ਕਿਨੌਰ ਵਿੱਚ ਢਿੱਗਾਂ ਡਿੱਗੀਆਂ; ਹਾਈਵੇਅ ਜਾਮ
ਸ਼ਿਮਲਾ, 1 ਅਕਤੂਬਰ
ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨੇਗੁਲਸਾਰੀ ਦੇ ਕੌਮੀ ਮਾਰਗ ਨੰਬਰ 5 (ਹਿੰਦੁਸਤਾਨ-ਤਿੱਬਤ ਸੜਕ) ’ਤੇ ਅੱਜ ਤੜਕੇ ਵੱਡੀ ਗਿਣਤੀ ਵਿਚ ਢਿੱਗਾਂ ਡਿੱਗੀਆਂ ਜਿਸ ਕਾਰਨ ਇਹ ਖੇਤਰ ਰਾਜਧਾਨੀ ਸ਼ਿਮਲਾ ਤੋਂ ਕੱਟਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕੋਈ ਜ਼ਖਮੀ ਨਹੀਂ ਹੋਇਆ ਪਰ ਢਿੱਗਾਂ ਡਿੱਗਣ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਵਾਹਨ ਅਤੇ ਸੇਬ ਨਾਲ ਭਰੇ ਟਰੱਕ ਫਸ ਗਏ। ਪੁਲੀਸ ਵੱਲੋਂ ਹਾਈਵੇਅ ਨੂੰ ਖਾਲੀ ਕਰਵਾਉਣ ਦੇ ਯਤਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਾਈਵੇਅ ’ਤੇ ਢਿੱਗਾਂ ਡਿੱਗਣ ਕਾਰਨ ਜਾਮ ਲੱਗ ਗਿਆ ਪਰ ਪੁਲੀਸ ਨੇ ਇਨ੍ਹਾਂ ਵਾਹਨਾਂ ਨੂੰ ਬਦਲਵੇਂ ਰਸਤੇ ਭੇਜਣ ਦੇ ਪ੍ਰਬੰਧ ਕੀਤੇ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਮੌਸਮ ਖੁਸ਼ਕ ਰਿਹਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਦੌਰਾਨ ਰਾਜ ਦੇ ਹੋਰ ਹਿੱਸਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੇ ਵਾਪਸ ਜਾਣ ਲਈ ਹਾਲਾਤ ਸਾਜ਼ਗਾਰ ਹਨ। ਹਿਮਾਚਲ ਪ੍ਰਦੇਸ਼ ’ਚ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ’ਚ 186 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 28 ਲੋਕ ਲਾਪਤਾ ਹਨ। ਮੀਂਹ ਕਾਰਨ ਸੂਬੇ ਨੂੰ 1,360 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੀਟੀਆਈ