਤਰਿਆ ਸੀ। ਉਹ ਦੋਵੇਂ ਅੱਗੋਂ। ਸਰਦਾਰ ਮੂਹਰੇ ਸੀ। ਔਰਤ ਪਿੱਛੇ। ਮੈਨੂੰ ਵੇਖ ਕੇ ਸਰਦਾਰ ਮੇਰੇ ਕੋਲ ਆਇਆ। ਉਹਨੂੰ ਆਉਂਦੇ ਨੂੰ ਵੇਖ ਕੇ ਮੈਂ ਉਹਦੇ ਵੱਲ ਵੇਖਿਆ। ਭਾਂਪ ਗਿਆ ਸੀ ਕਿ ਉਹ ਮੇਰੇ ਵੱਲ ਆ ਰਿਹਾ ਹੈ। ਉਹਦੀਆਂ ਨਜ਼ਰਾਂ ਮੇਰੇ ਵੱਲ ਸੀ। ਆ ਕੇ ਉਹਨੇ ਮੇਰੇ ਮੋਢੇ ’ਤੇ ਹੱਥ ਰੱਖਿਆ। ਸਾਰਾ ਕੁਝ ਪੁੱਛਿਆ, ਮੈਂ ਕਿੱਥੋਂ ਆਇਆ ਹਾਂ? ਜਲੰਧਰ ਕੀ ਕਰਨ ਆਇਆ ਹਾਂ? ਮੈਂ ਦੱਸ ਦਿੱਤਾ। ਸੁਣ ਕੇ ਉਹਦੇ ਮੂੰਹ ’ਤੇ ਹਾਸੀ ਝਲਕੀ। ਉਨ੍ਹਾਂ ਦਿਨਾਂ ’ਚ ਰੇਡੀਉ ਲੋਕ-ਜੀਵਨ ਦਾ ਅੰਗ ਸੀ। ਟੀ.ਵੀ. ਸਟੇਸ਼ਨ ਚੱਲਿਆ-ਚੱਲਿਆ ਸੀ।
ਔਰਤ ਕੁਝ ਨਹੀਂ ਸੀ ਬੋਲੀ। ਖੜ੍ਹੀ ਵੀ ਕੁਝ ਫਾਸਲੇ ’ਤੇ ਸੀ। ਆਦਮੀ ਮੇਰੇ ਵੱਲੋਂ ਸੀਟ ਬਦਲਣ ਦੀ ਪ੍ਰਸ਼ੰਸਾ ਕਰ ਰਿਹਾ ਸੀ। ਔਰਤ ਨੇ ਤੁਰਨ ਦੀ ਕਾਹਲ਼ ਵਿਖਾਈ।
ਸਰਦਾਰ ਮੈਨੂੰ ਕਹਿੰਦਾ, ‘‘ਤੇਰੇ ’ਚ ਸੇਵਾ-ਭਾਵ ਦੇ ਬੀਜ ਬਹੁਤ ਵਧੀਆ ਨੇ। ਸਾਂਭ ਕੇ ਰੱਖੀਂ। ਨਾਂ ਬਣਾ ਦੇਣਗੇ ਤੇਰਾ।’’ ਮੈਨੂੰ ਉਹ ਮਾਸਟਰ ਜਾਂ ਪ੍ਰੋਫੈਸਰ ਲੱਗਿਆ।
ਸੰਪਰਕ: 98143-80749