ਸਾਵਰਕਰ ਮਾਮਲਾ: ਨਾਸਿਕ ਦੀ ਅਦਾਲਤ ਵੱਲੋਂ ਰਾਹੁਲ ਗਾਂਧੀ ਤਲਬ
ਨਾਸਿਕ, 1 ਅਕਤੂਬਰ
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਕ ਅਦਾਲਤ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਨ੍ਹਾਂ ਦੀਆਂ ਹਿੰਦੂਤਵੀ ਵਿਚਾਰਧਾਰਕ ਦਾਮੋਦਰ ਸਾਵਰਕਰ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ’ਚ ਤਲਬ ਕੀਤਾ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀਪਾਲੀ ਪਰੀਮਲ ਕਡੂਸਕਰ ਨੇ 27 ਸਤੰਬਰ ਨੂੰ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਇੱਕ ਦੇਸ਼ਭਗਤ ਵਿਰੁੱਧ ਦਿੱਤਾ ਗਿਆ ਬਿਆਨ ਪਹਿਲੀ ਨਜ਼ਰੇ ਮਾਣਹਾਨੀ ਲੱਗਦਾ ਹੈ। ਰਾਹੁਲ ਨੂੰ ਕੇਸ ਦੀ ਅਗਲੀ ਤਰੀਕ ’ਤੇ ਨਿੱਜੀ ਤੌਰ ’ਤੇ ਜਾਂ ਆਪਣੇ ਕਾਨੂੰਨੀ ਨੁਮਾਇੰਦੇ ਰਾਹੀਂ ਪੇਸ਼ ਹੋਣ ਲਈ ਕਿਹਾ ਗਿਆ ਹੈ ਜਿਸ ਦੀ ਤਰੀਕ ਹਾਲੇ ਐਲਾਨੀ ਨਹੀਂ ਗਈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਕੇਸ ਦੀ ਸੁਣਵਾਈ ਅੱਜ ਵਕੀਲ ਦੇ ਬਿਮਾਰ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਇਸ ਮਾਮਲੇ ਦੀ ਸੁਣਵਾਈ ਹੁਣ 9 ਅਕਤੂਬਰ ਨੂੰ ਹੋਵੇਗੀ। ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਕਿਹਾ ਕਿ ਸਥਾਨਕ ਭਾਜਪਾ ਆਗੂ ਦੇ ਵਕੀਲ ਦੀ ਤਬੀਅਤ ਖਰਾਬ ਹੋਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਜ਼ਿਕਰਯੋੋਗ ਹੈ ਕਿ ਰਾਹੁਲ ਗਾਂਧੀ ’ਤੇ 2018 ਦੀਆਂ ਕਰਨਾਟਕ ਚੋਣਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਹੈ। ਪੀਟੀਆਈ