For the best experience, open
https://m.punjabitribuneonline.com
on your mobile browser.
Advertisement

ਪੰਜਗਰਾਈਆਂ ਵਿੱਚ ਸਰਪੰਚ ਪਹਿਲਾਂ ਜਿੱਤਿਆ, ਮਗਰੋਂ ਹਾਰਿਆ

08:32 AM Oct 17, 2024 IST
ਪੰਜਗਰਾਈਆਂ ਵਿੱਚ ਸਰਪੰਚ ਪਹਿਲਾਂ ਜਿੱਤਿਆ  ਮਗਰੋਂ ਹਾਰਿਆ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਉਮੀਦਵਾਰ ਜਸਪਾਲ ਕੌਰ ਅਤੇ ਉਮੀਦਵਾਰ ਪੰਚ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਅਕਤੂਬਰ
ਇੱਥੋਂ ਨੇੜਲੇ ਪਿੰਡ ਪੰਜਗਰਾਈਆਂ ਵਿੱਚ ਸਰਪੰਚ ਦੀ ਚੋਣ ਲੜ ਰਹੀ ਜਸਪਾਲ ਕੌਰ ਪਤਨੀ ਹਰਮੇਸ਼ ਸਿੰਘ ਅਤੇ ਉਸ ਦੇ ਨਾਲ ਪੰਚਾਇਤ ਮੈਂਬਰਾਂ ਨੇ ਚੋਣਾਂ ਦੌਰਾਨ ਪੋਲਿੰਗ ਬੂਥ ’ਤੇ ਤਾਇਨਾਤ ਸਟਾਫ਼ ’ਤੇ ਧਾਂਦਲੀ ਦਾ ਦੋਸ਼ ਲਗਾਉਂਦਿਆਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਇੱਥੇ ਜਸਪਾਲ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਸੀ ਅਤੇ ਬਾਅਦ ਦੁਪਹਿਰ ਕਰੀਬ 2 ਵਜੇ ਡਿਊਟੀ ’ਤੇ ਤਾਇਨਾਤ ਪੋਲਿੰਗ ਸਟਾਫ਼ ਦੀਆਂ ਦੋ ਮਹਿਲਾ ਮੁਲਾਜ਼ਮਾਂ ਵਿਰੋਧੀ ਉਮੀਦਵਾਰਾਂ ਦੇ ਘਰ ਗਈਆਂ ਅਤੇ ਅੱਧੇ ਘੰਟੇ ਬਾਅਦ ਵਾਪਸ ਆਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਦੋਵੇਂ ਕਰਮਚਾਰੀ ਆਪਣੇ ਨਾਲ ਬੈਲੇਟ ਪੇਪਰ ਨਾਲ ਲੈ ਕੇ ਗਈਆਂ। ਸ਼ਾਮ ਨੂੰ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕੁੱਲ ਪੋਲ ਵੋਟਾਂ ਦੀ ਗਿਣਤੀ 187 ਦੱਸੀ ਗਈ, ਜਿਸ ਵਿੱਚੋਂ ਜਸਪਾਲ ਕੌਰ ਦੇ ਹੱਕ ਵਿਚ 111 ਅਤੇ ਕੁਲਵਿੰਦਰ ਚੰਦ ਦੇ ਹੱਕ ਵਿਚ 76 ਵੋਟਾਂ ਦੱਸੀਆਂ ਗਈਆਂ, ਜਦਕਿ 4 ਵੋਟਾਂ ਰੱਦ ਦੱਸੀਆਂ ਗਈਆਂ। ਜਸਪਾਲ ਕੌਰ ਨੇ ਦੱਸਿਆ ਕਿ ਉਸ ਨੂੰ ਜੇਤੂ ਕਰਾਰ ਦਿੱਤਾ ਗਿਆ। ਜਸਪਾਲ ਕੌਰ ਨੇ ਦੋਸ਼ ਲਗਾਇਆ ਕਿ ਕੁਝ ਹੀ ਮਿੰਟਾਂ ਬਾਅਦ ਪੋਲਿੰਗ ਬੂਥ ਦੇ ਸਟਾਫ਼ ਨੂੰ ਫੋਨ ਆਇਆ ਕਿ ਸਰਪੰਚੀ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਹੋਵੇਗੀ। ਦੁਬਾਰਾ ਹੋਈ ਗਿਣਤੀ ’ਚ ਉਸ ਨੇ ਕੁਲਵਿੰਦਰ ਚੰਦ ਦੀਆਂ ਵੋਟਾਂ ਦੀ ਗਿਣਤੀ 94 ਦੱਸੀ ਅਤੇ ਜਸਪਾਲ ਕੌਰ ਦੀਆਂ ਵੋਟਾਂ ਦੀ ਗਿਣਤੀ 87 ਦੱਸੀ ਅਤੇ ਕੁਲਵਿੰਦਰ ਚੰਦ ਨੂੰ ਸਰਪੰਚ ਐਲਾਨ ਦਿੱਤਾ। ਜਸਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨਾਲ ਵੱਡੀ ਧੱਕੇਸ਼ਾਹੀ ਹੋਈ ਹੈ ਅਤੇ ਇਸ ਵਧੀਕੀ ਖਿਲਾਫ਼ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਹਨ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

