ਰਾਮਪੁਰ ਮੰਡੇਰ ਦੀ ਪੰਚਾਇਤੀ ਚੋਣ ਦਾ ਮਾਮਲਾ ਭਖਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਕਤੂਬਰ
ਪੰਚਾਇਤੀ ਚੋਣਾਂ ਵਿੱਚ ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦੇ ਨਤੀਜਿਆਂ ਵਿੱਚ ਹੇਰ-ਫੇਰ ਦਾ ਮਾਮਲਾ ਭਖ਼ ਗਿਆ ਹੈ। ਇਸ ਸਬੰਧੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ਡੀਸੀ ਦਫ਼ਤਰ ਸਾਹਮਣੇ ਧਰਨਾ ਦੇਣ ਮਗਰੋਂ ਡੀਸੀ ਕੁਲਵੰਤ ਸਿੰਘ ਨੂੰ ਚੋਣਾਂ ’ਚ ਹੋਈ ਕਥਿਤ ਧਾਂਦਲੀ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ, ਜਿਨ੍ਹਾਂ ਕਾਂਗਰਸੀ ਆਗੂਆਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਮਾਮਲੇ ਸਬੰਧੀ ਬੁਢਲਾਡਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਡਾ. ਰਣਬੀਰ ਕੌਰ ਮੀਆਂ ਦੀ ਅਗਵਾਈ ਹੇਠ ਪਿੰਡ ਰਾਮਪੁਰ ਮੰਡੇਰ ਦਾ ਇਕੱਠ ਡੀਸੀ ਕੋਲ ਸ਼ਿਕਾਇਤ ਲੈ ਕੇ ਪੁੱਜਿਆ, ਜਦੋਂ ਇਕੱਠ ਨੂੰ ਦਫ਼ਤਰ ਜਾਣ ਤੋਂ ਪੁਲੀਸ ਵੱਲੋਂ ਰੋਕਿਆ ਗਿਆ ਤਾਂ ਲੋਕਾਂ ਵਿੱਚ ਰੋਹ ਫੈਲ ਗਿਆ। ਇਕੱਠ ਵਿੱਚ ਬਲਕੌਰ ਸਿੰਘ ਸਿੱਧੂ ਵੀ ਮੌਜੂਦ ਸਨ। ਲੋਕਾਂ ਦੇ ਗੁੱਸੇ ਮਗਰੋਂ ਪੁਲੀਸ ਵੱਲੋਂ ਬਲਕੌਰ ਸਿੰਘ ਸਿੱਧੂ ਸਣੇ ਡਾ. ਰਣਬੀਰ ਕੌਰ ਮੀਆਂ ਅਤੇ ਪਿੰਡ ਦੇ ਮੋਹਤਬਰਾਂ ਨੂੰ ਡੀਸੀ ਕੋਲ ਲਿਖਤੀ ਸ਼ਿਕਾਇਤ ਦੇਣ ਲਈ ਲਿਜਾਇਆ ਗਿਆ, ਜਦੋਂਕਿ ਬਾਕੀ ਲੋਕ ਗੇਟ ਦੇ ਬਾਹਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਬੁਢਲਾਡਾ ਦੀ ਮਹਿਲਾ ਕਾਂਗਰਸੀ ਆਗੂ ਡਾ.ਰਣਵੀਰ ਕੌਰ ਮੀਆਂ ਨੇ ਕਿਹਾ ਕਿ ਪਿੰਡ ਰਾਮਪੁਰ ਮੰਡੇਰ ਦੀ ਸਰਪੰਚੀ ਸੀਟ ਪਹਿਲਾਂ ਐੱਸਸੀ ਵਰਗ ਲਈ (ਰਿਜ਼ਰਵ) ਸੀ, ਜਿਸ ਨੂੰ ਪਹਿਲਾਂ ਤੋੜਿਆ ਗਿਆ। ਹੁਣ ਜਦੋਂ 15 ਅਕਤੂਬਰ ਨੂੰ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਤਾਂ ਦਲਜੀਤ ਕੌਰ ਨੂੰ ਕਹਿ ਦਿੱਤਾ ਗਿਆ ਕਿ ਉਹ ਜੇਤੂ ਹਨ ਅਤੇ ਉਨ੍ਹਾਂ ਦੇ ਜਾਣ ਮਗਰੋਂ ਕਿਸੇ ਹੋਰ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਡੀਸੀ ਨੂੰ ਲਿਖਤੀ ਪੱਤਰ ਸੌਂਪ ਕੇ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਗਈ ਹੈ। ਜੇ ਗਿਣਤੀ ਮੁੜ ਨਹੀਂ ਹੁੰਦੀ ਤਾਂ ਚੋਣ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ।