For the best experience, open
https://m.punjabitribuneonline.com
on your mobile browser.
Advertisement

ਰੱਜੀਆਂ ਰੂਹਾਂ ਵਾਲੇ

07:54 AM Apr 27, 2024 IST
ਰੱਜੀਆਂ ਰੂਹਾਂ ਵਾਲੇ
Advertisement

ਰਘੁਵੀਰ ਸਿੰਘ ਕਲੋਆ

Advertisement

ਪਿਛਲੇ ਕੁਝ ਦਿਨਾਂ ਤੋਂ ਧੁੰਦ ਦੇ ਲਗਾਤਾਰ ਪੈਣ ਕਾਰਨ ਠੰਢ ਕਾਫ਼ੀ ਵਧ ਗਈ ਸੀ। ਸਵੇਰ ਹੋ ਤਾਂ ਗਈ ਸੀ ਪਰ ਬਹੁਤੇ ਲੋਕ ਹਾਲੇ ਵੀ ਕਮਰਿਆਂ ਅੰਦਰ ਲੁਕੇ ਹੋਏ ਸਨ। ਕੁਦਰਤ ਦੇ ਭਾਣੇ ਵਿੱਚ ਰਹਿਣ ਵਾਲੇ ਨਿੱਕੇ ਨਿੱਕੇ ਜੀਅ ਨੇਮ ਅਨੁਸਾਰ ਚੋਗੇ ਦੀ ਭਾਲ ਵਿੱਚ ਉੱਡ ਪਏ ਸਨ। ਸੰਤੀ ਦੀ ਬੈਠਕ ਦਾ ਬਨੇਰਾ ਵੀ ਤਾਂ ਇਸੇ ਆਸ ਨਾਲ ਭਰ ਚੁੱਕਾ ਸੀ। ਕਿੰਨੇ ਹੀ ਕਾਂ, ਕਬੂਤਰ, ਤੋਤੇ, ਘੁੱਗੀਆਂ ਅਤੇ ਚਿੜੀਆਂ ਇੱਥੇ ਆਣ ਬੈਠੇ ਸਨ ਅਤੇ ਬੜੀ ਆਸ ਨਾਲ ਧੁੰਦ ਦੀ ਛਾਈ ਚਾਦਰ ਵਿੱਚੋਂ ਸੰਤੀ ਦਾ ਰਾਹ ਤੱਕ ਰਹੇ ਸਨ।
ਸੱਠਾਂ ਕੁ ਵਰ੍ਹਿਆਂ ਨੂੰ ਢੁੱਕੀ ਸੰਤੀ ਅਤੇ ਉਸ ਦਾ ਘਰਵਾਲਾ ਇਸ ਘਰ ਵਿੱਚ ਬੜੇ ਸਬਰ ਸੰਤੋਖ ਨਾਲ ਰਹਿ ਰਹੇ ਸਨ। ਆਪਣੀਆਂ ਦੋਵੇਂ ਧੀਆਂ ਦਾ ਉਨ੍ਹਾਂ ਨੇ ਵਿਆਹ ਕਰ ਦਿੱਤਾ ਸੀ ਤੇ ਉਹ ਦੋਵੇਂ ਜ਼ਿੰਮੇਵਾਰੀ ਮੁਕਤ ਹੋ ਚੁੱਕੇ ਸਨ। ਧੀਆਂ ਦੇ ਜਾਣ ਪਿੱਛੋਂ ਸੰਤੀ ਨੇ ਇਨ੍ਹਾਂ ਪੰਛੀਆਂ ਨੂੰ ਹੀ ਆਪਣਾ ਪਰਿਵਾਰ ਬਣਾ ਲਿਆ ਸੀ। ਹਰ ਰੋਜ਼ ਉਹ ਇਨ੍ਹਾਂ ਦੇ ਆਹਰ ਵਿੱਚ ਸਵੇਰੇ ਜਲਦੀ ਹੀ ਉੱਠ ਪੈਂਦੀ। ਬਾਜਰਾ, ਚੌਲਾਂ ਦੀ ਕਣੀ ਅਤੇ ਰੋਟੀ ਦੇ ਟੁਕੜੇ ਲੈ ਜਦੋਂ ਉਹ ਬੈਠਕ ਦੀ ਛੱਤ ’ਤੇ ਪੁੱਜਦੀ ਤਾਂ ਸਾਰੇ ਪੰਛੀ ਉਸ ਦੇ ਦੁਆਲੇ ਹੋ ਜਾਂਦੇ। ਇਨ੍ਹਾਂ ਸਭ ਪੰਛੀਆਂ ਲਈ ਸੰਤੀ ਨੇ ਛੱਤ ਉੱਪਰ ਤਿੰਨ-ਚਾਰ ਠੀਕਰੇ ਰੱਖੇ ਹੋਏ ਸਨ। ਉਹ ਇਨ੍ਹਾਂ ਵਿੱਚੋਂ ਇੱਕ ਠੀਕਰੇ ’ਚ ਬਾਜਰਾ ਦੂਜੇ ’ਚ ਚੌਲਾਂ ਦੀ ਕਣੀ ਅਤੇ ਤੀਜੇ ਵਿੱਚ ਰੋਟੀਆਂ ਦੇ ਟੁਕੜੇ ਭੋਰ ਕੇ ਪਾ ਜਾਂਦੀ। ਪੰਛੀ ਆਪਣੀ ਮਨਪਸੰਦ ਦਾ ਚੋਗਾ ਖਾਣ ਲਈ ਆਪਣੇ ਪਸੰਦ ਦੇ ਠੀਕਰੇ ਦੁਆਲੇ ਇਕੱਠੇ ਹੋ ਜਾਂਦੇ। ਇੱਕ ਵੱਡਾ ਠੀਕਰਾ ਉਹ ਇਨ੍ਹਾਂ ਸਭ ਲਈ ਤਾਜ਼ੇ ਪਾਣੀ ਦਾ ਵੀ ਭਰ ਜਾਂਦੀ। ਸਾਰੇ ਪੰਛੀ ਚੋਗਾ ਖਾ ਕੇ ਜਦੋਂ ਉਡਾਰੀ ਭਰਦੇ ਤਾਂ ਮਨੋ ਮਨੀ ਉਹ ਕੁਦਰਤ ਦੇ ਨਾਲ ਨਾਲ ਸੰਤੀ ਦਾ ਵੀ ਧੰਨਵਾਦ ਕਰਦੇ।
ਵਧਦੀ ਉਮਰ ਅਤੇ ਇਸ ਵਾਰ ਪੈ ਰਹੀ ਰਿਕਾਰਡਤੋੜ ਠੰਢ ਨੇ ਸੰਤੀ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ। ਕੱਲ੍ਹ ਸਵੇਰੇ ਵੀ ਉਹ ਮਸਾਂ ਹੌਸਲਾ ਕਰਕੇ ਉੱਠੀ ਸੀ। ਉਸ ਨੂੰ ਹੱਡ ਭੰਨਣੀ ਕਾਫ਼ੀ ਮਹਿਸੂਸ ਹੋ ਰਹੀ ਸੀ ਪਰ ਪੰਛੀਆਂ ਬਾਰੇ ਸੋਚ ਉਹ ਹੌਲੀ ਹੌਲੀ ਪੌੜੀਆਂ ਚੜ੍ਹਦੀ ਛੱਤ ’ਤੇ ਜਾ ਪੁੱਜੀ। ਉਤਾਵਲੇ ਹੋਏ ਕਾਂ ਫਟਾਫਟ ਉਸ ਦੇ ਦੁਆਲੇ ਇਕੱਠੇ ਹੋਣ ਲੱਗੇ। ਆਪਣੇ ਠੀਕਰੇ ਦੁਆਲੇ ਸ਼ਾਂਤ ਬੈਠੀਆਂ ਘੁੱਗੀਆਂ ਨੇ ਜਦੋਂ ਸੰਤੀ ਦੀ ਹਾਲਤ ਵੇਖੀ ਤਾਂ ਉਨ੍ਹਾਂ ਨੇ ਕਾਵਾਂ ਨੂੰ ਟੋਕਿਆ;
‘’ਦੇਖੋ ਵੀਰਿਓ! ਠੰਢ ਕਿੰਨੀ ਜ਼ਿਆਦਾ ਆ, ਸੰਤੀ ਆਂਟੀ ਦਾ ਤਾਂ ਸਰੀਰ ਵੀ ਕਮਜ਼ੋਰ ਆ, ਤੁਸੀਂ ਥੋੜ੍ਹਾ ਸਬਰ ਨਹੀਂ ਕਰ ਸਕਦੇ?’ ਪਰ ਕਾਵਾਂ ਉੱਪਰ ਘੁੱਗੀਆਂ ਦੀ ਇਸ ਗੱਲ ਦਾ ਕੋਈ ਅਸਰ ਨਾ ਪਿਆ। ਫਟਾਫਟ ਆਪਣਾ ਚੋਗਾ ਖਾ ਉਹ ਸਭ ਤੋਂ ਅੱਗੇ ਹੋ ਉੱਡਦੇ ਬਣੇ।
ਅੱਜ ਤਾਂ ਸਮਾਂ ਕੱਲ੍ਹ ਨਾਲੋਂ ਵੀ ਜ਼ਿਆਦਾ ਹੋ ਗਿਆ ਸੀ। ਸੰਤੀ ਦੀ ਹਾਲੇ ਤੱਕ ਕੋਈ ਬਿੜਕ ਨਹੀਂ ਆ ਰਹੀ ਸੀ। ਸੰਤੀ ਦੀ ਕੱਲ੍ਹ ਵਾਲੀ ਹਾਲਤ ਬਾਰੇ ਸੋਚ ਘੁੱਗੀਆਂ ਅਤੇ ਚਿੜੀਆਂ ਉਸ ਦੀ ਸਿਹਤ ਲਈ ਫ਼ਿਕਰਮੰਦ ਹੋਣ ਲੱਗੀਆਂ;
‘ਹੇ ਪਰਮਾਤਮਾ! ਮਿਹਰ ਕਰੀਂ, ਸੰਤੀ ਵਿਚਾਰੀ ਠੀਕ ਠਾਕ ਹੋਵੇ।’ ਇਹ ਸਭ ਸੋਚ ਉਹ ਮਨੋ ਮਨ ਸੰਤੀ ਦੀ ਤੰਦਰੁਸਤੀ ਲਈ ਦੁਆ ਮੰਗਣ ਲੱਗੀਆਂ। ਉਨ੍ਹਾਂ ਦੇ ਮਨ ਦੀ ਹਾਲਤ ਨੂੰ ਸਮਝ ਤੋਤੇ ਅਤੇ ਕਬੂਤਰ ਵੀ ਉਨ੍ਹਾਂ ਦੀ ਦੁਆ ਵਿੱਚ ਸ਼ਾਮਲ ਹੋ ਗਏ ਪਰ ਮੂਰਖ ਕਾਵਾਂ ਨੂੰ ਜਿਵੇਂ ਕੋਈ ਫ਼ਰਕ ਨਹੀਂ ਸੀ। ਉਹ ਹਾਲੇ ਵੀ ਰੌਲਾ ਪਾਈ ਜਾ ਰਹੇ ਸਨ। ਉਨ੍ਹਾਂ ਦੀ ਇਹ ਬੇਅਕਲੀ ਵੇਖ ਕੇ ਇੱਕ ਸਿਆਣੀ ਘੁੱਗੀ ਨੇ ਉਨ੍ਹਾਂ ਨੂੰ ਸਮਝਾਇਆ; ‘ਸੰਤੀ ਕਿੰਨੀ ਭਲੀ ਔਰਤ ਐ, ਸਾਨੂੰ ਸਭ ਨੂੰ ਆਪਣਾ ਪਰਿਵਾਰ ਜਾਣ ਉਹ ਇੰਨੀ ਠੰਢ ਵਿੱਚ ਵੀ ਸਾਡੇ ਸਭ ਲਈ ਚੋਗਾ ਲੈ ਕੇ ਆਉਂਦੀ ਹੈ। ਹੁਣ ਇਸੇ ਠੰਢ ਕਾਰਨ ਜੇ ਉਹ ਬਿਮਾਰ ਪੈ ਗਈ ਤਾਂ ਕੀ ਅਸੀਂ ਚੁੱਪ ਰਹਿ ਕੇ ਉਸ ਦੀ ਤੰਦਰੁਸਤੀ ਲਈ ਇੱਕ ਦੁਆ ਵੀ ਨਹੀਂ ਮੰਗ ਸਕਦੇ।’
ਇਹ ਸੁਣ ਕਾਂ ਆਪਣੇ ਆਪ ’ਤੇ ਬਹੁਤ ਸ਼ਰਮਿੰਦਾ ਹੋਏ। ਚੁੱਪ ਬੈਠ ਹੁਣ ਉਹ ਵੀ ਬਾਕੀਆਂ ਦੀ ਦੁਆ ਵਿੱਚ ਸ਼ਾਮਲ ਹੋ ਗਏ। ਕੁਝ ਚਿਰ ਪਿੱਛੋਂ ਰਸੋਈ ਦਾ ਦਰਵਾਜ਼ਾ ਖੁੱਲ੍ਹਿਆ। ਸੰਤੀ ਮੋਟੇ ਕੱਪੜੇ ਨਾਲ ਆਪਣਾ ਮੂੰਹ ਸਿਰ ਲਪੇਟ ਪੌੜੀਆਂ ਵੱਲ ਵਧ ਰਹੀ ਸੀ। ਸੰਤੀ ਨੂੰ ਠੀਕ ਠਾਕ ਵੇਖ ਸਭ ਪੰਛੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਪਹਿਲੀ ਵਾਰ ਸੀ ਕਿ ਉਹ ਸਾਰੇ ਚੋਗਾ ਖਾਣ ਤੋਂ ਪਹਿਲਾਂ ਹੀ ਖ਼ੁਦ ਨੂੰ ਰੱਜਿਆ ਰੱਜਿਆ ਮਹਿਸੂਸ ਕਰ ਰਹੇ ਸਨ।
ਸੰਪਰਕ: 98550-24495

Advertisement
Author Image

joginder kumar

View all posts

Advertisement
Advertisement
×