Advertisement

ਪੰਚਾਇਤ ਮੈਂਬਰ ਦੀ ਵੋਟ ਗਿਣਤੀ ’ਚ ਵੀ ਘਪਲੇਬਾਜ਼ੀ ਦਾ ਦੋਸ਼਼

ਜਸਪਾਲ ਕੌਰ ਨੇ ਪੰਜਗਰਾਈਆਂ ਦੇ ਵਾਰਡ ਨੰ. 4 ਤੋਂ ਪੰਚਾਇਤ ਮੈਂਬਰ ਦੀ ਚੋਣ ਵਿੱਚ ਵੀ ਘਪਲੇਬਾਜ਼ੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਾਡੇ ਧੜੇ ਦੀ ਸ਼ੀਲਾ ਦੇਵੀ ਅਤੇ ਵਿਰੋਧੀ ਉਮੀਦਵਾਰ ਦੀਆਂ ਬਰਾਬਰ 13 ਵੋਟਾਂ ਨਿਕਲੀਆਂ ਪਰ ਸ਼ੀਲਾ ਦੇਵੀ ਦੀਆਂ 2 ਵੋਟਾਂ ਇਸ ਕਰਕੇ ਰੱਦ ਕਰ ਦਿੱਤੀਆਂ ਕਿਉਂਕਿ ਇਨ੍ਹਾਂ ਉੱਪਰ ਅੰਗੂਠੇ ਲੱਗੇ ਹੋਏ ਸਨ। ਇਸ ਤਰ੍ਹਾਂ ਵਾਰਡ ਨੰ. 3 ਤੋਂ ਵੀ ਰਾਮ ਜੀ ਦਾਸ ਪੰਚਾਇਤ ਮੈਂਬਰ ਨੂੰ ਵੀ ਧੱਕੇਸ਼ਾਹੀ ਕਰਦਿਆਂ 1 ਵੋਟ ਨਾਲ ਹਰਾ ਦਿੱਤਾ ਗਿਆ। ਸਰਪੰਚੀ ਦੀ ਚੋਣ ਲੜ ਰਹੀ ਜਸਪਾਲ ਕੌਰ ਨੇ ਕਿਹਾ ਕਿ ਵੋਟਿੰਗ ਦੌਰਾਨ ਵਿਰੋਧੀ ਧਿਰ ਨੇ ਜਾਅਲੀ ਵੋਟਾਂ ਵੀ ਪਾਈਆਂ ਜਿਸ ਬਾਰੇ ਉਨ੍ਹਾਂ ਰੌਲਾ ਵੀ ਪਾਇਆ ਪਰ ਪੋਲਿੰਗ ਬੂਥ ਸਟਾਫ਼ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ।

Advertisement

ਕਿਸੇ ਪਿੰਡ ਵਾਸੀ ਨੇ ਸ਼ਿਕਾਇਤ ਨਹੀਂ ਦਿੱਤੀ: ਯੋਗੇਸ਼ ਡੰਗ

ਸਹਾਇਕ ਚੋਣ ਅਧਿਕਾਰੀ ਯੋਗੇਸ਼ ਡੰਗ ਨੇ ਕਿਹਾ ਕਿ ਪੰਜਗਰਾਈਆਂ ਵਿੱਚ ਵੋਟਾਂ ਦੀ ਗਿਣਤੀ ’ਚ ਹੋਈ ਹੇਰਫੇਰ ਵਰਗਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਪਿੰਡ ਵਾਸੀ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਗਈ।

Advertisement
Author Image

joginder kumar

View all posts

Advertisement