ਅੰਗਰੇਜ਼ੀ ਪੜ੍ਹਾਉਂਦਾ ਸਰਪੰਚ
ਸੁੱਚਾ ਸਿੰਘ ਖਟੜਾ
ਕੋਈ ਸਮਾਂ ਸੀ ਸਰਕਾਰੀ ਸਕੂਲ ਵਿਦਿਆਰਥੀਆਂ ਨਾਲ ਨੱਕੋ-ਨੱਕ ਭਰੇ ਹੁੰਦੇ ਸਨ। ਉਹਨੀਂ ਦਿਨੀ ਪ੍ਰਾਈਵੇਟ ਸਕੂਲ ਦੂਰ-ਦੂਰ ਤੱਕ ਨਹੀਂ ਸੀ। ਹੁਣ ਹਰ ਦੋ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਪ੍ਰਾਈਵੇਟ ਸਕੂਲ ਹੈ। ਬੱਚਿਆਂ ਲਈ ਬੱਸਾਂ ਦਾ ਪ੍ਰਬੰਧ ਹੈ। ਮਾਪੇ ਸੋਚਦੇ ਹਨ ਕਿ ਇਹਨਾਂ ਸਕੂਲਾਂ ਵਿੱਚ ਬੱਚਾ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰੇ। ਨਤੀਜੇ ਵਜੋਂ ਸਰਕਾਰੀ ਸਕੂਲਾਂ ’ਚ ਉਜਾੜ ਪੈ ਚੁੱਕੀ ਹੈ। ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦਾ ਅਸਲੋਂ ਮੰਦਾ ਹਾਲ ਹੈ।
2013 ਵਿੱਚ ਮੈਨੂੰ ਪਿੰਡ ਵਾਲਿਆਂ ਸਰਪੰਚ ਬਣਾ ਲਿਆ। ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਹਿੰਦੀ, ਪੰਜਾਬੀ, ਸਮਾਜਿਕ ਅਤੇ ਅੰਗਰੇਜ਼ੀ ਦਾ ਕੋਈ ਅਧਿਆਪਕ ਨਹੀਂ ਸੀ। ਮੈਂ ਪੰਚਾਇਤ ਦੇ ਫੰਡ ਵਿਚੋਂ ਮਤਾ ਪਾ ਕੇ ਪਿੰਡ ਵਿੱਚੋਂ ਐੱਮਏ (ਹਿੰਦੀ) ਬੀਐੱਡ ਯੋਗਤਾ ਵਾਲੀ ਲੜਕੀ ਨੂੰ ਸਟਾਫ ਦੀ ਸਹਾਇਤਾ ਲਈ ਰੱਖ ਲਿਆ; ਆਪ ਛੇਵੀਂ ਦੀ ਅੰਗਰੇਜ਼ੀ ਦੀ ਜਿ਼ੰਮੇਵਾਰੀ ਲੈ ਲਈ। ਬਤੌਰ ਅਧਿਆਪਕ ਮੇਰਾ ਤਜਰਬਾ ਸੀ ਕਿ ਜੇ ਤੁਸੀਂ ਕਿਸੇ ਹੋਰ ਸਕੂਲ ਬਦਲੀ ਨਹੀਂ ਚਾਹੁੰਦੇ ਤਾਂ 6ਵੀਂ ਦੀ ਅੰਗਰੇਜ਼ੀ ਲੈ ਕੇ ਉਸ ਨੂੰ 10ਵੀਂ ਤਕ ਪੜ੍ਹਾਉਣੀ ਚਾਹੀਦੀ ਹੈ ਅਤੇ ਮੁੜ 6ਵੀਂ ਵਿੱਚ ਆ ਜਾਣਾ ਚਾਹੀਦਾ ਹੈ। ਸੀਨੀਅਰ ਅਧਿਆਪਕ 9ਵੀਂ, 10ਵੀਂ ਤੋਂ ਹੇਠਲੀਆਂ ਜਮਾਤਾਂ ਨੂੰ ਪੜ੍ਹਾਉਣਾ ਹੇਠੀ ਸਮਝਦੇ ਹਨ। ਇਸ ਫੋਕੀ ਹਉਮੈ ਤੋਂ ਬਾਹਰ ਨਿਕਲ ਕੇ 6ਵੀਂ ਤੋਂ ਲੈ ਕੇ ਉਸੇ 6ਵੀਂ ਨੂੰ 10ਵੀਂ ਤਕ ਤੋੜ ਪਹੁੰਚਾਉਣਾ ਚਾਹੀਦਾ ਹੈ। ਅੰਗਰੇਜ਼ੀ ਬੱਚਿਆਂ ਨੂੰ ਜਿੰਨੀ ਸਿਖਾਓਗੇ, ਉਸ ਤੋਂ ਵੱਧ ਅੰਗਰੇਜ਼ੀ ਸਿਖਾਉਣੀ ਖੁਦ ਸਿੱਖੋਗੇ, ਸਿੱਟਾ ਵੀ ਕਰਾਮਾਤੀ ਹੋਵੇਗਾ। ਸਕੂਲ ਅਧਿਆਪਕਾਵਾਂ ਦੀ ਇੱਛਾ ਸੀ ਕਿ ਮੈਂ 8ਵੀਂ ਨੂੰ ਅੰਗਰੇਜ਼ੀ ਪੜ੍ਹਾਵਾਂ ਪਰ ਮੈਂ 6ਵੀਂ ਜਮਾਤ ਨੂੰ 8ਵੀਂ ਤੱਕ ਪਹੁੰਚਦਿਆਂ ਇਸ ਜਮਾਤ ਤੋਂ ਵਿਲੱਖਣਤਾ ਦਾ ਪ੍ਰਦਰਸ਼ਨ ਕਰਵਾਉਣਾ ਸੋਚਿਆ ਹੋਇਆ ਸੀ।
7ਵੀਂ ਬਣ ਚੁੱਕੀ ਜਮਾਤ ਨੂੰ ਪੜ੍ਹਾ ਕੇ ਦਫਤਰ ਬੈਠਾ ਸੀ ਕਿ ਅੰਗਰੇਜ਼ੀ ਵਿਸ਼ੇ ਦੇ ਮਾਹਿਰ ਜਿ਼ਲ੍ਹਾ ਮੈਂਟਰ ਆ ਗਏ। ਸਕੂਲ ਮੁਖੀ ਕੁਲਜਿੰਦਰ ਕੌਰ ਨੂੰ ਉਹ ਬਰਾਂਡੇ ’ਚ ਹੀ ਮਿਲ ਗਏ ਤੇ ਬੀਬੀ ਨੂੰ ਦਫਤਰ ਵਿੱਚ ਬੈਠੇ ਬੰਦੇ, ਭਾਵ, ਮੇਰੇ ਬਾਰੇ ਪੁੱਛਿਆ। ਉਸ ਨੇ ਸਹਿਜ ਸੁਭਾਅ ਦੱਸਿਆ ਕਿ ਇਹ ਪਿੰਡ ਦੇ ਸਰਪੰਚ ਹਨ ਅਤੇ 7ਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾ ਕੇ ਹੁਣੇ-ਹੁਣੇ ਦਫਤਰ ਬੈਠੇ ਹਨ। ਸਰਪੰਚ? ਅੰਗਰੇਜ਼ੀ ਪੜ੍ਹਾਉਂਦਾ? ਬੀਬੀ ਨੇ ਜਿ਼ਲ੍ਹਾ ਮੈਂਟਰ ਦੀ ਹਕਾਰਤ ਭਰੀ ਉਤਸੁਕਤਾ ਦੇਖਦਿਆਂ ਜਾਣਬੁੱਝ ਕੇ ਮੇਰਾ ਸੇਵਾਮੁਕਤ ਅਧਿਆਪਕ ਹੋਣਾ ਨਾ ਦੱਸਿਆ। ਉਹ ਸਿੱਧੇ 7ਵੀਂ ਜਮਾਤ ਵਿੱਚ ਚਲੇ ਗਏ ਅਤੇ ਮੈਨੂੰ ਦਫਤਰੋਂ ਬੁਲਾ ਲਿਆ।
“ਸਰਪੰਚ ਜੀ, ਅੰਗਰੇਜ਼ੀ ਦਾ ਕੀ ਪੜ੍ਹਾਇਆ ਹੈ?” ਉਹਨਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਮੇਰਾ ਇਹੀ ਕਹਿਣਾ ਬਣਦਾ ਸੀ ਕਿ ਖੁਦ ਚੈੱਕ ਕਰ ਲਵੋ। ਇਕ ਅਧਿਆਪਕ ਦਾ ਉੱਤਰ ਹੋਰ ਕੀ ਹੋ ਸਕਦਾ ਹੈ? “ਨਹੀਂ ਦਿਖਾਓ ਕੀ ਪੜ੍ਹਾਇਆ?” ਮੈਨੂੰ ਜਦੋਂ ਕੁਝ ਨਾ ਸੁੱਝਿਆ ਤਾਂ ਉਹਨਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦੇ ਕਿਸੇ ਵੀ ਅੱਖਰ ਨਾਲ ਸ਼ੁਰੂ ਹੋਣ ਵਾਲੇ ਵਰਬਜ਼ (Verbs) ਪੁੱਛ ਲੈਣ। ਵਿਦਿਆਰਥੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਹਰ ਕੋਈ ਆਪਣੀ ਵਾਰੀ ਉੱਤੇ ਨਵਾਂ ਵਰਬ ਦੱਸੇਗਾ। 27 ਵਿਦਿਆਰਥੀਆਂ ਵਿੱਚੋਂ 4 ਕੋਈ ਵਰਬ ਨਾ ਦੱਸ ਸਕੇ। ਪੁੱਛਦੇ-ਪੁੱਛਦੇ ਦੂਜਾ ਗੇੜ ਸੁ਼ਰੂ ਹੋ ਗਿਆ। ਅਜੇ 35ਵੇਂ ਵਰਬ ਤਕ ਪਹੁੰਚੇ ਸਨ ਕਿ ਉਹਨਾਂ ਚਾਕ ਚੁੱਕ ਕੇ ਬੋਰਡ ਉੱਤੇ ਸ਼ਬਦ Sentence ਲਿਖ ਕੇ ਉਸ ਨੂੰ Verb ਅਤੇ Noun ਵਜੋਂ ਵਾਕ ਬਣਾਉਣ ਲਈ ਇਕ ਵਿਦਿਆਰਥੀ ਨੂੰ ਕਿਹਾ। ਉਸ ਨੇ ਦੋਨੋਂ ਵਾਕ ਬਣਾ ਦਿੱਤੇ। ਉਹਨਾਂ ਮੇਰਾ ਹੱਥ ਫੜਿਆ; ‘ਕੀ ਪੜ੍ਹਾਉਂਦੇ ਹੋ’ ਵਾਲਾ ਪ੍ਰਸ਼ਨ ਹੁਣ ‘ਕਿਵੇਂ ਪੜ੍ਹਾਉਂਦੇ ਹੋ’ ਵਿਚ ਬਦਲ ਗਿਆ ਸੀ। ਮੈਂ ਦੱਸਿਆ- ਇਹਨਾਂ ’ਚੋਂ ਕੁਝ ਬੱਚੇ ਸ਼ਬਦ Sentence ਨੂੰ Adjective ਵਜੋਂ ਵੀ ਵਾਕ ਬਣਾ ਸਕਦੇ। ਅੰਗਰੇਜ਼ੀ ਸ਼ਬਦਾਂ ਦੀ ਅਜਿਹੀ ਬਹੁ-ਅਰਥੀ ਅਤੇ ਬਹੁ-ਰੂਪੀ ਵਰਤੋਂ ਬਾਰੇ ਅਧਿਆਪਕ ਨੂੰ ਨਾਲ ਦੀ ਨਾਲ ਹੀ ਦੱਸਦੇ ਰਹਿਣਾ ਚਾਹੀਦਾ ਹੈ।
ਜਿ਼ਲ੍ਹਾ ਮੈਂਟਰ ਸੁਣ ਕੇ ਹੈਰਾਨ ਰਹਿ ਗਏ ਕਿ ਐਸ ਸਾਲ ਸ਼ੁਰੂ ਹੋਣ ਵਾਲੇ 63 Verb 7ਵੀਂ ਦੇ ਇਹਨਾਂ ਬੱਚਿਆਂ ਦੀਆਂ ਨੋਟ ਬੁਕਾਂ ਵਿੱਚ ਦਰਜ ਹਨ ਅਤੇ ਬਹੁਤੇ 63 ਵੀ ਦੱਸ ਸਕਦੇ ਹਨ। ਇੰਚਾਰਜ ਬੀਬੀ ਨੇ ਉਹਨਾਂ ਨੂੰ ਹੁਣ ਮੇਰੇ ਸੇਵਾਮੁਕਤ ਅਧਿਆਪਕ ਹੋਣ ਦੀ ਗੱਲ ਦੱਸ ਦਿੱਤੀ। ਜਿ਼ਲ੍ਹਾ ਮੈਂਟਰ ਅੰਗਰੇਜ਼ੀ ਵਿਸ਼ੇ ਵਿੱਚ ਮਾਹਿਰ ਸੀ। ਸਾਡੀ ਦੋਸਤੀ ਹੋ ਗਈ।
8ਵੀਂ ਤੱਕ ਪਹੁੰਚਦਿਆਂ ਇਸ ਜਮਾਤ ਦੇ ਕਈ ਬੱਚੇ ਬੱਚੀਆਂ ਠੀਕ ਅਧਿਆਪਕ ਵਾਂਗ ਅੰਗਰੇਜ਼ੀ ਦੀ ਪਾਠ ਪੁਸਤਕ ਦਾ ਪਾਠ ਪੜ੍ਹਾ ਸਕਦੇ ਸਨ। ਅੰਗਰੇਜ਼ੀ ਦੀ ਗਰਾਮਰ ਦੀ ਕੋਈ ਵੀ ਆਈਟਮ ਜਮਾਤ ਨੂੰ ਸਮਝਾ ਵੀ ਸਕਦੇ ਸਨ। ਜਮਾਤ ਵਿੱਚ ਮੇਰਾ ਅੰਗਰੇਜ਼ੀ ਬੋਲਣਾ ਉਹ ਪਸੰਦ ਕਰਨ ਲੱਗ ਪਏ ਸਨ। ਇਕ ਦਿਨ ਮੈਂ ਗਰਾਮਰ ਵਿਚੋਂ Complex ਵਾਕ ਦਾ Analysis ਸਮਝਾਇਆ। ਮੇਰੀ ਖੁਦ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਨੇ ਹੂਬਹੂ ਮੇਰੇ ਵਾਂਗ ਕਰ ਦਿਖਾਇਆ; ਉਹ ਵੀ ਪੰਜਾਬੀ ਦੇ ਕਿਸੇ ਵਾਕ ਦਾ ਸਹਾਰਾ ਲਏ ਬਿਨਾਂ। ਬੱਚਿਆਂ ਦਾ ਆਤਮ-ਵਿਸ਼ਵਾਸ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਮੈਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਆਪਣੀ ਜਮਾਤ ਵਿੱਚ ਆਉਣ ਲਈ ਬੇਨਤੀ ਕੀਤੀ। ਇਕ ਦਿਨ ਉਹਨਾਂ ਅਚਾਨਕ ਸਕੂਲ ਆਉਣ ਦਾ ਪ੍ਰੋਗਰਾਮ ਦੇ ਦਿੱਤਾ। ਮੈਂ ਘਰੋਂ ਸਕੂਲ ਵਾਪਿਸ ਆ ਗਿਆ। ਉਹ ਆਉਂਦੇ ਹੀ ਸਿੱਧੇ 8ਵੀਂ ਜਮਾਤ ਵਿੱਚ ਗਏ। 8ਵੀਂ ਦੀਆਂ ਵਿਦਿਆਰਥਣਾਂ ਨੇ ਉਦਾਹਰਨਾਂ ਸਮੇਤ Verb ਦੀਆਂ ਕਿਸਮਾਂ ਆਪਣੇ ਵਲੋਂ ਮੌਕੇ ਉੱਤੇ ਬੋਰਡ ਉੱਤੇ ਹਰ ਵੰਨਗੀ ਦੇ ਕਈ-ਕਈ ਵਾਕ ਬਣਾ ਕੇ ਵਿਦਿਆਰਥੀਆਂ ਦੀ ਭਾਗੀਦਾਰੀ ਕਰਾਉਂਦਿਆਂ ਗਰਾਮਰ ਦਾ ਟੌਪਿਕ ਸਮਝਾ ਦਿੱਤਾ। ਸਕੱਤਰ ਸਾਹਿਬ ਜਮਾਤ ਤੋਂ ਬਾਹਰ ਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਬੱਚਿਆਂ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ। ਉਹ ਮੁੜ ਅੰਦਰ ਆ ਗਏ।
ਅੰਗਰੇਜ਼ੀ ਵਿੱਚ ਗੱਲਬਾਤ ਸੁ਼ਰੂ ਹੋ ਗਈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਉਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹਨ?... ਇੱਕ ਬੱਚੇ ਦਾ ਪ੍ਰਸ਼ਨ ਸੀ: ਉਹ ਸਕੂਲ ’ਚ ਕਿਵੇਂ ਮਹਿਸੂਸ ਕਰਦੇ ਹਨ? ਦੂਜੇ ਦਾ ਪ੍ਰਸ਼ਨ ਸੀ: ਉਹ ਉਹਨਾਂ ਦੀ ਜਮਾਤ ’ਚ ਕਿਵੇਂ ਮਹਿਸੂਸ ਕਰਦੇ ਹਨ? ਤੀਜੇ ਬੱਚੇ ਨੇ ਸੇਲਰੀ ਬਾਰੇ ਪੁੱਛ ਲਿਆ। ਕ੍ਰਿਸ਼ਨ ਕੁਮਾਰ ਜੀ ਨੇ ਮੁਸਕਰਾਉਂਦਿਆਂ ਸ਼ਬਦ Sufficient ਕਿਹਾ ਅਤੇ ਮੁਸਕਰਾਉਂਦੇ ਜਮਾਤ ਵਿੱਚੋਂ ਬਾਹਰ ਆ ਗਏ।
ਸੰਪਰਕ: 94176-52947